The Global Talk
News & Views Punjabi-Hindi

Harjeet Singh Bedi symbolised a trinity of art,literature and cultural profoundness-Dr.Surjit Patar

ਕਲਾ ਸਾਹਿੱਤ ਤੇ ਸਭਿਆਚਾਰ ਦੀ ਤ੍ਰੈਮੂਰਤੀ ਸੀ ਸਾਡਾ ਸਨੇਹੀ ਹਰਜੀਤ ਸਿੰਘ ਬੇਦੀ- ਡਾ: ਸੁਰਜੀਤ ਪਾਤਰ

ਲੁਧਿਆਣਾ: 14 ਅਪ੍ਰੈਲ

ਪੰਜਾਬੀ ਕਵੀ ਤੇ ਭੰਗੜਾ ਕਲਾਕਾਰ ਸ: ਹਰਜੀਤ ਸਿੰਘ ਬੇਦੀ ਆਈ ਆਰ ਐੱਸ ਦੀ ਯਾਦ ਚ ਔਨਲਾਈਨ ਕੌਮਾਂਤਰੀ ਕਵੀ ਦਰਬਾਰ ਮੌਕੇ ਸੰਬੋਧਨ ਕਰਦਿਆਂ ਪੰਜਾਬ ਆਰਟਸ ਕੌਂਸਿਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਨੇ ਕਿਹਾ ਹੈ ਕਿ ਹਰਜੀਤ ਸਿੰਘ ਬੇਦੀ ਮਹਿਕਦਾ ਚਹਿਕਦਾ ਟਹਿਕਦਾ ਇਨਸਾਨ ਸੀ ਜੋ ਕਲਾ ਸਾਹਿੱਤ ਤੇ ਸਭਿਆਚਾਰ ਦੀ ਤ੍ਰੈਮੂਰਤੀ ਸੀ। ਜ਼ਿੰਦਗੀ ਦੇ ਹਰ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਨਾਲ ਇਸ ਪੰਜਾਬ ਨੂੰ ਬੇਦੀ ਵੀਰ ਨੇ ਜਿਉਣਯੋਗ ਬਣਾਉਣ ਚ ਵਡਮੁੱਲਾ ਹਿੱਸਾ ਪਾਇਆ। ਸਾਡਾ ਸੁਭਾਗ ਹੈ ਕਿ ਉਹ ਸਾਡਾ ਸਹਿਯੋਗੀ ਸਮਕਾਲੀ ਸੀ। ਉਸ ਦੀ ਯਾਦ ਵਿੱਚ ਕਵੀ ਦਰਬਾਰ ਕਰਵਾ ਕੇ ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਨੇ ਚੰਗਾ ਕੰਮ ਕੀਤਾ ਹੈ।

ਸ. ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿ) ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ)ਤੇ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਅਸੋਸੀਏਸ਼ਨ ਲੁਧਿਆਣਾ ਵੱਲੋਂ ਪੰਜਾਬੀ ਕਵੀ ਤੇ ਅੰਤਰਰਾਸ਼ਟਰੀ ਭੰਗੜਾ ਕਲਾਕਾਰ ਤੇ ਫਾਉਂਡੇਸ਼ਨ ਦੇ ਬਾਨੀ ਚੇਅਰਮੈਨ ਸ: ਹਰਜੀਤ ਸਿੰਘ ਬੇਦੀ ਜੀ ਦੀ 18 ਵੀਂ ਬਰਸੀ ਮੌਕੇ ਕਰਵਾਏ ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਕਵੀ ਦਰਬਾਰ ਦੇ ਸੁਆਗਤੀ ਸ਼ਬਦ ਬੋਲਦਿਆਂ ਇਸ ਸੰਸਥਾ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗੁਰਦਾਸਪੁਰ ਦੇ ਪੱਛੜੇ ਇਲਾਕੇ ਸ਼੍ਰੀਹਰਗੋਬਿੰਦਪੁਰ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਇਸ ਪਿੰਡ ਦੇ ਜੰਮਪਲ ਵਿਸ਼ਵ ਪ੍ਰਸਿੱਧ ਚਿਤਰਕਾਰ ਸ: ਸੋਭਾ ਸਿੰਘ ਜੀ ਦੀ ਯਾਦ ਵਿੱਚ ਫਾਉਂਡੇਸ਼ਨ ਸਥਾਪਿਤ ਕਰਕੇ ਪਹਿਲਾਂ ਬਿਆਸ ਦਰਿਆ ਉੱਪਰ ਬਣਦੇ ਪੁਲ ਦਾ ਬੰਦ ਕੰਮ ਚਾਲੂ ਕਰਵਾਇਆ। ਗੁਰੂ ਹਰਗੋਬਿੰਦ ਭਵਨ ਦੀ ਉਸਾਰੀ ਲਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਰਾਹੀਂ ਸ਼੍ਰੋਮਣੀ ਕਮੇਟੀ ਤੋਂ ਮਦਦ ਲੈ ਕੇ ਇਸ ਸਥਾਨ ਤੇ ਲਾਇਬਰੇਰੀ ਸਥਾਪਿਤ ਕਰਵਾਈ। ਉਹ ਆਪਣੇ ਕਲਾ ਤੇ ਸਾਹਿੱਤਕ ਸਫ਼ਰ ਨੂੰ ਕਦੇ ਵੀ ਲੋਕਾਂ ਸਾਹਮਣੇ ਨਹੀਂ ਸਨ ਲਿਆਉਂਦੇ ਸਗੋਂ ਛੁਪੇ ਰਹਿਣ ਦੀ ਚਾਹ ਪਾਲਦੇ ਸਨ।

ਸ: ਹਰਜੀਤ ਸਿੰਘ ਬੇਦੀ ਭਾਵੇਂ ਪਿੰਡ ਸੱਖੋਵਾਲ(ਗੁਰਦਾਸਪੁਰ) ਦੇ ਜੰਮਪਲ ਸਨ ਪਰ ਜ਼ਿੰਦਗੀ ਦਾ ਵੱਡਾ ਸਮਾਂ ਉਨ੍ਹਾਂ ਲੁਧਿਆਣਾ ਚ ਗੁਜ਼ਾਰਿਆ। ਸ: ਸੇਭਾ ਸਿੰਘ ਸਿਮਰਤੀ ਗਰੰਥ ਵੀ ਉਨ੍ਹਾਂ ਦੇ ਯਤਨਾਂ ਨਾਲ ਹੀ ਪੁਰਦਮਨ ਸਿੰਘ ਬੇਦੀ, ਹਰਬੀਰ ਸਿੰਘ ਭੰਵਰ ਤੇ ਗੁਰਭਜਨ ਗਿੱਲ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋਇਆ। ਉਨ੍ਹਾਂ ਦੀਆਂ ਦੋ ਮੌਲਿਕ ਕਾਵਿ ਪੁਸਤਕਾਂ ਆਂਦਰਾਂ ਦੀ ਡੋਰ ਤੇ ਅਧੂਰੀ ਗੁਫ਼ਤਗੂ ਸਨ।

ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ: ਹਰਜੀਤ ਸਿੰਘ ਬੇਦੀ ਦੀ ਕਾਵਿ ਰਚਨਾ ਬਾਰੇ ਸਟੀਕ ਟਿਪਣੀਆਂ ਕੀਤੀਆਂ।

ਪ੍ਰਧਾਨਗੀ ਭਾਸ਼ਨ ਕਰਦਿਆਂ ਉੱਘੇ ਕਵੀ ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਡਾ: ਲਖਵਿੰਦਰ ਜੌਹਲ ਨੇ ਕਿਹਾ ਕਿ ਉਨ੍ਹਾਂ ਦੇ ਕੀਤੇ ਸਿਰਜਣਾਤਮਕ ਤੇ ਭੰਗੜਾ ਖੇਤਰ ਦੇ ਕਾਰਜਾਂ ਨੂੰ ਸਮਾਂ ਹਮੇਸ਼ ਯਾਦ ਰੱਖੇਗਾ। ਉਹ ਸ: ਜਗਦੇਵ ਸਿੰਘ ਜੱਸੋਵਾਲ ਤੇ ਗੁਰਭਜਨ ਗਿੱਲ ਨਾਲ ਮੋਹਨ ਸਿੰਘ ਮੇਲੇ ਦੀ ਵੀ ਲਗਪਗ ਡੇਢ ਦਹਾਕਾ ਅਗਵਾਈ ਕਰਦੇ ਰਹੇ।

ਕਵੀ ਦਰਬਾਰ ਵਿਚ ਡਾ: ਸੁਰਜੀਤ ਪਾਤਰ,ਸੁਖਵਿੰਦਰ ਕੰਬੌਜ (ਅਮਰੀਕਾ) ਸੁਖਵਿੰਦਰ ਅੰਮ੍ਰਿਤ ਮੋਹਾਲੀ,ਡਾ: ਲਖਵਿੰਦਰ ਜੌਹਲ, ਪ੍ਰੋ: ਰਵਿੰਦਰ ਭੱਠਲ,ਗੁਰਭਜਨ ਗਿੱਲ,ਅਰਤਿੰਦਰ ਸੰਧੂ ਅੰਮ੍ਰਿਤਸਰ,ਬਲਵਿੰਦਰ ਸੰਧੂ ਪਟਿਆਲਾ,ਡਾ. ਅਸ਼ਵਨੀ ਭੱਲਾ , ਤ੍ਰੈਲੋਚਨ ਲੋਚੀ ਲੁਧਿਆਣਾ
ਸੁਰਿੰਦਰ ਨੀਰ ਜੰਮੂ, ਰਾਜਦੀਪ ਸਿੰਘ ਤੂਰ ਜਗਰਾਉਂ,ਅਮਰਜੀਤ ਵੜੈਚ ਪਟਿਆਲਾ,ਰਣਜੀਤ ਸਰਾਂਵਾਲੀ ਫੀਰੋਜ਼ਪੁਰ,ਹਰਦਿਆਲ ਸਿੰਘ ਪ੍ਰਵਾਨਾ ਲੁਧਿਆਣਾ, ਹਰਪ੍ਰੀਤ ਕੌਰ ਸੰਧੂ ਪਟਿਆਲਾ ਤੇ ਪ੍ਰਿੰਸੀਪਲ ਨਵਜੋਤ ਕੌਰ ਜਲੰਧਰ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ।

ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਅਹੁਦੇਦਾਰਾਂ ਪਿਰਥੀਪਾਲ ਸਿੰਘ ਹੇਅਰ, ਤੇਜਿੰਦਰ ਸਿੰਘ ਪੰਨੂ, ਤੇਜਪ੍ਰਤਾਪ ਸਿੰਘ ਸੰਧੂ ਨੇ ਇਸ ਸਮਾਗਮ ਲਈ ਭਰਵਾਂ ਸਹਿਯੋਗ ਦਿੱਤੀ ਜਦ ਕਿ ਪੰਜਾਬੀ ਕਵੀ ਡਾ: ਅਸ਼ਵਨੀ ਭੱਲਾ ਗੌਰਮਿੰਟ ਕਾਲਿਜ ਲੁਧਿਆਣਾ ਨੇ ਕਵੀ ਦਰਬਾਰ ਦਾ ਸੰਚਾਲਨ ਕੀਤਾ। ਸ: ਹਰਜੀਤ ਸਿੰਘ ਬੇਦੀ ਦੇ ਸਪੁੱਤਰ ਡਾ: ਹਰਮਨਦੀਪ ਸਿੰਘ ਬੇਦੀ ਧੰਨਵਾਦੀ ਸ਼ਬਦ ਕਹਿੰਦਿਆਂ ਆਪਣੀ ਤਾਜ਼ਾ ਕਵਿਤਾ ਵੀ ਸੁਣਾਈ।

Leave a Comment