ਅਜੋਕੇ ਸਮਾਜ ਵਿਚ ਔਰਤ ਦੀ ਦਸ਼ਾ(8 ਮਾਰਚ ਔਰਤ ਦਿਵਸ ‘ਤੇ ਵਿਸ਼ੇਸ਼)–ਡਾ. ਅਮਨਦੀਪ ਸਿੰਘ ਟੱਲੇਵਾਲੀਆ
ਅਸੀਂ 21ਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕੇ ਹਾਂ, ਜਿੱਥੇ ਔਰਤ ਨੂੰ ਮਰਦ ਦੇ ਬਰਾਬਰ ਦੀ ਹੱਕਦਾਰ ਹੋਣ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਹ ਸੱਚ ਹੈ ਕਿ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਦੀ ਉਸਾਰੀ ਵਿਚ ਆਪਣਾ ਯੋਗਦਾਨ ਪਾ ਰਹੀ ਹੈ। ਭਾਵੇਂ ਔਰਤ ਅੱਜ ਡਾਕਟਰ, ਇੰਜੀਨੀਅਰ, ਜੱਜ, ਵਕੀਲ, ਸੰਸਦ ਦੀ ਮੈਂਬਰ ਅਤੇ ਹੋਰ ਸਰਵਉੱਚ ਅਹੁਦਿਆਂ ਉੱਪਰ ਕੰਮ ਕਰ ਰਹੀ ਹੈ ਪਰ ਕੀ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ? ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਦਸ਼ਾ ਅੱਜ ਵੀ ਉਸ ਤਰ੍ਹਾਂ ਦੀ ਹੀ ਹੈ, ਜਿਸ ਤਰ੍ਹਾਂ ਦੀ ਸਦੀਆਂ ਪਹਿਲਾਂ ਦੇ ਇਤਿਹਾਸ ਵਿਚ ਅਸੀਂ ਪੜ੍ਹਦੇ-ਸੁਣਦੇ ਆ ਰਹੇ ਹਾਂ। ਬੱਸ ਫ਼ਰਕ ਸਿਰਫ਼ ਏਨਾ ਹੈ ਕਿ ਪਹਿਲਾਂ ਅਸਿੱਧੇ ਰੂਪ ਵਿਚ ਔਰਤ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ, ਹੁਣ ਸ਼ਰ੍ਹੇਆਮ ਬਾਜ਼ਾਰੂ ਮੰਡੀ ਵਿਚ ਬੇਇੱਜ਼ਤ ਹੋ ਰਹੀ ਹੈ। ਔਰਤ ਜਾਤੀ ਉੱਪਰ ਅੱਜ ਵੀ ਉਨੇ ਜ਼ੁਲਮ ਹੋ ਰਹੇ ਹਨ, ਜਿਨ੍ਹਾਂ ਦੀ ਸ਼ਿਕਾਰ ਉਹ ਮੁੱਦਤਾਂ ਤੋਂ ਹੋ ਰਹੀ ਹੈ।
ਪਿਛਲੇ ਸਮੇਂ ਵਿਚ ਔਰਤ ਨੂੰ ਅਬਲਾ, ਪੈਰ ਦੀ ਜੁੱਤੀ ਜਾਂ ਗੁੱਤ ਪਿੱਛੇ ਮੱਤ ਕਹਿ ਕੇ ਪੁਕਾਰਿਆ ਜਾਂਦਾ ਸੀ। ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਸਿਰਫ਼ ਨਿਆਣੇ ਜੰਮਣ ਵਾਲੀ ਮਸ਼ੀਨ ਬਣਾ ਕੇ ਰੱਖ ਦਿੱਤਾ। ਪੁਰਾਤਨ ਸਾਹਿਤਕ, ਧਾਰਮਿਕ ਗ੍ਰੰਥਾਂ ਵਿਚ ਭਾਵੇਂ ਔਰਤ ਨੂੰ ਸਤੀ ਸਵਿੱਤਰੀ ਦਾ ਦਰਜਾ ਦਿੱਤਾ ਗਿਆ ਪਰ ਔਰਤ ਪ੍ਰਤੀ ਹੱਕ ਦੀ ਆਵਾਜ਼ ਕਿਸੇ ਨਹੀਂ ਉਠਾਈ, ਸਗੋਂ ਔਰਤ ਨੂੰ ਵੱਖ-ਵੱਖ ਵਿਸ਼ੇਸ਼ਣਾਂ ਦੁਆਰਾ ਸੰਬੋਧਿਤ ਕੀਤਾ ਗਿਆ। ਪੁਰਾਤਨ ਗ੍ਰੰਥਾਂ ਅਨੁਸਾਰ ਇਸਤਰੀ ਕਦੇ ਆਜ਼ਾਦੀ ਦੇ ਯੋਗ ਨਹੀਂ, ਇਸਤਰੀਆਂ ਸੁਭਾਅ ਤੋਂ ਗਿਆਨਹੀਣ ਅਤੇ ਮੂਰਖ ਹੁੰਦੀਆਂ ਹਨ, ਇਸਤਰੀ ਦਾ ਹਿਰਦਾ ਸਾਰੇ ਕਪਟਾਂ, ਪਾਪਾਂ ਅਤੇ ਔਗੁਣਾਂ ਦੀ ਖਾਨ ਹੈ। ਤੁਲਸੀ ਦਾਸ ਰਮਾਇਣ ਅਨੁਸਾਰ, ”ਢੋਰ, ਗੰਵਾਰ , ਸ਼ੂਦਰ, ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ।” ਇਸੇ ਤਰ੍ਹਾਂ ਨਾਥ ਜੋਗੀਆਂ ਨੇ ਔਰਤ ਦੇ ਗਲ ਵਿਚ ਬਘਿਆੜਨ ਦਾ ਲਕਬ ਲਟਕਾ ਦਿੱਤਾ। ਗੋਰਖ ਨਾਥ ਕਾਵਿ ਵਿਚ: –
ਬਾਘਨਿ ਜਿੰਦ ਲੈ ਬਾਘਨ ਬਿੰਦ ਲੈ
ਬਾਘਨਿ ਹਮਰੀ ਕਾਇਆ
ਇਕ ਬਾਘਨਿ ਤ੍ਰੈ ਲੋਈ ਪਾਈ ਬਧਤਿ ਗੋਰਖੁ ਰਾਇਆ
ਦਾਮਿ ਕਾਢਿ ਬਾਘਨਿ ਲੈ ਆਇਆ, ਮਾਓਂ ਕਹੇ ਮੇਰਾ ਪੁਤ ਬੇਹਾਇਆ
ਇਸੇ ਤਰ੍ਹਾਂ ਸਾਡੇ ਪੁਰਾਤਨ ਕਿੱਸਾਕਾਰਾਂ ਨੇ ਵੀ ਔਰਤ ਜਾਤੀ ਨਾਲ ਇਨਸਾਫ਼ ਨਹੀਂ ਕੀਤਾ। ਜਿਵੇਂ: –
ਵਾਰਿਸ ਰੰਨ ਫਕੀਰ ਤਲਵਾਰ ਘੋੜਾ
ਚਾਰੇ ਥੋਕ ਕਿਸੇ ਦੇ ਯਾਰ ਨਾਹੀਂ
ਪੀਲੂ ਨੇ ਕਿੱਸਾ ਮਿਰਜ਼ਾ ਸਾਹਿਬਾਂ ਵਿਚ ਉਸ ਔਰਤ ਦੀ ਗੱਲ ਕੀਤੀ, ਜਿਸਦੀ ਮੱਤ ਖੁਰਾਂ ਵਿਚ ਹੈ: –
ਭੱਠ ਰੰਨਾਂ ਦੀ ਦੋਸਤੀ ਖੁਰੀਂ ਜਿਨ੍ਹਾਂ ਦੀ ਮੱਤ
ਗੌਤਮ ਬੁੱਧ ਨੇ ਆਪਣੇ ਸਭ ਤੋਂ ਨੇੜੇ ਦੇ ਸਾਥੀ ਆਨੰਦ ਨੂੰ ਬੜੇ ਅਫ਼ਸੋਸ ਨਾਲ ਦੱਸਿਆ ਸੀ ਕਿ ਜੇਕਰ ਔਰਤਾਂ ਨੂੰ ਬੁੱਧ ਸੰਘ ਵਿਚ ਸ਼ਾਮਿਲ ਹੋਣ ਦੀ ਆਗਿਆ ਨਾ ਦਿੱਤੀ ਜਾਂਦੀ ਤਾਂ ਇਹ ਧਰਮ ਹਜ਼ਾਰਾਂ ਸਾਲ ਤੱਕ ਚਲਦਾ ਪਰ ਹੁਣ ਕਿਉਂਕਿ ਔਰਤਾਂ ਇਸ ਵਿਚ ਸ਼ਾਮਿਲ ਹੋ ਗਈਆਂ, ਜਿਸ ਕਰਕੇ ਇਹ ਧਰਮ ਪੰਜ ਸੌ ਸਾਲ ਦੇ ਅੰਦਰ-ਅੰਦਰ ਹੀ ਖੀਣ ਹੋ ਜਾਵੇਗਾ।
ਮਨੂੰ ਸਿਮਰਤੀ ਅਨੁਸਾਰ ਕਿਸੇ ਵੀ ਔਰਤ ਨੂੰ ਦੂਜਿਆਂ ਉੱਪਰ ਸੱਤਾ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਇਸੇ ਤਰ੍ਹਾਂ ਕੁਰਾਨ ਦਾ ਇਕ ਮਸ਼ਹੂਰ ਟਿੱਕਾਕਾਰ ਬਯਾਦਵੀ ਕਹਿੰਦਾ ਹੈ ਕਿ ਜ਼ਿੰਮੇਵਾਰੀਆਂ ਨਿਭਾਉਣ ਲਈ ਅੱਲਾਹ ਨੇ ਮਰਦ ਨੂੰ ਔਰਤ ਤੋਂ ਵਧੇਰੇ ਮਾਨਸਿਕ ਯੋਗਤਾ ਅਤੇ ਸਰੀਰਕ ਬਲ ਦਿੱਤਾ ਹੈ। ਸ਼ੇਖ ਮੁਹੰਮਦ ਹੁਸੈਨ ਮਖਲੂਫ ਮਿਸਰ ਦੇ ਮੁਫਤੀ ਨੇ 1952 ਵਿਚ ਇਕ ਫਤਵਾ ਜਾਰੀ ਕੀਤਾ ਸੀ ਕਿ ਇਸਲਾਮ ਦੇ ਸਮਾਜਿਕ ਪ੍ਰਬੰਧ ਵਿਚ ਔਰਤਾਂ ਨੂੰ ਵੋਟ ਦੇਣ ਦਾ ਅਤੇ ਚੁਣ ਕੇ ਪਾਰਲੀਮੈਂਟ ਵਿਚ ਜਾਣ ਦਾ ਅਧਿਕਾਰ ਨਹੀਂ ਕਿਉਂਕਿ ਉਹ ਜਮਾਂਦਰੂ ਕੁਦਰਤੀ ਤੌਰ ‘ਤੇ ਅਸਥਿਰ ਹੁੰਦੀਆਂ ਹਨ। ਯਹੂਦੀ ਮੰਦਰਾਂ ਵਿਚ ਔਰਤਾਂ ਪੂਜਾ ਆਦਿ ਕੰਮਾਂ ਵਿਚ ਕੋਈ ਹਿੱਸਾ ਨਹੀਂ ਲੈਂਦੀਆਂ ਅਤੇ ਉਨ੍ਹਾਂ ਨੂੰ ਇਕ ਵੱਖਰੇ ਪਾਸੇ ਬਿਠਾਇਆ ਜਾਂਦਾ ਹੈ, ਜਿੱਥੇ ਅਪਾਰਦਰਸ਼ੀ ਪਰਦਾ ਲੱਗਾ ਹੁੰਦਾ ਹੈ। ਰੋਮਨ ਕੈਥੋਲਿਕ ਚਰਚ ਵਿਚ ਅੱਜ ਵੀ ਕਿਸੇ ਔਰਤ ਨੂੰ ਪਾਦਰੀ ਬਣਨ ਦੀ ਆਗਿਆ ਨਹੀਂ ਦਿੱਤੀ ਜਾਂਦੀ।
ਭਾਰਤ ਤੇ ਬਹੁਤ ਸਾਰੇ ਮੰਦਿਰਾਂ ਵਿੱਚ ਔਰਤ ਨੂੰ ਪੂਜਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਪੁਜਾਰੀਵਾਦ ਦੇ ਪ੍ਰਭਾਵ ਹੇਠ ਸਿੱਖ ਧਰਮ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਔਰਤਾਂ ਨੂੰ ਕੀਰਤਨ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਭਾਵੇਂ ਕਿ ਧਰਮ ਦੇ ਠੇਕੇਦਾਰਾਂ ਵੱਲੋਂ ਔਰਤ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਬਣਾ ਦਿੱਤਾ ਜਾਂਦਾ ਹੈ ਪਰ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਅੱਖੋਂ ਪਰੋਖੇ ਕਰਕੇ ਸਿਰਫ ਰਾਜਨੀਤੀ ਦੀ ਖੇਡ ਖੇਡੀ ਜਾ ਰਹੀ ਹੈ।
ਔਰਤ ਜੋ ਜੱਗ ਦੀ ਜਨਣੀ ਹੈ, ਇਸਦਾ ਅਕਸ ਸੁਧਾਰਨ ਲਈ ਸਿੱਖ ਗੁਰੂਆਂ ਨੇ ਪਹਿਲ ਕੀਤੀ। ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿਚ ਜੇ ਗੱਲ ਕੀਤੀ ਤਾਂ ਉਹ ਸਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਔਰਤ ਨੂੰ ਰਾਜਿਆਂ ਮਹਾਰਾਜਿਆਂ ਦੀ ਜਨਣੀ ਕਿਹਾ: –
ਸੋ ਕਿਓ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਇਸੇ ਤਰ੍ਹਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਚਿਰਾਂ ਤੋਂ ਚੱਲੀ ਆ ਰਹੀ ਸਤੀ ਪ੍ਰਥਾ ਦਾ ਖਾਤਮਾ ਕੀਤਾ। ਸਿੱਖ ਗੁਰੂਆਂ, ਭਗਤਾਂ ਤੇ ਸੂਫ਼ੀ ਕਵੀਆਂ ਨੇ ਪ੍ਰਮਾਤਮਾ ਨੂੰ ਪਤੀ ਅਤੇ ਉਸਦੇ ਜੀਵਾਂ ਨੂੰ ਇਸਤਰੀ ਜਾਤੀ ਨਾਲ ਸੰਬੋਧਿਤ ਹੋ ਕੇ ਇਸਤਰੀ ਜਾਤੀ ਦੇ ਮਾਣ ਨੂੰ ਵਧਾਇਆ। ਆਧੁਨਿਕ ਪੰਜਾਬੀ ਕਵਿਤਾ ਵਿਚ ਵੀ ਪ੍ਰਗਤੀਵਾਦੀ ਸੋਚ ਭਾਰੂ ਹੋਣ ਕਰਕੇ ਔਰਤ ਦੇ ਬਿੰਬ ਨੂੰ ਨਿਖਾਰਿਆ ਗਿਆ, ਜਿਸ ਵਿਚ ਇਹ ਸਪੱਸ਼ਟ ਰੂਪ ਵਿਚ ਨਜ਼ਰ ਆਉਂਦਾ ਹੈ ਕਿ ਔਰਤ ਹੀ ਅਰਧਾਂਗਨੀ ਨਹੀਂ, ਮਰਦ ਵੀ ਔਰਤ ਬਿਨਾਂ ਅਧੂਰਾ ਹੈ ਪਰ ਦੁੱਖ ਦੀ ਗੱਲ ਹੈ ਕਿ ਅਜੋਕੀ ਗਾਇਕੀ ਜਿਸ ਵਿਚ ਇਕੱਲੀ ਪੰਜਾਬੀ ਨਹੀਂ, ਬਲਕਿ ਟੀ.ਵੀ. ਚੈਨਲਾਂ ਤੋਂ ਪ੍ਰਸਾਰਿਤ ਹੋਣ ਵਾਲੇ ਹਰੇਕ ਪ੍ਰੋਗਰਾਮ ਵਿਚ ਔਰਤ ਨੂੰ ਸਿਰਫ਼ ਬਾਜ਼ਾਰੂ ਵਸਤੂ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਔਰਤ ਜੋ ਸਮਾਜ ਵਿਚ ਮਾਂ, ਭੈਣ, ਧੀ ਦੇ ਰੂਪ ਵਿਚ ਵਿਚਰਦੀ ਹੈ, ਉਸਨੂੰ ਅੱਜ ਦੀ ਸ਼ਾਇਰੀ ਵਿਚ ਸਿਰਫ਼ ਧੋਖੇਬਾਜ਼ ਮਹਿਬੂਬਾ ਦੇ ਨਾਂਅ ਨਾਲ ਨਿਵਾਜਿਆ ਜਾ ਰਿਹਾ ਹੈ।
ਔਰਤ ਨੂੰ ਜੇ ਕਿਸੇ ਕੰਮ ਵਿਚ ਮਰਦ ਤੋਂ ਵੱਧ ਹੱਕ ਮਿਲੇ ਹਨ ਤਾਂ ਉਹ ਇਹ ਹੈ ਕਿ ਉਹ ਸਟੇਜ ‘ਤੇ ਨੱਚ ਕੇ ਮਰਦਾਂ ਦਾ ਮਨੋਰੰਜਨ ਕਰ ਸਕਦੀ ਹੈ। ਨੱਚਣਾ ਜਾਂ ਗਾਉਣਾ ਕੋਈ ਜੁਰਮ ਨਹੀਂ ਪਰ ਜਦੋਂ ਇਹ ਨੱਚਣ-ਗਾਉਣ ਜਾਂ ਰੈਸਟੋਰੈਂਟਾਂ ਵਿਚ ਜਵਾਨ ਲੜਕੀਆਂ ਦੁਆਰਾ ਵਰਤਾਈ ਜਾਂਦੀ ਸ਼ਰਾਬ ਨਾਲ ਮਰਦ ਸਮਾਜ ਦੀ ਹਵਸ ਨੂੰ ਮਿਟਾਉਣ ਲਈ ਕੁਕਰਮ ਦਾ ਰੂਪ ਲੈ ਜਾਂਦਾ ਹੈ ਤਾਂ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਔਰਤ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ। ਔਰਤ ਤਾਂ ਵਿਕ ਰਹੀ ਹੈ। ਮਹਾਂਨਗਰਾਂ ਦੀਆਂ ਲਾਲ ਬੱਤੀ ਵਾਲੀਆਂ ਕੋਠੀਆਂ ਔਰਤ ਸਮਾਜ ਦੇ ਮੱਥੇ ‘ਤੇ ਇਕ ਕਲੰਕ ਹਨ। ਕੀ ਇਸਤਰੀ ਸਮਾਜ ਵਿਚ ਕਲੰਕ ਨੂੰ ਧੋਣ ਲਈ ਇੱਕਮੁੱਠ ਹੋਵੇਗਾ ਜਾਂ ਇਸੇ ਤਰ੍ਹਾਂ ਹੀ ਲਿਤਾੜਿਆ ਜਾਵੇਗਾ?
ਇਕ ਪਾਸੇ ਮਰਦ ਸਮਾਜ ਔਰਤ ਪ੍ਰਤੀ ਮਾੜਾ ਰੁਖ਼ ਅਪਣਾਉਂਦਾ ਹੋਇਆ ਇਸ ਕਦਰ ਗਿਰ ਜਾਂਦਾ ਹੈ ਕਿ ਉਹ ਆਪਣੀ ਧੀ, ਭੈਣ ਜਾਂ ਪਤਨੀ ‘ਤੇ ਕਿਸੇ ਪ੍ਰਕਾਰ ਦਾ ਜ਼ੁਲਮ ਕਰਨ ਲੱਗਿਆਂ ਰਤਾ ਵੀ ਨਹੀਂ ਸੋਚਦਾ ਪਰ ਦੂਸਰੇ ਪਾਸੇ ਆਪਣੀਆਂ ਭੁੱਲਾਂ ਨੂੰ ਬਖ਼ਸ਼ਾਉਣ ਲਈ ਉਹ ਪੱਥਰ ਦੀਆਂ ਦੇਵੀਆਂ ਮੂਹਰੇ ਹੱਥ ਜੋੜ ਕੇ ਆਪਣੇ ਕੁਕਰਮਾਂ ਦੀ ਖਿਮਾਂ ਮੰਗਦਾ ਨਜ਼ਰ ਆਉਂਦਾ ਹੈ। ਇਸ ਲਈ ਮਰਦ ਸਮਾਜ ਨੂੰ ਚਾਹੀਦਾ ਹੈ ਕਿ ਉਹ ਪੱਥਰ ਦੇ ਬੁੱਤਾਂ ਦੀ ਪੂਜਾ ਕਰਨ ਦੀ ਥਾਂ ਸਮਾਜ ਵਿਚਲੀ ਔਰਤ ਨੂੰ ਬਣਦਾ ਸਨਮਾਨ ਦੇਵੇ।
ਔਰਤ ਜਦ ਤੱਕ ਔਰਤ ਦੀ ਦੁਸ਼ਮਣ ਬਣੀ ਰਹੇਗੀ, ਨਵ-ਜੰਮੀਆਂ ਬੱਚੀਆਂ ਨੂੰ ਜੀ ਆਇਆਂ ਕਹਿਣ ਲਈ ਜਦ ਤੱਕ ਔਰਤ ਨਹੀਂ ਬੋਲੇਗੀ ਅਤੇ ਜਦ ਤੱਕ ਔਰਤ ਆਪਣੀ ਕੁੱਖ ਵਿਚ ਪਲ ਰਹੀ ਬੱਚੀ ਦਾ ਗਰਭਪਾਤ ਕਰਵਾਏਗੀ, ਤਦ ਤੱਕ ਔਰਤ ਆਜ਼ਾਦ ਨਹੀਂ ਹੋਵੇਗੀ। ਆਓ, ਅੱਜ ਇਸਤਰੀ ਦਿਵਸ ‘ਤੇ ਹਰੇਕ ਔਰਤ ਇਕ ਪ੍ਰਣ ਕਰੇ ਕਿ ਉਹ ਹੱਕਾਂ ਪ੍ਰਤੀ ਸੁਚੇਤ ਹੋ ਕੇ ਆਪਣੀ ਆਜ਼ਾਦੀ ਦੀ ਲੜਾਈ ਲੜੇਗੀ।
ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ,ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ, ਬਰਨਾਲਾ
98146-99446