The Global Talk
Bloggers Adda Diaspora Farms & Factories News & Views Punjabi-Hindi

NAILS–KULDEEP SINGH DEEP(DR.)

ਫੁੱਲੀ ਵਾਲੇ ਕਿੱਲ..

ਸੱਤਾ ਦੇ ਚਿਹਰੇ ਤੇ ਕਿੱਲਾਂ ਉੱਗ ਪਈਆਂ ਹਨ…ਮੇਰੇ ਮੱਥੇ ਤੇ ਮਾਛੀਵਾੜਾ ਉੱਗ ਪਿਆ ਹੈ..ਉਹਨਾਂ ਨੂੰ ਲਗਦਾ ਹੈ ਕਿ ਕਿਸਾਨ ਭੀਸਮ ਪਿਤਾਮਾ ਵਾਂਗ ਤੀਰਾਂ ਦੀ ਸੇਜ਼ ਤੇ ਦਮ ਤੋੜ ਦੇਵੇਗਾ…ਮੈਨੂੰ ਲਗਦਾ ਹੈ ਕਿ ਅੱਜੇ ਖਿਦਰਾਣਾ ਸਿਰਜਿਆ ਜਾਣਾ ਬਾਕੀ ਹੈ..ਕਿੰਨੇ ਮਹਾਂ ਸਿੰਘ ਭਾਗੋਆਂ ਦੇ ਚੂੜੀਆਂ ਪਹਿਨਾਉਣ ਤੋਂ ਪਹਿਲਾਂ ਹੀ ਵਾਪਿਸ ਪਰਤ ਆਏ ਹਨ..ਅਸਲ ਚ ਉਹ ਬੇਦਾਵਾ ਨਹੀਂ ਦੇ ਕੇ ਗਏ ਸਨ ਬਲਕਿ ਵਾਦਾ ਦੇ ਕੇ ਗਏ ਸਨ..ਕਿ ਅਸੀਂ ਇਉਂ ਗਏ ਤੇ ਇਉਂ ਆਏ…ਔਰੰਗੇ ਘੇਰਾਬੰਦੀਆਂ ਕਰ ਰਹੇ ਹਨ…ਬਿਜਲੀ ਪਾਣੀ ਕੱਟ ਰਹੇ ਹਨ, ਧਾੜਵੀ ਭੇਜ ਰਹੇ ਹਨ… ਤੇ ਨਾਲ ਕਹਿ ਰਹੇ ਹਨ : ਕਿ ਗੱਲਬਾਤ ਇਕ ਫੋਨ ਕਾਲ ਦੀ ਦੂਰੀ ਤੇ ਹੈ…ਕਿੱਲਾਂ, ਖਾਈਆਂ ਤੇ ਕੰਡਿਆਲੀਆਂ ਤਾਰਾਂ ਵਿਚ ਕਦੇ ਸੰਵਾਦ ਨਹੀਂ ਹੁੰਦਾ, ਜਾਂ ਦਹਿਸ਼ਤ ਹੁੰਦੀ ਹੈ ਜਾਂ ਮਾਤਮ ਹੁੰਦਾ ਹੈ ਜਾਂ ਬਗਾਵਤ ਹੁੰਦੀ ਹੈ…ਸੰਵਾਦ ਲਈ ਇਕ ਵਿਸ਼ਵਾਸ਼ਯੁਕਤ ਤੇ ਭੈਅ ਮੁਕਤ ਭਰੋਸੇ ਦੀ ਲੋੜ ਹੁੰਦੀ ਹੈ। ਪਰ ਹੁਣ ਤਾਂ ਬਿੱਲਾਂ ਤੋਂ ਬਾਅਦ ਕਿੱਲਾਂ ਨੇ ਹਰ ਦਿਲ ਵਲੂੰਧਰ ਦਿੱਤਾ ਹੈ। ਇਥੇ ਹੁਣ ਦੂਰ ਦੂਰ ਤੱਕ ਸੰਵਾਦ ਲਈ ਜ਼ਮੀਨ ਦਿਖਾਈ ਨਹੀਂ ਦਿੰਦੀ।

ਮੈਂ ਕੰਡਿਆਲੀ ਤਾਰ ਦੇ ਇਧਰ ਖੜ੍ਹਾ ਉੱਚੀ ਆਵਾਜ਼ ਮਾਰ ਕੇ ਕਹਿੰਦਾ ਹਾਂ : ਧਗੜਿਓ !’ ਨੋ ਮੈਨਜ਼ ਲੈਂਡ’ ਤਾਂ ਛੱਡ ਦਿੰਦੇ।

ਸਮਝ ਨਹੀਂ ਆਉਂਦੀ ਹੈ ਕਿ ਵਾੜ ਖੇਤਾਂ ਦੇ ਦੁਆਲਿਉਂ ਚੱਲ ਕੇ ਖੇਤਾਂ ਵਾਲਿਆਂ ਦੇ ਦੁਆਲੇ ਕਿਉਂ ਆ ਗਈ ਹੈ? ਦਿੱਲੀ ਆਪਣੇ ਆਪ ਨੂੰ ਕੈਦ ਕਰ ਰਹੀ ਹੈ ਕਿ ਆਪਣੇ ਹੀ ਬਾਰਡਰਾਂ ਦੇ ਬੈਠੇ ਕਿਸਾਨਾਂ ਨੂੰ..

ਉਹ ਸੋਚਦੇ ਨੇ ਕਿਸਾਨ ਦਿੱਲੀ ਨਾ ਉਲੰਘੇ, ਇਸ ਲਈ ਉਹਨਾਂ ਨੇ ਖਾਈਆਂ ਪੁੱਟ ਦਿੱਤੀਆਂ ਹਨ…ਸਰਹੱਦਾਂ ਉਸਾਰ ਦਿੱਤੀਆਂ ਹਨ..ਕਿੱਲਾਂ ਗੱਡ ਦਿੱਤੀਆਂ ਹਨ…

ਭੁੱਲ ਗਏ ਕਿ ਸਰਹੱਦਾਂ ਦੇਹਾਂ ਲਈ ਹੁੰਦੀਆਂ ਹਨ..ਜਾਗਦੀ ਜਮੀਰ ‘ਚੋਂ ਨਿਕਲੀਆਂ ਆਵਾਜ਼ਾਂ ਲਈ ਨਹੀਂ ਹੁੰਦੀਆਂ…ਹੂਕਾਂ, ਕੂਕਾਂ ਤੇ ਵੇਦਨਾਵਾਂ ਤਾਂ ਹਰ ਸਰਹੱਦ ਤੋਂ ਪਾਰ ਪਹੁੰਚ ਜਾਂਦੀਆਂ ਹਨ ਤੇ ਉਥੋਂ ਹਾਅ ਦੇ ਨਾਰ੍ਹੇ ਬਣ ਕੇ ਵਾਪਿਸ ਪਰਤਦੀਆਂ ਹਨ।

ਜੇ ਆਵਾਜ਼ਾਂ ਵੀ ਕਿੱਲਾਂ ਵਿਚ ਦਫ਼ਨ ਹੋ ਜਾਂਦੀਆਂ ਹਨ ਤਾਂ ਈਸਾ ਕਦੋਂ ਦਾ ਮਰ ਮੁੱਕ ਜਾਂਦਾ..ਪਰ ਸਲੀਬ ਤੇ ਲਟਕਦਾ ਈਸਾ ਤਾਂ ਸਾਡੀਆਂ ਹਿੱਕਾਂ ਵਿਚ ਧੜਕਦਾ ਹੈ…ਤੇ ਸਿੰਘੂ, ਟਿਕਰੀ ਤੇ ਗਾਜੀਪੁਰ ਦੀਆਂ ਸਲੀਬਾਂ ਤੇ ਲਟਕੇ ਕਿੰਨੇ ਹੀ ਈਸਾ ਮੁਸਕਰਾ ਰਹੇ ਹਨ, ਦਹਾੜ ਰਹੇ ਹਨ ਤੇ ਆਪਣੇ ਅੰਦਰ ਰੋਸ ਦੀ ਅੱਗ ਸਾਂਭੀ ਵੀ ਸ਼ਾਂਤੀਪੂਰਨ ਪ੍ਰੋਟੈਸਟ ਕਰ ਰਹੇ ਹਨ।

ਤੇ ਹੁਣ ਆਵਾਜ਼ਾਂ ਕਿੱਲਾਂ ਤੇ ਕੰਡਿਆਲੀਆਂ ਤਾਰਾਂ ਨਾਲ ਟਕਰਾ ਕੇ ਵਾਪਿਸ ਨਹੀਂ ਪਰਤ ਰਹੀਆਂ ਹਨ…ਪਿੰਡ-ਪਿੰਡ ਵਸਦੇ ਬਜ਼ਰੁਗਾ ਤੋਂ ਨਿੱਕੇ ਨਿਆਣਿਆਂ ਤੱਕ ਫੈਲ ਗਈਆਂ ਹਨ…ਥਾਂ ਥਾਂ ਹੁੰਦੀਆਂ ਮਹਾਂਪੰਚਾਇਤਾਂ ਤੱਕ ਫੈਲ ਗਈਆਂ ਹਨ…ਤੇ ਵਤਨਾਂ ਤੋਂ ਪਾਰ ਬਗਾਨੀਆਂ ਧਰਤੀਆਂ ਤੇ ਜੰਮੇ ‘ਆਪਣਿਆਂ’ ਤੱਕ ਵੀ ਪਹੁੰਚ ਗਈਆਂ ਹਨ…

ਗੋਦੀ ਮੀਡੀਆ ਦੇ ਲੱਖ ਚੀਕਣ ਦੇ ਬਾਵਜ਼ੂਦ ਬੀਬੀਸੀ, ਅਲਜਜੀਰਾ, ਸੀ ਐਨ ਐਨ ਵਰਗੇ ਚੈਨਲ ਉਹ ਸਾਰਾ ਕੁਝ ਦਿਖਾ ਰਹੇ ਹਨ, ਜੋ ਗੋਦੀ ਮੀਡਿਆ ਨੇ ਸੱਤਾ ਦੀ ਤਾਕਤ ਨਾਲ ਧਰਤੀ ਹੇਠ ਡੂੰਘਾ ਦੱਬਣ ਦੀ ਕੋਸ਼ਿਸ਼ ਕੀਤੀ ਸੀ।

ਸੀ ਐਨ ਐਨ (CNN) ਲੰਬਾ ਲੇਖ ਲਿਖ ਰਿਹਾ ਹੈ :

INDIA CUTS INTERNET AROUND NEW DELHI AS PROTESTING FARMERS CLASH WITH POLICE.

ਸੱਤਾ ਦੇ ਆਈ ਟੀ ਸੈਲ ਨੂੰ ਲਗਦਾ ਸੀ ਕਿ ਹੈਸ਼ਟੈਗ ਤੇ ਟਵੀਟ ਸਿਰਫ਼ ਸਾਡੇ ਲਈ ਹੀ ਹਨ..ਉਹ ਭੁੱਲ ਗਏ ਕੀ ਕਈ ਵਾਰ ਆਪਣੀ ਚਲਾਈ ਅਤਿਸ਼ਬਾਜ਼ੀ ਆਪਣੇ ਹੀ ਪੈਰਾਂ ਨੂੰ ਪੈ ਨਿਕਲਦੀ ਹੈ। ਉਹ ਇਹ ਵੀ ਭੁੱਲ ਗਏ ਸਨ ਕਿ ਤਕਨੀਕ ਦਾ ਘੋੜਾ ਬਹੁਤਾ ਅਥਰਾ ਹੈ… ਇਹ ਸਵਾਰ ਨੂੰ ਚਿੱਤ ਕਰਕੇ ਹੱਦਾਂ-ਸਰਹੱਦਾਂ ਤੋਂ ਪਾਰ ਮਿੰਟਾਂ ਸਕਿੰਟਾਂ ਵਿਚ ਪਹੁੰਚ ਜਾਂਦਾ ਹੈ…

ਸੀ ਐਨ ਐਨ ਦੇ ਇਸ ਆਰਟੀਕਲ ਤੇ ਆਵਾਜ਼ਾਂ ਦਾ ਹੜ੍ਹ ਆ ਗਿਆ…

ਰਿਹਾਨਾ ਕੂਕ ਰਹੀ ਹੈWHY AREN’T WE TALKING ABOUT THIS?! #FARMERSPROTEST

ਗਰੇਟਾ ਥਨਬਰਗ ਬੋਲ ਰਹੀ ਹੈ We stand in solidarity with the #Farmers Protest in India.

ਮਿਆਂ ਖਲੀਫ਼ਾ ਕਹਿ ਰਹੀ ਹੈ… I STAND WITH THE FARMERS. #FARMERSPROTEST

ਅਮਰੀਕੀ ਉਪਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਟਵੀਟ ਕਰ ਰਹੀ ਹੈ ਕਿ :

It’s No Coincidence That The World’s Oldest Democracy Was Attacked Not Even A Month Ago, And As We Speak, The Most Populous Democracy Is Under Assault. This Is Related. We ALL Should Be Outraged By India’s Internet Shutdowns And Paramilitary Violence Against Farmer Protesters.

ਇਸ ਤੋਂ ਬਾਅਦ Jamie Margolin, Claudia Webbe, Licypriya, Elizabeth Wathuti, Jerome Foster ਤੇ ਪਤਾ ਨਹੀਂ ਹੋਰ ਕਿੰਨੀਆਂ ਜਾਗਦੀਆਂ ਜ਼ਮੀਰਾਂ ਨੇ ਟਵੀਟਾਂ ਤੇ ਰੀਟਵੀਟਾਂ ਦੀ ਹਨੇਰੀ ਲਿਆ ਦਿੱਤੀ..

ਸੱਤਾ ਤਿਲਮਿਲਾ ਰਹੀ ਹੈ..

ਜਿਸ ਦੇ ਛੱਕੇ ਤੇ ਪਿੰਡਾਂ ਦੀਆਂ ਗਲੀਆਂ ਵਿਚ ਚਾਰ ਇੱਟਾਂ ਖੜੀਆਂ ਕਰ ਵਿਕਟਾਂ ਬਣਾ ਕੇ ਖੇਡਣ ਵਾਲੇ ਕਿਰਤੀ ਕਿਸਾਨਾਂ ਦੇ ਨਿਆਣੇ ਵੀ ਭੰਗੜਾ ਪਾਉਂਦੇ ਸਨ. ਉਹ ਸਚਿਨ ਸੱਤਾ ਦੀ ਬੋਲੀ ਬੋਲਦਾ ਭੁੱਲ ਗਿਆ ਹੈ..ਕਿ ਹਰ ਵਾਰ ਛੱਕੇ ਮਾਰਨ ਦਾ ਅਧਿਕਾਰ ਉਸ ਕੋਲ ਹੀ ਨਹੀਂ ਹੈ…ਸੱਤਾ ਦੀ ਪਿੱਚ ਕਿੰਨੀ ਵੀ ਖ਼ਤਰਨਾਕ ਹੋਵੇ, ਖੇਡ ਤਾਂ ਖਿਡਾਰੀ ਨੇ ਹੀ ਖੇਡਣੀ ਹੁੰਦੀ ਹੈ ਤੇ ਦੇਖੋ ਸਿਰਫ਼ ਛੱਕੇ ਨਹੀ,  ਸੱਤੇ, ਅੱਠੇ ਤੇ ਪਤਾ ਨਹੀਂ ਕੀ ਕੀ ਹੋਰ ਵੱਜ ਰਹੇ ਹਨ ਤੇ ਗੇਂਦ ਕੰਡਿਆਲੀ ਤਾਰ ਲੱਗਣ ਦੇ ਬਾਵਜ਼ੂਦ ਬਾਉਂਡਰੀ ਤੋਂ ਪਾਰ ਚਲੀ ਗਈ ਹੈ…ਹੁਣ ਤਾਂ ਬਸ ਸੱਤਾ ਦੇ ਆਉਟ ਹੋਣ ਦੀ ਵਾਰੀ ਹੈ…

ਕੰਗਣਾ ਨੂੰ ਫੇਰ ਇਕ ਵਾਰ ਦੇਸ਼ਭਗਤੀ ਦਾ ਦੌਰਾ ਪਿਆ ਹੈ…ਉਹ ਫੇਰ ਬਕੜਵਾਹ ਕਰ ਰਹੀ ਹੈ…ਉਹੀ ਘਿਸਿਆ ਪਿਟਿਆ ਰਾਗ…ਅਖੇ ਮਹਿੰਦਰ ਕੌਰ ਨੇ ਪੈਸੇ ਲੈ ਕੇ ਫੋਟੋ ਖਿਚਵਾਈ ਹੈ..ਅਕੇ ਹੁਣ ਰਿਹਾਨਾ ਨੇ ਪੈਸੇ ਲੈ ਕੇ ਟਵੀਟ ਕੀਤਾ ਹੈ…ਗਰੇਟਾ ਨੇ ਵੀ ਪੈਸੇ ਲੈ ਕੇ ਹਾਅ ਦਾ ਨਾਰ੍ਹਾ ਮਾਰਿਆ ਹੈ…

ਦਰਅਸਲ ਬੰਦਾ ਉਹੀ ਕੁਝ ਬੋਲਦਾ ਹੈ..ਜੋ ਉਸ ਦੇ ਅੰਦਰ ਹੁੰਦਾ ਹੈ…ਸਪਾਂਸਰਡ ਦੇਸ਼ ਭਗਤੀ ਵਾਲੇ ਸਿਰਫ਼ ਇਲਜ਼ਾਮ ਹੀ ਲਾ ਸਕਦੇ ਹਨ, ਚੰਗੇ ਮਾੜੇ ਦੀ ਪਰਖ ਨਹੀਂ ਕਰ ਸਕਦੇ…ਮਰੀ ਜ਼ਮੀਰ ਦਾ ਸਿਰਹਾਣਾ ਲਾ ਕੇ ਸੌਣ ਵਾਲੇ ਚਾਹੇ ਸੈਂਕੜੇ ਸਾਲ ਵੀ ਜਿਉਂਦੇ ਰਹਿਣ, ਜਿਉਂਦੇ ਨਹੀਂ ਹੁੰਦੇ।

ਕਹੋ ਹੁਣ ਰਿਹਾਨਾ ਨੂੰ ਅੱਤਵਾਦੀ…ਗਰੇਟਾ ਥਨਬਵਰਗ ਨੂੰ ਦੰਗਈ…ਮੀਆਂ  ਨੂੰ ਉਪੱਦਰਵੀ…ਹੈਰਿਸ ਨੂੰ ਦਲਾਲ…

ਕੱਲ੍ਹ ਨੂੰ ਹੋਰ ਵੀ ਉੱਠਣਗੇ…ਫਤਵਿਆਂ ਵਾਲੇ ਗੀਝੇ ਛੋਟੇ ਰਹਿ ਜਾਣਗੇ…ਜਾਗਦੀਆਂ ਜਮੀਰਾਂ ਦੀ ਆਵਾਜ਼ਾਂ ਨਾਲ ਅਸਮਾਨ ਗੂੰਜੇਗਾ..

ਭਲਾ ਸਰਫਰੋਸ ਵੀ ਕਦੇ ਮੁੱਕੇ ਹਨ.? ਉਹ ਹਰ ਵਾਰ ਨਾਂ ਬਦਲਕੇ ਦੁਸ਼ਮਣ ਦੇ ਬਾਜੂਆਂ ਦੀ ਤਾਕਤ ਅਜਮਾਉਣ ਲਈ ਧਰਤੀਆਂ ਵਿੱਚੋਂ ਉੱਗ ਪੈਂਦੇ ਹਨ।

ਟਿਕੈਤ ਨੇ ਅਸਵਮੇਧ ਜੱਗ ਦਾ ਘੋੜਾ ਛੱਡ ਦਿੱਤਾ ਹੈ.. ਗਾਜੀਪੁਰ ਤੋਂ ਮੁਜੱਫਰਨਗਰ ਤੱਕ,..ਮੁਜੱਫਰਨਗਰ ਤੋਂ ਬਾਗਪਤ ਤੱਕ…ਬਾਗਪੱਤ ਤੋਂ ਜੀਂਦ ਤਕ… ਘੋੜਾ ਦੌੜਦਾ ਹੀ ਜਾ ਰਿਹਾ ਹੈ…

ਜਦ ਸਿਰ ‘ਚੋਂ ਨੁਚੜਦਾ ਲਹੂ ਆਪਣੇ ਹੀ ਬੁਲ੍ਹਾਂ ਤੱਕ ਪਹੁੰਚਦਾ ਹੈ ਤੇ ਬੰਦਾ ਆਪਣੇ ਲਹੂ ਦਾ ਸਵਾਦ ਚਖਦਾ ਹੋਇਆ ਵੀ ਮੁਸਕਰਾ ਪੈਂਦਾ ਹੈ ਤਾਂ ਪਾਸ਼ ਦੇ ਬੋਲ ਚੇਤੇ ਆਉਂਦੇ ਹਨ:

ਤੁਸੀਂ ਲੋਹੇ ਦੀ ਗੱਲ ਕਰਦੇ ਹੋ

ਮੈਂ ਲੋਹਾ ਖਾਧਾ ਹੈ..

ਅਜਿਹੇ ਹਾਲਾਤਾਂ ਵਿਚ ਸੱਤਾ ਨੂੰ ਤਰੇਲੀਆਂ ਆਉਣੀਆਂ ਸੁਭਾਵਕ ਹਨ…

ਜਦ ਮਕਤਲ ਨੂੰ ਗਏ ਬੰਦੇ ਦੇ ਅਕੀਦੇ ਤੇ ਬੋਲ ਹਾਈਜੇਕ ਹੋ ਜਾਣ ਤਾਂ ਬੇਬਸੀ ਤੇ ਪੀੜ ਚੋਂ ਨਿਕਲੇ ਹੰਝੂ ਚੀਕ ਨਹੀਂ ਬਣਦੇ ਦਹਾੜ ਬਣਦੇ ਹਨ ਤੇ ਐਸਾ ਸੈਲਾਬ ਬਣ ਜਾਂਦੇ ਹਨ, ਜਿਸ ਨਾਲ ਤਵਾਰੀਖ਼ ਆਪਣੇ ਅੰਦਰ ਕਈ ਸੁਰਖ ਪੰਨੇ ਜੋੜ ਲੈਂਦੀ ਹੈ…

ਜਦ ਸੱਤਾ ਘੱਟ-ਗਿਣਤੀਆਂ ਦਾ ਗਲ ਘੋਟਦੀ ਹੈ ਤਾਂ ਥਾਂ ਥਾਂ ਸ਼ਾਹੀਨ ਬਾਗ ਉਸਰਦੇ ਹਨ ਤੇ ਜਦ ਰੋਟੀਆਂ ਨੂੰ ਤਿਜੋਰੀਆਂ ਵਿਚ ਡੱਕਣ ਦੀ ਸਾਜ਼ਿਸ਼ ਰਚੀ ਜਾਂਦੀ ਹੈ ਤਾਂ ਥਾਂ ਥਾਂ ਸਿੰਘੂ, ਟਿਕਰੀ, ਸ਼ਾਹਜਹਾਂਪੁਰ ਅਤੇ ਗਾਜੀਪੁਰ ਉੱਸਰ ਜਾਂਦੇ ਹਨ।

ਜਦ ਆਪਣੇ ਹੀ ਸ਼ਕੂਨੀ ਬਣ ਕੇ ਸੱਤਾ ਦੀ ਸ਼ਤਰੰਜ ਤੇ ਦਾਅ ਖੇਡਦੇ ਹਨ ਤੇ ਧਾੜਵੀ ਬਣ ਕੇ ਹੱਕ ਮੰਗਦੀ ਆਪਣੀ ਹੀ ਪ੍ਰਜਾ ਨੂੰ ਬਗਾਨਾ ਤਸਲੀਮ ਕਰਕੇ ਜੰਗ ਵਿੱਢ ਲੈਂਦੇ ਹਨ ਤਾਂ ਇਹ ਘੁੱਗ ਵਸਦੀ ਹਸਿਤਨਾਪੁਰ ਦੇ ਉੱਜੜ ਦੇ ਲੱਛਣ ਹੁੰਦੇ ਹਨ। ਜਦ ਵਕਤ ਦੇ ਧ੍ਰਿਤਰਾਸ਼ਟਰ ਦੀਆਂ ਅੱਖਾਂ ‘ਤੇ ਆਪਣੇ ਸੁਪਰੀਮ ਹੋਣ ਦੇ ਹੰਕਾਰ ਦੀ ਪੱਟੀ ਬੱਝ ਜਾਂਦੀ ਹੈ ਤਾਂ ਕਿਸੇ ਅਰਜਨ ਨੂੰ ਆਪਣਿਆਂ ਨਾਲ ਵੀ ਯੁੱਧ ਲੜਨਾ ਪੈਂਦਾ ਹੈ…

ਯੁੱਧ ਉਦੋਂ ਵੀ ਚੱਲਿਆ ਸੀ…ਯੁੱਧ ਹੁਣ ਵੀ ਚੱਲ ਰਿਹਾ ਹੈ…

ਅੱਜ ਹਥਿਆਰ ਸ਼ਾਂਤੀ ਦਾ ਹੈ…ਏਕੇ ਦਾ ਹੈ…ਇਕ ਸੁਰ ਵਿਚ ਲੱਗੇ ਜੈਕਾਰਿਆ ਦਾ ਹੈ…ਅਸਮਾਨ ਗੂੰਜਾਉਂਦੇ ਨਾਰ੍ਹਿਆਂ ਦਾ ਹੈ…ਆਵਾਜ਼ਾਂ ਦੀ ਬੁਲੰਦੀ ਦਾ ਹੈ…

ਆਵਾਜ਼ਾਂ ਜੋ ਹੁਣ ਕੰਡਿਆਲੀ ਤਾਰ ਨਾਲ ਟਕਰਾ ਕੇ ਵਾਪਿਸ ਨਹੀਂ ਆਉਂਦੀਆਂ, ਬਲਕਿ ਹੱਦਾਂ ਸਰਹੱਦਾਂ ਤੋਂ ਪਾਰ ਕੁੱਲ ਕਾਇਨਾਤ ਤੱਕ ਫੈਲ ਰਹੀਆਂ ਹਨ…

ਇਹਨਾਂ ਆਵਾਜ਼ਾਂ ਵਿਚ ਬਹੁਤ ਆਵਾਜ਼ਾਂ ਉਹਨਾਂ ਮਾਵਾਂ ਤੇ ਭੈਣਾਂ ਦੀਆਂ ਵੀ ਹਨ…ਜੋ 70 ਦਿਨਾਂ ਤੋਂ ਆਪਣੇ ਪਿਉਆਂ ਤੇ ਭਰਾਵਾਂ ਨਾਲ ਬਾਰਡਰਾਂ ਤੇ ਡਟੀਆਂ ਹਨ…ਉਹ ਤਵੀਆਂ ਤੇ ਰੋਟੀਆਂ ਨਹੀਂ ਚਾੜ੍ਹਦੀਆਂ…ਆਪ ਵੀ ਚੜ੍ਹਦੀਆਂ ਹਨ ਤੇ ਤੇਰਾ ਭਾਣਾ ਮੀਠਾ ਲਾਗੈ ਕਹਿ ਕੇ ਤਵੀਆਂ ਨੂੰ ਤਾਂ ਠੰਡਾ ਕਰ ਦਿੰਦੀਆਂ ਹਨ, ਪਰ ਸਾਰੀ ਅੱਗ ਆਪਣੇ ਅੰਦਰ ਜੀਰ ਲੈਂਦੀਆਂ ਹਨ.ਤਾਂ 70 ਦਿਨਾਂ ਤੋਂ ਅੱਗ ਬਲ਼ ਰਹੀ ਹੈ ਤੇ ਫੈਲ ਰਹੀ ਹੈ…

ਅੱਗ ਹੁਣ ਚੁੰਨਰੀ ਨਾਲ ਕੱਢੇ ਘੁੰਡ ਤੋਂ ਵੀ ਬਾਹਰ ਆ ਗਈ ਹੈ ਤੇ ਸਟੇਜਾਂ ਦੇ ਮਾਈਕਾਂ ਅਤੇ ਨਾਹਰਿਆਂ ਵਿੱਚੋਂ ਹੁੰਦੀ ਹੋਈ ਸੱਤਾ ਦੇ ਕੰਨਾਂ ਤੱਕ ਪਹੁੰਚ ਰਹੀ ਹੈ।

ਦਾਦੀ ਮਹਿੰਦਰ ਕੌਰ…ਰਿਹਾਨਾ, ਗਰੇਟਾ ਤੇ ਮੀਨਾ ਨੂੰ ਕਹਿ ਰਹੀ ਹੈ…ਸ਼ਾਬਾਸ਼ ਮੇਰੀਓ ਧੀਓ….ਤੁਸੀਂ ਤਾਂ ਆਵਾਜ਼ ਨੂੰ ਪਰਚਮ ਬਣਾ ਦਿੱਤਾ ਹੈ…ਪਰਚਮ ਜੋ ਹੁਣ ਅਸਮਾਨ ਵਿਚ ਲਹਿਰਾ ਰਿਹਾ ਹੈ…

ਬਿੱਲਾਂ…ਕਿੱਲਾਂ…ਕੰਡਿਆਲੀਆਂ ਤਾਰਾਂ, ਪੁੱਟੀਆਂ ਖਾਈਆਂ…ਕੱਟੇ ਇੰਟਰਨੈਟਾਂ ਤੇ ਮੀਡੀਆ ਰੂਪੀ ਕਾਵਾਂ ਦੀ ਕਾਂਵਾਂਰੋਲੀ ਤੋਂ ਬਾਅਦ ਵੀ…

ਯਾਦ ਰੱਖਣਾ…ਤੁਹਾਡੇ ਕੋਲ ਸਿਰਫ ਕੁੱਝ ਕੁ ਕਿੱਲ ਹਨ ਸਾਡੇ ਕੋਲ ਤਾਂ ਲੱਖਾਂ ਦੀ ਗਿਣਤੀ ਵਿਚ ਫੁੱਲੀ/ਟੋਪੀ ਵਾਲੇ ਕਿੱਲ ਹਨ…ਜਿਉਂਦੇ ਜਾਗਦੇ..ਧੜਕਦੇ ਤਫਫਦੇ ਕਿਰਤੀ ਕਿਸਾਨਾਂ ਦੇ ਰੂਪ ਵਿਚ…

ਕੁਲਦੀਪ ਸਿੰਘ ਦੀਪ (ਡਾ.)9876820600

#farmersprotestchallenge

Featured Image;Thanks To ‘THE WEEK’ and ‘CATCHNEWS’

Leave a Comment