The Global Talk
Literary Archives News & Views Punjabi-Hindi

SAHIBZADEAN DE ANG-SANG: By GURBHAJAN GILL

ਸਾਹਿਬਜ਼ਾਦਿਆਂ ਦੇ ਅੰਗ ਸੰਗ –ਗੁਰਭਜਨ ਗਿੱਲ

Remembering martyrdom of Baba Fateh Singh and Baba Zorawar Singh, aged 7 and 9 yearsChhotte Sahibzadas (Younger Sons) of Sri Guru Gobind Singh in the December month’s biting chill (Poh da mahina) on 25-26 December, 1704 makes everyone dumb fold and struck with awe and anger wondering in disgust about the tyranny of then rulers.

The rulers had  in clandestine manner captured Sahibzadas and imprisoned them in the Thanda Burj (Cold Tower) at Sirhind .Baba Fateh Singh and Baba Zorawar Singh then were bricked alive by the tyrant Wazir Khan,thus a heinous and cold-blooded crime committed in the Sarzameen of Sirhind.

(The elder sons of Guru Ji Sahibzada Ajeet Singh Ji and Sahibzada Jujhar Singh Ji had already attained martyrdom fighting at Chamkaur a few days before)

Punjabi poet Gurbhajan Gill shares with us his sentiments remembering the martyrdom history. He invokes two tributeful songs written by ‘Kartar Singh Blaggan’ and sung by ‘Amarjit Gurdaspuri ‘for this solemn occasion.

Gurbhajan Gill befittingly also calls for sanity in all of us who are mislead due to political competitive upmanship posing and being the ones as the real heirs of the GURU and are forgetting the true intent and value of these sacrifices.

Here is what he says:

ਸਾਹਿਬਜ਼ਾਦਿਆਂ ਦੇ ਅੰਗ ਸੰਗ –ਗੁਰਭਜਨ ਗਿੱਲ

ਮੇਰੇ ਬਚਪਨ ਵੇਲੇ ਅੰਮ੍ਰਿਤਸਰ ਦੇ ਚੌਂਕ ਹੁਸੈਨਪੁਰਾ ਤੋਂ ਇੱਕ ਸਾਹਿੱਤਕ ਮੈਗਜ਼ੀਨ ਕਵਿਤਾ ਛਪਦਾ ਹੁੰਦਾ ਸੀ। ਪਾਠਕਾਂ ਚ ਬਹੁਤ ਹੀ ਹਰ ਮਨ ਪਿਆਰਾ ਸੀ।ਬਹੁਤੇ ਵੱਡੇ ਕਵੀ ਪਹਿਲੀ ਵਾਰ ਕਵਿਤਾ ਵਿੱਚ ਹੀ ਛਪੇ। ਸ਼ਿਵ ਕੁਮਾਰ, ਸ ਸ ਮੀਸ਼ਾ ਰਣਧੀਰ ਸਿੰਘ ਚੰਦ ਤੇ ਡਾ: ਜਗਤਾਰ ਵਰਗੇ। ਗੀਤਕਾਰ ਬਾਬੂ ਸਿੰਘ ਮਾਨ ਤੇ ਕਈ ਹੋਰ।

ਉਸ ਦੇ ਸੰਪਾਦਕ ਸ: ਕਰਤਾਰ ਸਿੰਘ ਬਲੱਗਣ ਸਨ। ਉੱਚ ਪਾਏ ਦੇ ਸਟੇਜੀ ਤੇ ਧਾਰਮਿਕ ਕਵੀ ਵਿਧਾਤਾ ਸਿੰਘ ਤੀਰ ਵਾਂਗ। ਦੋਵੇਂ ਸੱਜਣ ਵੀ ਸਨ। ਬਲੱਗਣ ਜੀ ਸਿਆਲਕੋਟੀਏ ਸਨ ਤੇ 1947 ਚ ਵੰਡ ਵੇਲੇ ਹੀ ਅੰਮ੍ਰਿਤਸਰ ਆਏ ਸਨ ਓਧਰੋਂ ਉੱਜੜ ਕੇ। ਉਨ੍ਹਾਂ ਦੇ ਦੋ ਗੀਤ ਸਿਰਫ਼ ਸੁਰਵੰਤੇ ਗਾਇਕ ਅਮਰਜੀਤ ਗੁਰਦਾਸਪੁਰੀ ਨੇ ਹੀ ਗਾਏ।

ਸਿੰਘਾ ਜੇ ਚੱਲਿਓਂ ਸਰਹਿੰਦ ਤੇ ਠੰਢੇ ਬੁਰਜ ਵਿੱਚ ਇਕ ਦਿਨ ਦਾਦੀ ਮਾਤਾ ਨਾਮੀ ਗੀਤ ਮੇਰੇ ਸਾਹੀਂ ਸਵਾਸੀਂ ਰਮੇ ਹੋਏ ਹਨ।

ਮੇਰੇ ਬਚਪਨ ਵੇਲੇ ਤੋਂ ਹੀ ਇਹ ਦੋਵੇਂ ਗੀਤ ਮੇਰੇ ਅੰਗ ਸੰਗ ਰਹੇ ਨੇ ਕਰਤਾਰ ਸਿੰਘ ਬਲੱਗਣ ਜੀ ਦੇ ਅਮਰ ਗੀਤ! ਪਰ ਇਨ੍ਹਾਂ ਨੂੰ ਅਮਰਜੀਤ ਗੁਰਦਾਸਪੁਰੀ ਤੋਂ ਬਿਨਾਂ ਮੈਂ ਕਿਸੇ ਦੇ ਕੰਠ ਤੋਂ ਨਹੀਂ ਸੁਣਿਆ। ਅਮਰਜੀਤ ਗੁਰਦਾਸਪੁਰੀ ਜੀ ਦੱਸਦੇ ਹਨ ਕਿ ਇੱਕ ਵਾਰ ਕਲਕੱਤਾ ਨੂੰ ਜਾਂਦਿਆਂ ਬਲੱਗਣ ਜੀ ਨੇ ਇਹ ਦੋਵੇਂ ਗੀਤ ਮੈਨੂੰ ਲਿਖ ਕੇ ਦਿੱਤੇ , ਜੋ ਮੈਂ ਸਾਰੀ ਉਮਰ ਗਾਏ ਹਨ। ਮੇਰੀ 85 ਸਾਲ ਤੋਂ ਵਧੇਰੇ ਉਮਰ ਹੋ ਜਾਣ ਕਰਕੇ ਇਹ ਗੀਤ ਹੁਣ ਨੌਜਵਾਨਾਂ ਨੂੰ ਗਾਉਂਣੇ ਚਾਹੀਦੇ ਨੇ ਬਲੱਗਣ ਜੀ ਦੀਆਂ ਇਹ ਦੋ ਅਮਰ ਰਚਨਾਵਾਂ ਬੜੀ ਕੋਸ਼ਿਸ਼ ਦੇ ਬਾਵਜੂਦ ਮੈਨੂੰ ਉਨ੍ਹਾਂ ਦੀ ਕਿਸੇ ਕਿਤਾਬ ਚੋਂ ਕਦੇ ਨਹੀਂ ਲੱਭੀਆਂ।

ਪੋਹ ਦੇ ਮਹੀਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮੌਕੇ ਹਰ ਵਾਰ ਮੈਂ ਇਨ੍ਹਾਂ ਦੋ ਗੀਤਾਂ ਦੇ ਅਕਸਰ ਰੂਬਰੂ ਹੁੰਦਾ ਹਾਂ। ਪਲ ਪਲ ਪਿਘਲਦਾ ਹਾਂ, ਖ਼ੁਰਦਾ ਹਾਂ, ਹਾਉਕੇ ਭਰਦਾ ਹਾਂ। ਫਿਰ ਜੁੜ ਜਾਂਦਾ ਹਾਂ ਸ਼ਹਾਦਤਾਂ ਦਾ ਜਲੌਅ ਵੇਖ ਕੇ।
ਇਤਿਹਾਸ ਦੇ ਨਾਲ ਨਾਲ ਤੁਰਦਾ ਹਾਂ। ਸਰਹਿੰਦ ਦੀ ਖ਼ੂਨੀ ਦੀਵਾਰ ਹਰ ਸਾਲ ਅਨੇਕ ਸਵਾਲ ਕਰਦੀ ਹੈ, ਕਦੇ ਠੰਢਾ ਬੁਰਜ ਪੁੱਛਦਾ ਹੈ? ਮੇਰੇ ਹੀ ਵੈਰੀ ਹੋ ਗਏ, ਮੇਰੇ ਜਾਏ।
ਮਕਰਾਨੇ ਦੇ ਪੱਥਰਾਂ ਹੇਠ ਸਹਿਕ ਰਿਹਾ ਇਤਿਹਾਸ! ਨੰਗੀ ਅੱਖ ਨੂੰ ਸੋਹਣਾ ਲੱਗਣ ਵਾਲਾ ਸਿਰਜ ਰਹੇ ਹਾਂ, ਤੀਸਰੇ ਨੇਤਰ ਨੂੰ ਦੱਸਣ ਵਾਲਾ ਸਿਧਾਂਤ ਤੇ ਇਤਿਹਾਸ ਸਾਡੀ ਚੇਤਨਾ ਦਾ ਹਿੱਸਾ ਕਿਉਂ ਨਹੀਂ ਬਣਦਾ?

ਅਸੀਂ ਸਰਹਿੰਦ ਦੀ ਸ਼ੋਕ ਸਭਾ ਨੂੰ ਪਹਿਲਾਂ ਸਭਾ ਵਿੱਚ ਤਬਦੀਲ ਕੀਤਾ, ਫਿਰ ਹੌਲੀ ਹੌਲੀ ਜੋੜ ਮੇਲੇ ਵਿੱਚ ਤੇ ਅੰਤ ਮੇਲੇ ਵਿੱਚ ! ਮੇਲੇ ‘ਚ ਕੀ ਕੁਝ ਹੁੰਦਾ ਹੈ, ਮੈਂ ਨਹੀਂ ਦੱਸਾਂਗਾ, ਤੁਸੀਂ ਵੀ ਭੇਤੀ ਹੋ। ਸ਼ੁਕਰ ਹੈ ਹੁਣ 2004 ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਕੁਝ ਪ੍ਰਸ਼ਾਸਕੀ ਸੁਧਾਰਾਂ ਕਾਰਨ ਪਹਿਲਾਂ ਨਾਲੋਂ ਕੁਰੀਤੀਆਂ ਘਟੀਆਂ ਹਨ। ਸਿਆਸੀ ਸੱਤਾ ਦੇ ਅਭਿਲਾਸ਼ੀ ਸਿਆਸਤਦਾਨ ਆਸਥਾ ਦੀ ਧਰਤੀ ਸਰਹਿੰਦ ਤੇ ਆਉਂਦੇ ਨੇ। ਆਪੋ ਆਪਣੇ ਏਜੰਡੇ ਮੁਬਾਰਕ ਨਾਅਰੇ ਤੇ ਲਾਰੇ ਵੇਚਦੇ ਨੇ। ਧਰਤੀ ਪੁੱਤਰ ਬਣ ਬਣ ਵਿਖਾਉਂਦੇ ਹਨ ਧਰਮ ਦਾ ਇਕ ਬੋਲ ਨਹੀਂ। ਸਿਰਫ਼ ਮਿਹਣੇ। ਚਲੋ ਆਪਣੀ ਬੇਵਸੀ ਨੂੰ ਭਾਣਾ ਕਹੀਏ ਤੇ ਮੰਨੀਏ।

ਅਮਰਜੀਤ ਗੁਰਦਾਸਪੁਰੀ ਦੇ ਮੂੰਹੋਂ ਜੋ ਬੋਲ ਸੁਣੇ, ਦੁਬਾਰਾ ਇਹ ਬੋਲ ਕਾਗ਼ਜ਼ ਤੇ ਉਤਾਰਦਿਆਂ ਅੱਥਰੂ ਅੱਥਰੂ ਹਾਂ। ਲਿਖਣ ਵਾਲੇ ਕਰਤਾਰ ਸਿੰਘ ਬਲੱਗਣ ਦਾ ਲਿਖਣ ਵੇਲੇ ਕੀ ਹਾਲ ਹੋਇਆ ਹੋਵੇਗਾ ?

ਗਾਉਣ ਵਾਲੇ ਅਮਰਜੀਤ ਗੁਰਦਾਸਪੁਰੀ ਨੂੰ ਪੂਰਾ ਨੁੱਚੜ ਕੇ ਗਾਉਂਦਾ ਵੇਖਿਆ ਹੈ ਪਿਛਲੇ ਕਈ ਵਰ੍ਹਿਆ ਤੋਂ। ਅੱਧੀ ਸਦੀ ਇਤਿਹਾਸ ਦੇ ਮੈਂ ਵੀ ਨਾਲ ਨਾਲ ਤੁਰਿਆ ਹਾਂ।

ਇਹ ਦੋਵੇਂ ਗੀਤ ਮੈਂ ਜਿਸ ਨੂੰ ਵੀ ਸੁਣਾਏ, ਉਹ ਹੀ ਅਸਰ ਅੰਦਾਜ਼ ਹੋਇਆ।
ਸਭ ਕਹਿੰਦੇ ਹਨ, ਮੈਂ ਪੂਰੇ ਵਿਸ਼ਵ ਨੂੰ ਸੁਣਾਵਾਂਗਾ। ਇਤਿਹਾਸ ਦੇ ਅਮਰ ਪੰਨੇ।
ਕਰਤਾਰ ਸਿੰਘ ਬਲੱਗਣ ਜੀ ਦੇ ਭਾਵਨਾ ‘ਚ ਲਬਰੇਜ਼ ਇਹ ਗੀਤ ਤੁਸੀਂ ਵੀ ਪੜ੍ਹੋ ਤੇ ਪੜ੍ਹਾਉ।
                                                                                          —–ਗੁਰਭਜਨ ਗਿੱਲ

1.
ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ

ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ,
ਪਈ ਹੱਸ ਹੱਸ ਬੱਚਿਆਂ ਨੂੰ ਤੋਰੇ ।
ਨਾਲੇ ਦੇਵੇ ਪਈ ਤਸੱਲੀਆਂ, ਮਾਸੂਮਾਂ ਨੂੰ, ਜਿੰਦੇ ਨੀ
ਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ ।

ਮੂੰਹੋਂ ਆਖੇ ਮੇਰੇ ਫੁੱਲੋ ਵੇ ਤੁਹਾਨੂੰ,
ਤੱਤੀ ਵਾਅ ਪੱਤਝੜ ਦੀ ਨਾ ਲੱਗੇ ।
ਨਾਲੇ ਚੁੰਮ ਚੁੰਮ ਮੂੰਹ ਮੀਟੇ ਕਲੀਆਂ ਦੇ
ਲਾਵੇ ਮੌਤ ਮਰ ਜਾਣੀ ਦੇ ਪਈ ਅੱਗੇ ।

ਆਖੇ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਓ,
ਪੰਧ ਬਿਖੜੇ ‘ਚ ਨਹੀਂ ਜੇ ਘਬਰਾਣਾ ।
ਮਿਲਦਾ ਸਮਾਂ ਨਹੀਂ ਜੇ ਲੱਖੀਂ ਤੇ ਕਰੋੜੀਂ,
ਹੱਥ ਆਇਆ ਹੈ ਤੇ ਇਹਨੂੰ ਨਹੀਂ ਗਵਾਣਾ ।

ਮੇਰੇ ਸੋਹਣੇ ਦਸਮੇਸ਼ ਦਿਓ ਹੀਰਿਓ,
ਮੁੱਲ ਤੇਗਾਂ ਉੱਤੇ ਆਪਣਾ ਪਵਾਣਾ ।
ਚਿੱਟੀ ਉੱਜਲੀ ਹੈ ਪੱਗ ਤੁਹਾਡੇ ਬਾਬੇ ਦੀ,
ਮੇਰੇ ਬੱਚਿਓ ਨਾ ਦਾਗ ਕਿਧਰੇ ਲਾਣਾ ।

ਜੇ ਕੋਈ ਮਾਰੇ ਮੌਤ ਚੰਦਰੀ ਦਾ ਦਾਬਾ,
ਉਹਨੂੰ ਕਹਿਣਾ ਇਹ ਤਾਂ ਸਾਡੇ ਘਰ ਦੀ ਗੋਲੀ ।
ਅਸਾਂ ਬੰਨ੍ਹ ਕੇ ਸ਼ਹੀਦੀਆਂ ਦੇ ਗਾਨੇ,
ਏਸੇ ਮੌਤ ਦੀ ਲਿਆਉਣੀ ਅੱਜ ਡੋਲੀ ।

ਜੇ ਕੋਈ ਫਾਂਸੀ ਵਾਲਾ ਡਰ ਭੈੜਾ ਦੱਸੇ,
ਉਹਨੂੰ ਕਹਿਣਾ ਇਹ ਜ਼ਿੰਦਗੀ ਦੀ ਬੂਟੀ ।
ਇਹ ਪੀਂਘ ਮਨਸੂਰਾਂ ਦੀ ਪੁਰਾਣੀ,
ਸਾਡੇ ਵੱਡਿਆਂ ਨੇ ਲੱਖਾਂ ਵਾਰੀ ਝੂਟੀ ।

2.
ਸਿੰਘਾ ਜੇ ਚੱਲਿਆ ਚਮਕੌਰ

ਸਿੰਘਾ ਜੇ ਚੱਲਿਆ ਚਮਕੌਰ ।
ਓਥੇ ਸੁੱਤੇ ਨੀ ਦੋ ਭੌਰ ।
ਧਰਤੀ ਚੁੰਮੀਂ ਕਰਕੇ ਗੌਰ ।
ਤੇਰੀ ਜਿੰਦੜੀ ਜਾਊ ਸੌਰ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ ‘ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।

ਸਿੰਘਾ ਜੇ ਚੱਲਿਆ ਸਰਹੰਦ ।
ਓਥੇ ਉੱਸਰੀ ਖ਼ੂਨੀ ਕੰਧ ।
ਜਿਸ ਵਿਚ ਲੇਟੇ ਨੀ ਦੋ ਚੰਦ ।
ਕਲਗੀਵਾਲੇ ਦੇ ਨੇ ਫਰਜ਼ੰਦ ।
ਦਰਸ਼ਨ ਪਾ ਕੇ ਹੋਈਂ ਅਨੰਦ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ ‘ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।

ਸਿੰਘਾ ਚੱਲਿਆਂ ਅਨੰਦਪੁਰ ਸ਼ਹਿਰ ।
ਓਥੇ ਵਗਦੀ ਊ ਸਰਸਾ ਨਹਿਰ ।
ਆਖੀਂ ਪੈ ਜੇ ਤੈਨੂੰ ਕਹਿਰ ।
ਤੇਰੇ ਪਾਣੀ ਦੇ ਵਿਚ ਜ਼ਹਿਰ ।
ਕੀਤਾ ਨਾਲ ਗੁਰਾਂ ਦੇ ਵੈਰ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ ‘ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ ।

ਸਿੰਘਾ ਚੱਲਿਆਂ ਮਾਛੀਵਾੜੇ ।
ਓਥੇ ਆਖੀਂ ਕਰ ਕਰ ਹਾੜੇ ।
ਤੇਰੇ ਫੁੱਟ ਨੇ ਬਾਗ ਉਜਾੜੇ ।
ਤੇਰੇ ਬਾਝ ਨਾ ਮੁਕਣ ਪੁਆੜੇ ।
ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ ।
ਦੇਸ਼ ‘ਚੋਂ ਕੱਢੀਆਂ ਨ੍ਹੇਰੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪਰਭਾਤਾਂ
🔵                                                               ———-++++++++++———-

Gurbhajan Gill’s video/facebook interaction can also be accessed at :

Babushahi,(Yesterday at 18:00 ) ਚਾਰ ਸਾਹਿਬਜ਼ਾਦੇ: ਇਤਿਹਾਸ ਬੋਲਦਾ ਹੈ। Chaar Sahibzaade: Itihas Bolda Hai | Babushahi Times –#ChaarSahibzaade #ProfGurbhajanGill #GuruGobindSinghJI #MataGujri #Martyrdom #shaheediDiwas #SakaSirhin

https://www.facebook.com/watch/?v=147632197127840

(Thanks to Babushahi.com )

 

1 comment

Ashwani Kumar Malhotra December 27, 2020 at 3:28 am

Gurbhajan Gill has paid a befitting tribute to the supreme sacrifices.

Reply

Leave a Comment