ਨਗਰ ਨਿਗਮ ਲੁਧਿਆਣਾ ਵੱਲੋਂ ਕੱਪੜੇ ਦੇ ਝੋਲੇ/ਥੈਲੇ ਬਣਾਉਣ ਦੇ ਸੈਲਫ ਹੈਲਪ ਗਰੁੱਪ ਦੇ ਟੇਲਰ ਮੈਂਬਰਾਂ ਨਾਲ ਕੀਤਾ ਰਾਬਤਾ
ਲੁਧਿਆਣਾ, 07 ਜੂਨ – ਨਗਰ ਨਿਗਮ ਲੁਧਿਆਣਾ ਦੇ ਜ਼ੋਨਲ ਕਮਿਸ਼ਨਰ ਡਾ. ਪੂਨਮਪ੍ਰੀਤ ਕੌਰ ਦੀ ਅਗਵਾਈ ਵਿੱਚ ਅੱਜ ਸੈਲਫ ਹੈਲਪ ਗਰੁੱਪ ਦੇ ਟੇਲਰ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਕੱਪੜੇ ਦੇ ਝੋਲੇ/ਥੈਲੇ ਬਣਾਉਣ ਬਾਰੇ ਚਰਚਾ ਕੀਤੀ ਗਈ।
ਜ਼ੋਨਲ ਕਮਿਸ਼ਨਰ ਡਾ. ਪੂਨਮਪ੍ਰੀਤ ਕੌਰ ਵੱਲੋਂ ਮੀਟਿੰਗ ਦੌਰਾਨ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਘਰ ਵਿੱਚ ਬਚੇ ਹੋਏ ਕੱਪੜੇ ਤੋਂ ਝੋਲੇ/ਥੈਲੇ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 15 ਦਿਨਾਂ ਵਿੱਚ ਨਿਗਮ ਵੱਲੋਂ ਤੈਅ ਸੁ਼ਦਾ ਸਥਾਨਾਂ ‘ਤੇ ਬੂਥ ਲਗਾ ਕੇ ਝੋਲੇ/ਥੈਲੇ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਝੋਲੇ/ਥੈਲੇ ਵੱਖ-ਵੱਖ ਸਾਈਜ ਦੇ ਹੋਣਗੇ ਅਤੇ ਇਨ੍ਹਾਂ ਦੀ ਕੀਮਤ ਵੀ ਸਾਈਜ ਦੇ ਹਿਸਾਬ ਨਾਲ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕੋਈ ਗ੍ਰਾਹਕ ਝੋਲਾ ਵਾਪਸ ਕਰ ਦੇਵੇਗਾ ਤਾਂ ਉਸ ਨੂੰ ਖਰੀਦੇ ਹੋਏ ਝੋਲੇ/ਥੈਲੇ ਦੀ ਕੀਮਤ ਵੀ ਵਾਪਿਸ ਮਿਲੇਗੀ।
ਜ਼ੋਨਲ ਕਮਿਸ਼ਨਰ ਡਾ. ਪੂਨਮਪ੍ਰੀਤ ਕੌਰ ਵੱਲੋਂ ਵੱਖ-ਵੱਖ ਮਾਰਕੀਟਾਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਵਿੱਚ 2 ਵੱਖ-ਵੱਖ ਮਾਰਕੀਟਾਂ ਦੇ ਸਹਿਯੋਗ ਦੀ ਲੋੜ ਹੈ ਅਤੇ ਚਾਹਵਾਨ ਨੁਮਾਇੰਦੇ ਮੋਬਾਇਲ ਨੰਬਰ 98783-60569 ਅਤੇ 79739-20590 ‘ਤੇ ਸੰਪਰਕ ਕਰ ਸਕਦੇ ਹਨ।