The Global Talk
Bloggers Adda News & Views Punjabi-Hindi

23 ਮਾਰਚ ਦੇ ਸ਼ਹੀਦਾਂ ਦੇ ਨਾਮ  I  ਉਹ ਕਲਮ ਕਿੱਥੇ ਹੈ ਜਨਾਬ–ਗੁਰਭਜਨ ਗਿੱਲ

23 ਮਾਰਚ ਦੇ ਸ਼ਹੀਦਾਂ ਦੇ ਨਾਮ  I  ਉਹ ਕਲਮ ਕਿੱਥੇ ਹੈ ਜਨਾਬਗੁਰਭਜਨ ਗਿੱਲ

ਉਹ ਕਲਮ ਕਿੱਥੇ ਹੈ ਜਨਾਬ

ਜਿਸ ਨਾਲ ਸੂਰਮੇ ਨੇ ਪਹਿਲੀ ਵਾਰ

ਇਨਕਲਾਬ ਜ਼ਿੰਦਾਬਾਦ ਲਿਖਿਆ ਸੀ।

 

ਸ਼ਬਦ ਅੰਗਿਆਰ ਬਣੇ

ਮਾਰੂ ਹਥਿਆਰ ਬਣੇ

ਬੇਕਸਾਂ ਦੇ ਯਾਰ ਬਣੇ।

ਨੌਜਵਾਨ ਮੱਥਿਆਂ ਚ

ਸਦੀਵਕਾਲੀ ਲਲਕਾਰ ਬਣੇ।

ਉਹ ਜਾਣਦਾ ਸੀ

ਕਿ ਪਸ਼ੂ ਜਿਵੇਂ

ਸੁਰਖ਼ ਕੱਪੜੇ ਤੋਂ ਡਰਦਾ ਹੈ

ਹਨ੍ਹੇਰਾ ਟਟਹਿਣਿਓਂ

ਹਾਕਮ ਵੀ ਸ਼ਾਸਤਰ ਤੋਂ ਘਬਰਾਉਂਦਾ ਹੈ।

ਸ਼ਸਤਰ ਨੂੰ ਉਹ ਕੀ ਸਮਝਦਾ ਹੈ।

ਸ਼ਸਤਰ ਦੇ ਓਹਲੇ ਚ ਤਾਂ

ਲੁੱਟਣਾ ਕੁੱਟਣਾ ਦੋਵੇਂ ਕੰਮ ਆਸਾਨ।

ਆਪੇ ਬਣੋ ਮਹਾਨ।

ਕਲਮ ਨੂੰ ਕਲਮ ਕਰਨਾ ਮੁਹਾਲ

ਪੁੰਗਰਦੀ ਹੈ ਬਾਰ ਬਾਰ

ਕਰੂੰਬਲਾਂ ਤੋਂ ਟਾਹਣੀਆਂ ਫਿਰ ਕਲਮਾਂ

ਅਖੰਡ ਪ੍ਰਵਾਹ ਸ਼ਬਦ ਸਿਰਜਣੀ ਦਾ।

 

ਕਿੱਥੇ ਹੈ ਉਹ ਵਰਕਾ

ਜਿਸ ਤੇ ਬਾਪ ਕਿਸ਼ਨ ਸਿੰਘ ਦੇ ਤਾਬਿਆਦਾਰ ਪੁੱਤਰ ਨੇ

ਲਿਖ ਘੱਲਿਆ ਸੀ।

ਮੇਰੀ ਜਾਨ ਲਈ

ਲਾਟ ਸਾਹਿਬ ਨੂੰ ਕੋਈ

ਅਰਜ਼ੀ ਪੱਤਾ ਨਾ ਪਾਵੀਂ ਬਾਪੂ।

ਮੈਂ ਆਪਣੀ ਗੱਲ ਆਪ ਕਰਾਂਗਾ।

ਜਿਸ ਮਾਰਗ ਤੇ ਤੁਰਿਆਂ

ਆਪਣੀ ਹੋਣੀ ਆਪ ਵਰਾਂਗਾ।

ਵਕਾਲਤ ਜ਼ਲਾਲਤ ਹੈ

ਝੁਕ ਗੋਰੇ ਦਰਬਾਰ।

ਝੁਕੀਂ ਨਾ ਬਾਬਲਾ,

ਟੁੱਟ ਜਾਵੀਂ ਪਰ ਲਿਫੀਂ ਨਾ ਕਦੇ।

 

ਕਿੱਥੇ ਹੈ ਉਹ ਕਿਤਾਬ

ਜਿਸ ਦਾ ਪੰਨਾ ਮੋੜ ਕੇ

ਇਨਕਲਾਬੀ ਨਾਲ ਰਿਸ਼ਤਾ ਜੋੜ ਕੇ

ਸੂਰਮੇ ਨੇ ਕਿਹਾ ਸੀ

ਬਾਕੀ ਇਬਾਰਤ

ਮੁੜ ਮੁੜ ਉਦੋਂ ਤੀਕ ਪੜ੍ਹਦਾ ਰਹਾਂਗਾ

ਜਦ ਤੀਕ ਨਹੀਂ ਮੁੱਕਦੀ

ਗੁਰਬਤ ਤੇ ਜ਼ਹਾਲਤ

ਮੈਂ ਬਾਰ ਬਾਰ ਜੰਮ ਕੇ

ਕਰਦਾ ਰਹਾਂਗਾ ਚਿੜੀਆਂ ਦੀ ਵਕਾਲਤ।

ਮਾਸ ਨੋਚਦੇ ਬਾਜ਼ਾਂ ਦੇ ਖ਼ਿਲਾਫ਼

ਲੜਦਾ ਰਹਾਂਗਾ।

ਯੁੱਧ ਕਰਦਾ ਰਹਾਂਗਾ।

 

ਕਿੱਥੇ ਹੈ ਉਹ ਦਸਤਾਰ

ਜਿਸ ਨੂੰ ਸਾਂਭਣ ਲਈ

ਚਾਚੇ ਅਜੀਤ ਸਿੰਘ ਨੇ

ਲਾਇਲਪੁਰੀ ਬਾਰਾਂ ਨੂੰ ਜਗਾਇਆ ਸੀ।

ਜਾਬਰ ਹਕੂਮਤਾਂ ਨੂੰ

ਲਿਖ ਕੇ ਸੁਣਾਇਆ ਸੀ।

ਧਰਤੀ ਹਲਵਾਹਕ ਦੀ ਮਾਂ ਹੈ।

ਹੁਣ ਸਾਨੂੰ ਸੂਰਮੇ ਦਾ

ਪਿਸਤੌਲ ਸੌਂਪ ਕੇ

ਕਹਿੰਦੇ ਹੋ

ਤਾੜੀਆਂ ਵਜਾਓ।

ਖ਼ੁਸ਼ ਹੋਵੇ,

ਮੋੜ ਦਿੱਤਾ ਹੈ ਅਸਾਂ ਸ਼ਸਤਰ।

ਪਰ ਅਸੀਂ ਇੰਜ ਨਹੀਂ ਪਰਚਦੇ।

 

ਸੂਰਮੇ ਦੀ ਉਹ ਕਲਮ ਤਾਂ ਪਰਤਾਓ

ਉਹ ਵਰਕਾ ਤਾਂ ਵਿਖਾਓ

ਜਿਸ ਤੇ ਅੰਕਿਤ ਹੈ ਸੂਹੀ ਲਾਟ ਵਾਲਾ

ਮੁਕਤੀ ਮਾਰਗ ਦਾ ਨਕਸ਼ਾ।

 

ਜਗਦੇ ਜਾਗਦੇ ਮੱਥੇ ਕੋਲ

ਪਿਸਤੌਲ ਬਹੁਤ ਮਗਰੋਂ ਆਉਂਦਾ ਹੈ।

ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ।

ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।

ਹਾਰਦੇ ਜਦ ਸਭ ਉਪਾਅ।

ਠੀਕ ਹਥਿਆਰਾਂ ਦਾ ਰਾਹ।

 

ਪਰ ਸੂਰਮੇ ਨੇ ਹਰ ਇਬਾਰਤ

ਕਲਮ ਨਾਲ ਲਿਖੀ।

ਤੁਸੀਂ ਓਹੀ ਵਰਕਾ ਚੁੱਕੀ ਫਿਰਦੇ ਹੋ

ਜੋ ਤੁਹਾਨੂੰ ਪੁੱਗਦਾ ਹੈ।

ਮੁਕਤੀਆਂ ਦਾ ਸੂਰਜ ਤਾਂ

ਗਿਆਨ ਭੂਮੀ ਸਿੰਜ ਕੇ

ਆਪਣਾ ਆਪਾ ਪਿੰਜ ਕੇ

ਮੱਥਿਆਂ ਚੋਂ ਚੜ੍ਹਦਾ ਹੈ।

ਹੱਕ ਇਨਸਾਫ਼ ਲਈ

ਰਾਤ ਦਿਨ ਲੜਦਾ ਹੈ।

Gurbhajan  Singh Gill

He is an eminent Punjabi poet and a lyricist. He is an  alumnus of SCD Govt.College, Ludhiana

Leave a Comment