ALMIGHTY DESTINED MEETINGS ( SOI PYARE MELE)-GURBHAJAN GILL.ਸੇਈ ਪਿਆਰੇ ਮੇਲ- ਗੁਰਭਜਨ ਗਿੱਲ
ਕੱਲ੍ਹ ਸਵੇਰ ਤੋਂ ਹੀ ਲੋਹੜੀ ਤੇ ਮਾਘੀ ਦੀ ਮੁਬਾਰਕ ਦੇ ਸੰਦੇਸ਼ ਆ ਰਹੇ ਸਨ।
ਮਨ ਜਵਾਬ ਨਹੀਂ ਸੀ ਦੇ ਰਿਹਾ। ਮੁੜ ਮੁੜ ਮਿੱਤਰ ਪਿਆਰੇ ਦੇ ਉਹ ਕਿਰਤੀ ਕਾਮੇ ਚੇਤੇ ਆ ਰਹੇ ਸਨ ਜੋ ਆਪਣੀ ਕਿਰਤ ਤੇ ਕਿਰਤ ਭੂਮੀ ਲੁੱਟਣੋਂ ਬਚਾਉਣ ਲਈ ਪਿਛਲੇ ਚਾਰ ਮਹੀਨੇ ਤੋਂ ਸ਼ਾਂਤਮਈ ਅੰਦਾਜ਼ ਨਾਲ ਸੰਘਰਸ਼ ਕਰ ਕਹੇ ਹਨ।
ਲਗ ਪਗ ਪੰਜਾਹ ਦਿਨਾਂ ਤੋਂ ਖੇੜਿਆਂ ਦੇ ਬੂਹੇ ਬੈਠੇ ਯਾਰੜੇ ਦੇ ਸੱਥਰ ਤੇ ਕਕਰੀਲੀਆਂ ਰਾਤਾਂ ਗੁਜ਼ਾਰ ਰਹੇ ਨੇ।
ਦੁਪਹਿਰੇ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਫ਼ੋਨ ਆਇਆ।
ਘਰ ਹੀ ਹੋ? ਮੈਂ ਮਿਲਣ ਆ ਰਿਹਾਂ। ਨਾਲ ਦੋ ਮਿੱਤਰ ਪਿਆਰੇ ਹੋਰ ਨੇ।
ਮੇਰੀ ਖ਼ੁਸ਼ੀ ਦਾ ਪਾਰਾਵਾਰ ਨਹੀਂ ਸੀ। ਉਡੀਕ ਦੇ ਕੁਝ ਪਲ ਵੀ ਭਾਰੇ ਪੈ ਰਹੇ ਸਨ।
ਮੈਂ ਕਿਹਾ ਜਲਦੀ ਆ ਜਾਉ, ਗੰਨੇ ਦੀ ਰਹੁ ਕਢਵਾਈ ਹੈ, ਆ ਜਾਉ, ਪੀਂਦੇ ਹਾਂ।
ਉਹ ਆਏ ਤਾਂ ਖੁਸ਼ੀ ਚਾਰ ਗੁਣਾ ਹੋ ਗਈ। ਉਨ੍ਹਾਂ ਦੇ ਅੰਗ ਸੰਗ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਤੇ ਫਾਰਸੀ ‘ ਚ ਉਚੇਰੀ ਸਿੱਖਿਆ ਗ੍ਰਹਿਣ ਕਰਨ ਵਾਲੇ ਨੌਜਵਾਨ ਵਿਦਵਾਨ ਗੁਰਵਿੰਦਰ ਸਿੰਘ ਵੀ ਸਨ।
ਘਰੇਲੂ ਮਾਹੌਲ ‘ਚ ਬੈਠਿਆਂ ਬਹੁਤ ਗੱਲਾਂ ਹੋਈਆਂ। ਭਾਈ ਹਰਜਿੰਦਰ ਸਿੰਘ ਨਾਲ ਬਿਤਾਏ ਪਿਛਲੇ 35 ਸਾਲਾਂ ਦੇ ਸਫ਼ਰ ਦੀਆਂ ਪੈੜਾਂ ਮੁੜ ਗਾਹੀਆਂ। ਨਿੱਕੇ ਨਿੱਕੇ ਚਾਅ ਸਾਂਝੇ ਕੀਤੇ। 1985 ਵਿੱਚ ਪਹਿਲੀ ਵਾਰ ਉਦੋਂ ਮਿਲੇ ਸਾਂ ਜਦ ਮੇਰਾ ਪੁੱਤਰ ਪੁਨੀਤਪਾਲ ਹਾਲੇ ਪੰਜ ਸਾਲ ਦਾ ਸੀ। ਹੁਣ ਉਸ ਦੀ ਸਵਾ ਦੋ ਸਾਲ ਦੀ ਧੀ ਅਸੀਸ ਅਸੀਸਾਂ ਲੈ ਰਹੀ ਸੀ ਸਤਿ ਸ਼੍ਰੀ ਅਕਾਲ ਬੁਲਾ ਕੇ। ਮੇਰੀ ਜੀਵਨ ਸਾਥਣ ਜਸਵਿੰਦਰ ਤੇ ਪੁੱਤਰੀ ਰਵਨੀਤ ਵੀ ਸੰਗਤ ਮਾਣਦਿਆਂ ਸੇਵਾ ਚ ਲੱਗੀਆਂ ਰਹੀਆਂ।
ਪੁਰਾਣੇ ਸਿਆਲਕੋਟੀਏ ਅੰਦਾਜ਼ ਚ ਅਸਾਂ ਲੱਸੀ ਰਲ਼ਾ ਕੇ ਗੰਨੇ ਦਾ ਰਸ ਪੀਤਾ। ਹਰਜਿੰਦਰ ਸਿੰਘ ਪਰਹੇਜ਼ ਕਰ ਰਹੇ ਸਨ। ਬੀਮਾਰ ਹੋ ਗਏ ਸਨ ਇਸ ਕਰਕੇ। ਹੁਣ ਨੌ ਬਰ ਨੌ ਹਨ। ਪਰ ਅਲਸੀ ਦੀਆਂ ਪਿੰਨੀਆਂ ਵੇਲੇ ਫਿਰ ਟਲ਼ ਗਏ। ਨੁੱਕਰ ਭੋਰ ਕੇ ਹੀ ਮੂੰਹ ਸੁੱਚਾ ਕੀਤਾ। ਕਹਿਣ ਲੱਗੇ ਪੱਲੇ ਬੰਨ੍ਹ ਦਿਉ। ਸਾਰੇ ਜੀਅ ਖਾਵਾਂਗੇ।
ਗਿਆਨੀ ਪਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਜੀ ਨਾਲ ਮਸ਼ਵਰਾ ਕਰ ਰਹੇ ਸਾਂ ਕਿ ਜ਼ਫ਼ਰਨਾਮਾ ਤੇ ਕੁਝ ਹੋਰ ਫਾਰਸੀ ਮੂਲਕ ਬਾਣੀਆਂ ਰੀਕਾਰਡ ਕੀਤੀਆਂ ਜਾਣ। ਸ਼ੁੱਧ ਸਰੂਪ ਲਈ ਫਾਰਸੀ ਵਿਦਵਾਨਾਂ ਦੀ ਨਾਲੋ ਨਾਲ ਮਦਦ ਲਈ ਜਾਵੇ, ਸ਼ੁੱਧ ਉੱਚਾਰਣ ਲਈ। ਮੈਨੂੰ ਚੰਗਾ ਲੱਗਿਆ ਦੋਹਾਂ ਸੱਜਣਾਂ ਦੀ ਸਿਰਜਣਾਤਮਕ ਸੋਚ ਤੇ ਸੰਗਤ ਲਈ।
ਦੋਵੇਂ ਹਰ ਵੇਲੇ ਕੁਝ ਨਾ ਕੁਝ ਨਵਾਂ ਪੜ੍ਹਦੇ ਰਹਿੰਦੇ ਹਨ। ਨੌਜਵਾਨਾਂ ਨੂੰ ਸ਼ਬਦ ਸਾਧਨਾ ਤੇ ਸਾਹਿੱਤ ਸੂਝ ਨਾਲ ਜੋੜਦੇ ਹਨ। ਕਦੇ ਕਦੇ ਮੇਰਾ ਹੁੰਗਾਰਾ ਭਰਵਾ ਲੈਂਦੇ ਨੇ। ਅੰਦਰੋ ਅੰਦਰ ਚੰਗਾ ਲੱਗਦਾ ਹੈ। ਕਦੇ ਹਰਜਿੰਦਰ ਸਿੰਘ ਤੇ ਮਨਿੰਦਰ ਸਿੰਘ ਨੇ ਇਸੇ ਘਰ ਚ ਬਹਿ ਕੇ ਬਾਬਰਵਾਣੀ ਰੀਕਾਰਡ ਕਰਨ ਦੀ ਸਲਾਹ ਕੀਤੀ ਸੀ।
ਚਸ਼ਮ ਏ ਬਦ ਦੂਰ। ਗੁਰਵਿੰਦਰ ਸਿੰਘ ਜ਼ਫ਼ਰਨਾਮਾ ਤੇ ਬਾਰੀਕੀ ਨਾਲ ਪੜ੍ਹਾਈ ਕਰ ਰਿਹਾ ਹੈ। ਮੈਂ ਉਸ ਨੂੰ ਤੋਹਫ਼ੇ ਵਜੋਂ ਜ਼ਫ਼ਰਨਾਮੇ ਦਾ ਸ: ਅਵਤਾਰ ਸਿੰਘ ਜੀ ਵੱਲੋਂ ਕੀਤਾ ਕਾਵਿ ਅਨੁਵਾਦ ਸੌਂਪਿਆ। ਇਹ 1945 ਦੇ ਨੇੜੇ ਤੇੜੇ ਭਾਪੇ ਦੀ ਹੱਟੀ ਅੰਮ੍ਰਿਤਸਰ ਵੱਲੋਂ ਛਾਪਿਆ ਗਿਆ ਸੀ। ਉਸ ਕੋਲ ਪਹਿਲਾਂ ਵੀ ਵੱਖ ਵੱਖ ਪ੍ਰਕਾਸ਼ਕਾਂ ਵੱਲੋਂ ਛਾਪੇ 20 ਤੋਂ ਵੱਧ ਜ਼ਫ਼ਰਨਾਮੇ ਹਨ।
ਅੱਜ ਮਾਘੀ ਹੈ। ਸੱਤ ਕੁ ਸਾਲ ਪਹਿਲਾਂ ਅੱਜ ਦੇ ਦਿਨ ਮੈਂ ਇਹ ਗ਼ਜ਼ਲ ਲਿਖੀ ਸੀ ਦੀਨਾ ਕਾਂਗੜ ਤੋਂ ਮੁਕਤਸਰ ਸਾਹਿਬ ਦੇ ਦਸਮੇਸ਼ ਮਾਰਗ ਨੂੰ ਚਿਤਵਦਿਆਂ। ਉਸ ‘ ਚ ਕੁਝ ਉਦਾਸੀ ਸੀ ਜੋ ਦਿੱਲੀ ਦੇ ਬੁਹੇ ਮੱਲੀ ਬੈਠੇ ਕਿਰਤੀ ਕਿਸਾਨ ਦਸਮੇਸ਼ ਪੁੱਤਰਾਂ ਨੇ ਧੋ ਦਿੱਤੀ ਹੈ। ਗਿਆਨੀ ਪਿੰਦਰਪਾਲ ਸਿੰਘ ਜੀ ਮੋਰਚੇ ਤੇ ਦੋ ਵਾਰ ਜਾ ਕੇ ਆਏ ਨੇ। ਇੱਕ ਵਾਰ ਭਾਸ਼ਨ ਤੇ ਦੂਜੀ ਵਾਰ ਸਵਾ ਘੰਟੇ ਦੀ ਕਥਾ ਕਰਕੇ ਆਏ ਨੇ। ਇਹੀ ਕਹਿ ਰਹੇ ਸਨ ਕੌਤਕ ਵਰਤ ਰਿਹਾ ਹੈ। ਤਬਦੀਲ ਪੰਜਾਬ ਵੇਖ ਸਕਦੇ ਹੋ ਓਥੇ ਜਾ ਕੇ। ਗੁਰੂ ਭਲੀ ਕਰੇ।
ਮੈਂ ਸੱਤ ਅੱਠ ਸਾਲ ਪਹਿਲਾਂ ਲਿਖੀ ਗ਼ਜ਼ਲ ਤੁਹਾਡੇ ਨਾਲ ਸਾਂਝੀ ਕਰ ਰਿਹਾਂ ਅੱਜ 2021 ਦੀ ਮਾਘੀ ਵਾਲੇ ਦਿਨ।
ਮਾਘੀ ਨਾਲ ਸਿਆਲੀ ਕਹਿਰ ਦਾ ਲੱਕ ਟੁੱਟ ਜਾਂਦਾ ਹੈ। ਠੰਢੇ ਬੁਰਜ ਦੇ ਮਾਲਕਾਂ ਦਾ ਹੰਕਾਰ ਵੀ ਟੁੱਟੇ , ਇਹੀ ਅਰਦਾਸ ਹੈ।
ਗ਼ਜ਼ਲ —ਗੁਰਭਜਨ ਗਿੱਲ
ਦੀਨਾ ਕਾਂਗੜ ਵਿਚ ਬਹਿ ਲਿਖਿਆ, ਕੀਹ ਐਸਾ ਪਰਵਾਨੇ ਤੇ।
ਔਰੰਗਜ਼ੇਬ ਤੜਫ਼ਿਆ ਪੜ੍ਹ ਕੇ, ਲੱਗਿਆ ਤੀਰ ਨਿਸ਼ਾਨੇ ਤੇ।
ਖਿਦਰਾਣੇ ਦੀ ਢਾਬ ਨੂੰ ਜਾਂਦਾ, ਮਾਰਗ ਅੱਜ ਕਿਉਂ ਖਾਲੀ ਹੈ,
ਪੁੱਤਰ ਧੀਆਂ ਪੜ੍ਹਦੇ ਕਿਉਂ ਨਹੀਂ, ਕੀਹ ਲਿਖਿਆ ਅਫ਼ਸਾਨੇ ਤੇ।
ਵੇਲ ਧਰਮ ਦੀ ਸੂਹੇ ਪੱਤੇ, ਸੁੱਕਦੇ ਜਾਂਦੇ ਬਿਰਖ਼ ਕਿਉਂ,
ਅਮਰ-ਵੇਲ ਕਿਉਂ ਚੜ੍ਹਦੀ ਜਾਂਦੀ, ਰੰਗ ਰੱਤੜੇ ਮਸਤਾਨੇ ਤੇ।
ਚਾਲੀ ਸਿੰਘ ਤੇ ਮੁਕਤੀ ਪਾ ਗਏ, ਬੇਦਾਵੇ ਤੇ ਲੀਕ ਫਿਰੀ,
ਰਣਭੂਮੀ ਵਿਚ ਜੋ ਨਾ ਪਹੁੰਚਾ, ਗੁਜ਼ਰੀ ਕੀਹ ਦੀਵਾਨੇ ਤੇ।
ਸ਼ਮ੍ਹਾਂਦਾਨ ਵਿਚ ਤੇਲ ਨਾ ਬੱਤੀ, ਚਾਰ ਚੁਫ਼ੇਰ ਹਨ੍ਹੇਰ ਜਿਹਾ,
ਲਾਟ ਗਵਾਚੀ ਵੇਖੀ ਜਦ ਉਸ ਬੀਤੀ ਕੀਹ ਪ੍ਰਵਾਨੇ ਤੇ।
ਆਪ ਅਜੇ ਜੋ ਕਦਮ ਨਾ ਤੁਰਿਆ, ਸਫ਼ਰ ਮੁਕਾਉਣਾ ਉਸ ਨੇ ਕੀਹ,
ਸ਼ੀਸ਼ ਵਿਚ ਨਾ ਚਿਹਰਾ ਵੇਖ, ਸ਼ਿਕਵਾ ਕਰ ਜ਼ਮਾਨੇ ਤੇ।
ਜ਼ੋਰਾਵਰ ਦਾ ਸੱਤੀਂ ਵੀਹੀਂ, ਸਿਰਫ਼ ਸੈਂਕੜਾ ਅੱਜ ਵੀ ਹੈ,
ਧਰਮ ਨਿਤਾਣਾ ਅੱਜ ਕਿਉਂ ਰੁਲਦਾ, ਵਿਕਦਾ ਆਨੇ ਆਨੇ ਤੇ।
S. Gurbhajan Singh Gill is an eminent Punjabi poet whose poetry,gazals,songs are sung and liked across the globe by not only Punjabi lovers but also others who read his translated creations in other languages.
Graduated from GGN Khalsa College, Ludhiana and he did his post graduation from SCD Govt. College, LUDHIANA.
BOTH THESE COLLEGES ALWAYS TAKE GREAT PRIDE IN THEIR ALUMNUS-GURBHAJAN GILL