The Global Talk
Literary Desk News & Views Open Space Punjabi-Hindi

‘Jard rutt da halfia biyan’—Harmit Vidyathi’s poetry book released by Dr.Surjit Patar and other writers

ਹਰਮੀਤ ਵਿਦਿਆਰਥੀ ਦੇ ਕਾਵਿ ਪੁਸਤਕ ‘ਜ਼ਰਦ ਰੁੱਤ ਦਾ ਹਲਫ਼ੀਆਂ ਬਿਆਨ’ ਦਾ ਡਾਃ ਸੁਰਜੀਤ ਪਾਤਰ ਤੇ ਹੋਰ ਲੇਖਕਾਂ ਵੱਲੋਂ ਲੋਕ ਅਰਪਣ

ਲੁਧਿਆਣਾ, 6 ਜੂਨ

ਲੋਕ ਮੰਚ ਪੰਜਾਬ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਹਰਮੀਤ ਵਿਦਿਆਰਥੀ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’ ਦੇ ਲੋਕ ਅਰਪਣ ਅਤੇ ਵਿਚਾਰ ਚਰਚਾ ਲਈ ਇਕ ਭਾਵਪੂਰਤ ਸਮਾਗਮ ਪੰਜਾਬੀ ਭਵਨ, ਲੁਧਿਆਣਾ ਵਿਖੇ ਡਾ.ਸੁਰਜੀਤ ਸਿੰਘ ਪਾਤਰ ਦੀ ਪ੍ਰਧਾਨਗੀ ਵਿਚ ਕਰਵਾਇਆ ਗਿਆ ਜਿਸ ਵਿਚ ਪ੍ਰੋ.ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਸ੍ਰੀ ਸੁਰਿੰਦਰ ਸਿੰਘ ਸੁੰਨੜ ਪ੍ਰਧਾਨ ਲੋਕ ਮੰਚ ਪੰਜਾਬ,ਅਤੇ ਪ੍ਰਸਿੱਧ ਕਵੀ ਪ੍ਰੋਃ ਜਸਪਾਲ ਘਈ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਡਾ. ਲਖਵਿੰਦਰ ਸਿੰਘ ਜੌਹਲ ਸਰਪ੍ਰਸਤ ਲੋਕ ਮੰਚ ਪੰਜਾਬ ਤੇ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਹਰਮੀਤ ਵਿਦਿਆਰਥੀ ਦੀ ਕਵਿਤਾ ਯਾਤਰਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰਮੀਤ ਵਿਦਿਆਰਥੀ ਸਾਡਾ ਨਿਰੰਤਰ ਲਿਖਣ ਵਾਲਾ ਸ਼ਾਇਰ ਹੈ। ਹਰਮੀਤ ਵਿਦਿਆਰਥੀ ਨੇ ਆਪਣੀਆਂ ਚੋਣਵੀਆਂ  ਕਵਿਤਾਵਾਂ ਸੁਣਾਉਂਦਿਆਂ ਮਾਹੌਲ ਨੂੰ ਕਾਵਿਕ ਬਣਾਇਆਂ ਤੇ ਸਰੋਤਿਆਂ ਦਾ ਭਰਵਾਂ ਹੁੰਗਰਾ ਪ੍ਰਾਪਤ ਕੀਤਾ।

ਡਾ.ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਜ਼ਰਦ ਰੁੱਤ ਦਾ ਹਲਫ਼ੀਆਂ ਬਿਆਨ ਬਾਰੇ ਕਿਹਾ ਕਿ ਹਰਮੀਤ ਵਿਦਿਆਰਥੀ ਦੀ ਕਵਿਤਾ ਸਥਾਪਤੀ ਅਤੇ ਵਿਸਥਾਪਤੀ ਦੇ ਵਿਰੋਧ ਦੀ ਕਵਿਤਾ ਹੈ ਜਿਸ ਵਿਚ ਨਾਬਰੀ ਦੀ ਸੁਰ ਪ੍ਰਗਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰਮੀਤ ਵਿਦਿਆਰਥੀ ਆਪਣੇ ਸ਼ਾਇਰੀ ਵਿਚ ਸਵੈ ਚੇਤੰਨ ਹੋ ਕੇ ਸਮਾਜਕ ਸਰੋਕਾਰਾਂ ਨੂੰ ਚਿੰਤਨ ਰਾਹੀਂ ਸਮਝ ਕੇ ਅਮਲ ਵਿਚ ਢਾਲਣ ਦੇ ਯਤਨ  ਵਿਚ ਹੈ। ਉਹ ਆਪਣੇ ਵਿਚਾਰਾਂ ਨੂੰ ਤਨਜ਼, ਬੇਲਿਹਾਜ਼ੀ ਤੇ ਬੇਬਾਕੀ ਨਾਲ ਪੇਸ਼ ਕਰਦਾ ਹੈ।

ਕਾਵਿ ਲੋਕ ਦੇ ਸੰਪਾਦਕ ਤੇ ਉੱਘੇ ਚਿੰਤਕ ਡਾ.ਉਮਿੰਦਰ ਸਿੰਘ ਜੌਹਲ ਨੇ ਕਿਹਾ ਕਿ ਹਰਮੀਤ ਵਿਦਿਆਰਥੀ ਦੀ ਸ਼ਾਇਰੀ ਸਾਡੇ ਸਮਾਜ ਵਿਚ ਦੰਭ, ਪਾਖੰਡ, ਸ਼ੋਸਣ ਆਦਿ ਨੂੰ ਕਟਹਿਰੇ ਵਿਚ ਖੜ੍ਹਾ ਕਰਦੀ ਪ੍ਰਵਚਨੀ ਸੰਘਰਸ਼ ਤੋਂ ਅੱਗੇ ਵੱਧ ਕੇ ਸਾਹਿਤ ਨੂੰ ਕਰਮ ਨਾਲ ਜੋੜਦੀ ਹੈ।

ਡਾ.ਸੁਰਜੀਤ ਸਿੰਘ ਪਾਤਰ ਨੇ ਪ੍ਰਧਾਨਗੀ ਭਾਸ਼ਣ ਦਿੰਦਿਆ ਕਿਹਾ ਕਿ ਬਾਬਾ ਫ਼ਰੀਦ ਜੀ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵੀ ਸਥਾਪਤੀ ਵਿਰੁੱਧ ਨਾਬਰੀ ਵਾਲੀ ਸੁਰ ਅਪਣਾਉਂਦੀ ਅਵਾਮ ਨੂੰ ਜਾਗਰਤ ਕਰਕੇ ਸੰਘਰਸ਼ ਵੱਲ ਤੋਰਦੀ ਹੈ। ਇਸੇ ਤਰ੍ਹਾਂ ਪ੍ਰੋ.ਪੂਰਨ ਸਿੰਘ ਅਤੇ ਪ੍ਰੋ. ਮੋਹਨ ਸਿੰਘ ਆਪਣੇ ਢੰਗ ਨਾਲ ਇਸ ਦਾ ਪ੍ਰਗਟਾਵਾ ਕਰਦੇ ਹਨ। ਹਰਮੀਤ ਦੀ ਸ਼ਾਇਰੀ ਸਮਾਜਕ ਸਰੋਕਾਰਾਂ ਨਾਲ ਵਾਬਸਤਾ ਹੈ। ਜਿਹੜੀ ਸਮਾਜ ਵਿਚਲੀਆਂ ਅਣਮਨੁੱਖੀ ਸਥਿਤੀਆਂ ਨੂੰ ਸਥਾਪਤੀ ਅਤੇ ਮੌਜੂਦਾ ਸ਼ਾਇਰੀ ਦੇ ਪ੍ਰਸੰਗ ਵਿਚ ਬੇਬਾਕ ਜ਼ੁਬਾਨ ਪ੍ਰਦਾਨ ਕਰਦੀ ਹੈ।

ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਹਰਮੀਤ ਵਿਦਿਆਰਥੀ ਨੂੰ ਉਸ ਦੀ ਸਾਰਥਿਕ ਤੇ ਮੁੱਲਵਾਨ ਸ਼ਾਇਰੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਸ ਦੀ ਸ਼ਾਇਰੀ ਨਿਮਨ ਵਰਗ ਤੇ ਨਿਮਨ ਮੱਧ ਵਰਗ ਦੇ ਮਸਲਿਆਂ ਨੂੰ ਬੜੇ ਸਰਲ, ਸਪਸ਼ਟ ਤੇ ਅਰਥ ਪੂਰਨ ਢੰਗ ਨਾਲ ਪੇਸ਼ ਕਰਦੀ ਹੈ। ਉਸ ਨੇ ਆਪਣੀ ਸਿਖਰ ਚੋਟੀ ਨੇੜੇ ਪੈਰ ਤਾਂ ਧਰ ਲਿਆ ਹੈ ਪਰ ਇਸ ਤੋਂ ਅਗਲਾ ਸਫ਼ਰ ਉਸ ਨੂੰ ਉਡੀਕਦਾ ਹੈ।

ਪ੍ਰੋ.ਜਸਪਾਲ ਘਈ ਨੇ ਹਰਮੀਤ ਵਿਦਿਆਰਥੀ ਦੀ ਸ਼ਾਇਰੀ ਦੀਆਂ ਕਾਵਿਕ ਜੁਗਤਾਂ ਬਾਰੇ ਵਿਸਤਾਰਪੂਰਵਕ ਦੱਸਦਿਆਂ ਕਿਹਾ ਕਿ ਉਸ ਦੀ ਕਵਿਤਾ ਵਿਚ ਤਨਜ਼, ਵਿਅੰਗ, ਕਟਾਕਸ਼, ਵਿਰੋਧੀ ਸਥਿਤੀਆਂ ਅਤੇ ਵਿਰੋਧੀ ਪ੍ਰਵਚਨਾਂ ਦੇ ਪ੍ਰਸੰਗ ਨੂੰ ਉਭਾਰਦਿਆਂ ਆਪਣੀ ਗੱਲ ਕਹਿਣ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਇਸ ਸਮਾਗਮ ਵਿਚ ਸ੍ਰੀ ਗੁਰਤੇਜ ਕੁਹਾਰਵਾਲਾ, ਸਵਰਨਜੀਤ ਸਵੀ, ਸੁਰਿੰਦਰ ਖੰਨਾ, ਜਸਵੰਤ ਜ਼ਫ਼ਰ, ਗੁਰਮੀਤ ਕੜਿਆਲਵੀ, ਸ਼ਬਦੀਸ਼, ਪ੍ਰੋ.ਕੁਲਦੀਪ ਸਿੰਘ ,ਰਾਜੀਵ ਖ਼ਿਆਲ, ਮੁਕੇਸ਼ ਆਲਮ, ਪ੍ਰੋ.ਰਵਿੰਦਰ ਭੱਠਲ, ਸੁਖਜਿੰਦਰ, ਸੁਰਿੰਦਰ ਕੰਬੋਜ਼, ਡਾ.ਚਰਨਦੀਪ ਸਿੰਘ, ਡਾਃ  ਨਿਰਮਲ ਜੌੜਾ,ਤਰਸੇਮ ਨੂਰ, ਸ੍ਰੀ ਰਾਮ ਸਿੰਘ ਪੀ ਸੀ ਐੱਸ ,ਦੀਪ ਜਗਦੀਪ, ਸੁਮਿਤ ਗੁਲਾਟੀ, ਰਵੀ ਰਵਿੰਦਰ, ਸਹਿਜਪ੍ਰੀਤ ਸਿੰਘ ਮਾਂਗਟ, ਪ੍ਰਭਜੋਤ ਸੋਹੀ, ਪਾਲੀ ਖਾਦਿਮ, ਡਾ.ਗੁਰਚਰਨ ਕੌਰ ਕੋਚਰ, ਜਸਪ੍ਰੀਤ ਅਮਲਤਾਸ, ਮਨਿੰਦਰ ਮਨ, ਜਤਿੰਦਰ ਗਿੱਲ ਸੰਧੂ, ਰਾਜਦੀਪ ਤੂਰ, ਜੋਗਿੰਦਰ ਨੂਰਮੀਤ, ਅਮਨ, ਕੇ.ਸਾਧੂ ਸਿੰਘ, ਸੁਖਵਿੰਦਰ ਅਨਹਦ,ਮੀਤ ਅਨਮੋਲ,ਰਾਕੇਸ਼ ਜਾਨੀ ਤੇਜਪਾਲ,  ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਪੁਸਤਕ ਬਾਰੇ ਹੋਈ ਵਿਚਾਰ ਚਰਚਾ ਨੂੰ ਗੰਭੀਰਤਾ ਨਾਲ ਸੁਣਿਆ। ਸਮਾਗਮ ਦੀ ਸੰਚਾਲਨਾ ਪ੍ਰਸਿੱਧ ਵਿਦਵਾਨ ਡਾ.ਹਰਜਿੰਦਰ ਸਿੰਘ ਅਟਵਾਲ ਜਲੰਧਰ ਨੇ ਬਾਖ਼ੂਬੀ ਨਿਭਾਈ।

ਲੋਕ ਮੰਚ ਪੰਜਾਬ ਦੇ ਪ੍ਰਧਾਨ ਤੇ ਆਪਣਾ ਆਵਾਜ਼ ਮਾਸਿਕ ਪੱਤਰ ਦੇ ਮੁੱਖ ਸੰਪਾਦਕ ਸਃ ਸੁਰਿੰਦਰ ਸਿੰਘ ਸੁੱਨੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਵੀ ਸਾਹਿਤਕ ਸਰਗਰਮੀ ਲਈ ਅਦਾਰਾ ਲੋਕ ਮੰਚ ਪੰਜਾਬ ਦਾ ਸਹਿਯੋਗ ਹਰ ਲੇਖਕ ਤੇ ਵੱਕਾਰੀ ਸੰਸਥਾਵਾਂ ਨੂੰ ਹਰ ਵੇਲੇ ਹਾਜ਼ਰ ਰਹੇਗਾ।

Leave a Comment