ਭਾਸ਼ਾ ਵਿਭਾਗ ਤੇ ਕਾਲਜ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਸਮਾਗਮ ਆਯੋਜਿਤ
ਲੁਧਿਆਣਾ, 06 ਮਈ (ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ)
ਕਵਿਤਾ ਕਵੀ ਦੀ ਕਸ਼ੀਦ ਕੀਤੀ ਹੋਈ ਆਤਮਕਥਾ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਦੇ ਸਿਰਮੌਰ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਨੇ ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ ਵਿਖੇ ਇਕ ਰੂ-ਬਰੂ ਸਮਾਗਮ ਦੌਰਾਨ ਕੀਤਾ। ਬੀਤੇ ਦਿਨੀਂ ਇਹ ਸਮਾਗਮ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਅਤੇ ਕਾਲਜ ਪ੍ਰਸ਼ਾਸਨ ਦੇ ਸਹਿਯੋਗ ਨਾਲ਼ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਵਿੱਚ ਕਾਲਜ ਪ੍ਰਿੰਸੀਪਲ ਡਾ.ਅਵਿਨਾਸ਼ ਕੌਰ ਨੇ ਸੁਰਜੀਤ ਪਾਤਰ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਮਿਲ਼ਨਾ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਸੁਰਜੀਤ ਪਾਤਰ ਹੋਰਾਂ ਨੇ ਆਪਣੇ ਜੀਵਨ, ਸਿਰਜਣ ਪ੍ਰਕਿਰਿਆ ਤੇ ਜੀਵਨ ਵਿੱਚ ਕਵਿਤਾ/ਸਾਹਿਤ ਦੀ ਭੂਮਿਕਾ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਉਹਨਾਂ ਨੇ ਆਪਣੀਆਂ ਕੁਝ ਚੋਣਵੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ।
ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਸਾਡੀ ਜ਼ੁਬਾਨ ਦੇ ਵੱਡੇ ਕਵੀ ਨੂੰ ਇਸ ਰੂਪ ਵਿੱਚ ਮਿਲ਼ਨਾ ਯਕੀਨਨ ਵਿਦਿਆਰਥੀਆਂ ਦੇ ਜੀਵਨ ਦਾ ਯਾਦਗਾਰੀ ਅਨੁਭਵ ਹੈ। ਉਹਨਾਂ ਨੇ ਦੱਸਿਆ ਕਿ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਡਾ. ਵੀਰਪਾਲ ਕੌਰ ਦੀ ਅਗਵਾਈ ਵਿੱਚ ਵਿਭਾਗ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪ੍ਰਸਾਰ ਲਈ ਲਗਾਤਾਰ ਯਤਨਸ਼ੀਲ ਹੈ। ਮੰਚ ਸੰਚਾਲਨ ਦੀ ਭੂਮਿਕਾ ਪੰਜਾਬੀ ਵਿਭਾਗ ਤੋਂ ਪ੍ਰੋਫ਼ੈਸਰ ਗੁਰਪ੍ਰੀਤ ਸਿੰਘ ਹੋਰਾਂ ਨੇ ਨਿਭਾਈ। ਇਸ ਮੌਕੇ ਖੋਜ ਅਫ਼ਸਰ ਸੰਦੀਪ ਸਿੰਘ ਅਤੇ ਜੂਨੀਅਰ ਸਹਾਇਕ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਕਾਲਜ ਵਿੱਚੋਂ ਵਿਦਿਆਰਥੀਆਂ ਦੇ ਨਾਲ਼-ਨਾਲ਼ ਸਟਾਫ਼ ਵਿੱਚੋਂ ਪ੍ਰੋਫੈਸਰ ਕਮਲਜੀਤ ਸਿੰਘ ਸੋਹੀ, ਕੁਲਦੀਪ ਕੁਮਾਰ ਬੱਤਾ, ਸੁਰਿੰਦਰ ਮੋਹਨਦੀਪ, ਜਗਮੀਤ ਸਿੰਘ, ਸੁਖਜੀਤ ਕੌਰ ਅਤੇ ਦਲਜੀਤ ਕੌਰ ਹਾਜ਼ਰ ਰਹੇ। ਸਮਾਗਮ ਵਿੱਚ ਸੁਰਜੀਤ ਪਾਤਰ ਜੀ ਦੇ ਧਰਮ ਪਤਨੀ ਸ੍ਰੀਮਤੀ ਭੁਪਿੰਦਰ ਕੌਰ, ਸ਼ਾਇਰ ਪਾਲੀ ਖਾਦਿਮ, ਜਸਪ੍ਰੀਤ ਅਮਲਤਾਸ ਅਤੇ ਐਜੂਕੇਸ਼ਨ ਕਾਲਜ, ਗੁਰੂਸਰ ਸੁਧਾਰ ਤੋਂ ਡਾ.ਜਗਜੀਤ ਸਿੰਘ ਤੇ ਭਾਸ਼ਾ ਮੰਚ ਦੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।