ਤੇਰੇ ਕੋਲ ਕਿਤਾਬ ਪਈ ਹੈ, ਕਿਉਂ ਨਹੀਂ ਫੜਦਾ।
ਜਬਰ ਜ਼ੁਲਮ ਜੋ ਕੰਧ‘ਤੇ ਲਿਖਿਐ, ਕਿਉਂ ਨਹੀਂ ਪੜ੍ਹਦਾ।
ਗੁਰਭਜਨ ਗਿੱਲ ਦਾ ਇਨਸਾਨੀ ਕਦਰਾਂ ਕੀਮਤਾਂ ਨਾਲ ਜੋੜਦਾ ਗ਼ਜ਼ਲ ਸੰਗ੍ਰਹਿ ਗੁਲਨਾਰ —ਜਸਪ੍ਰੀਤ ਸਿੰਘ ਬਠਿੰਡਾ(9988646091)
ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਕਿਤਾਬ ਗੁਲਨਾਰ ਗਜ਼ਲ ਸੰਗ੍ਰਿਹ ਹੈ, ਜਿਸ ਵਿੱਚ ਸ਼ਾਇਰ ਵੱਲੋਂ ਆਪਣੀਆਂ ਭਾਵਨਾਵਾਂ ਤੇ ਜਜ਼ਬਾਤ ਰਾਹੀਂ ਸਮਾਜਿਕ ਹਾਲਾਤ,ਮਨੁੱਖੀ ਸੰਵੇਦਨਾਵਾਂ, ਕਦਰਾਂ-ਕੀਮਤਾਂ, ਰਿਸ਼ਤਿਆਂ ਦੀ ਮਜਬੂਤੀ’ਤੇ ਸਾਂਝ, ਆਮ-ਖਾਸ ਵਿੱਚ ਭੇਦਭਾਵ ਅਤੇ ਮਨ ਦੇ ਅਹਿਸਾਸ ਨੂੰ ਖੂਬਸੂਰਤ ਸ਼ਾਇਰੀ ਅਤੇ ਕਾਫੀਏ-ਰਦੀਫਾਂ ਰਾਹੀਂ ਕਲਮਬੱਧ ਕੀਤਾ ਹੈ ਜੋ ਪੜਨ ਵਾਲੇ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਬਹੁਤ ਕੁਝ ਸਾਡੇ ਦਿਲੋ-ਦਿਮਾਗ ਵਿੱਚ ਚੱਲਣ ਲੱਗ ਪੈਂਦਾ ਹੈ।
ਉਹਨਾਂ ਦੀਆਂ ਵੱਖ ਵੱਖ ਗਜ਼ਲਾਂ ਪੜ੍ਹ ਕੇ ਸਾਨੂੰ ਏਦਾਂ ਲੱਗਦਾ ਹੈ ਜਿਵੇਂ ਕਿ ਅਸੀਂ ਉਹ ਸਭ ਕੁਝ ਦੇਖ ਸੁਣ ਰਹੇ ਹਾਂ ਜੋ ਸਾਡੇ ਲਈ ਹੀ ਉਕਰਿਆ ਗਿਆ ਹੋਵੇ ਅਤੇ ਸਾਨੂੰ ਮਨੁੱਖੀ ਰਿਸ਼ਤਿਆਂ ਅਤੇ ਅਸਲ ਜ਼ਿੰਦਗੀ ਦੇ ਨੈਤਿਕ ਗੁਣਾਂ ‘ਤੇ ਸਦਾਚਾਰਕਤਾ ਨਾਲ ਜੋੜ ਰਹੀ ਹੋਵੇ। ਇਹ ਕਿਤਾਬ ਵਿਸ਼ੇਸ਼ ਕਰ ਕੇ ਸਾਡੇ ਪੰਜਾਬ ਸੂਬੇ ਦੇ ਲੋਕਾਂ, ਇੱਥੋਂ ਦੇ ਹਾਲਾਤਾਂ, ਨਸ਼ੇ/ਹਿੰਸਾ ਆਦਿ ਵਰਗੀਆਂ ਗੰਭੀਰ ਸਮੱਸਿਆਵਾਂ ਬਾਰੇ ਸੋਚਣ ਲਈ ਸਾਨੂੰ ਮਜਬੂਰ ਕਰਦੀ ਹੈ। ਏਨਾ ਹੀ ਨਹੀਂ, ਗੁਲਨਾਰ ਸਾਨੂੰ ਅਮੀਰ ਵਿਰਸੇ ਅਤੇ ਗੁਰੂਆਂ-ਪੀਰਾਂ ਦੀ ਦਿੱਤੀ ਗਈ ਅਮੀਰ ਅਧਿਆਤਮਕ ‘ਤੇ ਸ਼ਬਦ ਪੂੰਜੀ ਨਾਲ ਵੀ ਜੋੜਦੀ ਹੈ। ਜਿਵੇਂ ਇਸ ਕਿਤਾਬ ਵਿੱਚੋ ਇਹ ਸ਼ੇਅਰ-
ਕਦੇ ਨਸ਼ਿਆਂ ਦੀ ਮਾਰ, ਕਦੇ ਹੱਥ ਹਥਿਆਰ
ਓਥੇ ਏਹੀ ਕੁਝ ਹੋਊ, ਜਿੱਥੋਂ ਖੁੱਸ ਗਈ ਕਿਤਾਬ।
ਇਸ ਸ਼ਿਅਰ ਰਾਹੀਂ ਜਿੱਥੇ ਕਿ ਪ੍ਰਤੀਕਾਤਮਕ ਰੂਪ ਵਿੱਚ ਸ਼ਾਇਰ ਵੱਲੋਂ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ, ਗੈਂਗਵਾਰ ਅਤੇ ਨਸ਼ਿਆਂ ਦੇ ਮੁੱਦੇ ਵੱਲ ਸਾਡਾ ਧਿਆਨ ਲਿਆਂਦਾ ਹੈ, ਉੱਥੇ ਹੀ ਗੁਰਭਜਨ ਗਿੱਲ ਵੱਲੋਂ ਇਸਦਾ ਹੱਲ ਅਤੇ ਇਸ ਪਿੱਛੇ ਲੁਕੇ ਕਾਰਨਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ। ਉਹ ਸਾਫ਼ ਕਹਿੰਦਾ ਹੈ ਕਿ ਸ਼ਬਦ ਅਤੇ ਕਿਤਾਬ ਤੋਂ ਟੁੱਟਣਾ ਹੀ ਪੰਜਾਬ ਦੀ ਸਰਬ ਪੱਖੀ ਗਿਰਾਵਟ ਦਾ ਅਸਲ ਕਾਰਨ ਹੈ।
ਏਨਾ ਹੀ ਨਹੀਂ ਆਪਣੇ ਪੁਰਾਣੇ ਸ਼ਿਅਰਾਂ ਅਤੇ ਨਜ਼ਮਾਂ ਦੀ ਤਰਾਂ ਗੁਰਭਜਨ ਗਿੱਲ ਵੱਲੋਂ ਇਸ ਕਿਤਾਬ ਦੀਆਂ ਵੱਖ ਵੱਖ ਗਜ਼ਲਾਂ ਰਾਹੀਂ ਵੀ ਊੜਾ ਅਤੇ ਜੂੜਾ ਦੋਵੇਂ ਸਾਂਭਣ ਦੀ ਗੱਲ ਆਖੀ ਗਈ ਹੈ ਅਤੇ ਬਾਰ ਬਾਰ ਸਾਨੂੰ ਸਾਡੀ ਬੋਲੀ ਅਤੇ ਵਿਰਸੇ ਨਾਲ ਜੁੜਨ ਦਾ ਸਪਸ਼ਟ ਇਸ਼ਾਰਾ ਕੀਤਾ ਗਿਆ ਹੈ।
ਸਾਨੂੰ ਸਾਡੀ ਵਿਰਾਸਤ, ਕਿਤਾਬ ਨਾਲ ਜੋੜਨ ਲਈ ਗੁਰਭਜਨ ਗਿੱਲ ਵੱਲੋਂ ਬਾਰ ਬਾਰ ਆਪਣੀਆਂ ਗਜ਼ਲਾਂ ਤੇ ਸ਼ਿਅਰਾਂ ਰਾਹੀਂ ਸਾਡਾ ਧਿਆਨ ਖਿੱਚ ਕੇ ਸਾਨੂੰ ਨੈਤਿਕ ਰਾਹਾਂ ‘ਤੇ ਚੱਲਣ ਲਈ ਖਿੱਚਿਆ ਹੈ। ਜਿਸਦਾ ਜ਼ਿਕਰ ਉਨ੍ਹਾਂ ਵੱਲੋਂ ਹੇਠ ਲਿਖੇ ਸ਼ਿਅਰ ਵਿੱਚ ਵੀ ਬਾਖੂਬੀ ਤਰੀਕੇ ਨਾਲ ਕੀਤਾ ਗਿਆ ਹੈ, ਜਿਸ ਵਿੱਚ ਉਹ ਨਾ ਕੇਵਲ ਸਾਨੂੰ ਸਹੀ ਰਾਹ ਵੱਲ ਵਾਪਿਸ ਪਰਤਣ ਲਈ ਪੁਕਾਰਦਾ ਹੈ ਬਲਕਿ ਦੁਨਿਆਵੀ ਮੋਹ ਅਤੇ ਸਹੂਲਤਾਂ ਪਾਉਣ ਦੇ ਲਾਲਚ ਵਿੱਚ ਆਪਣੇ ਮਨ ਦੇ ਗਵਾਚੇ ਚੈਨ ਅਤੇ ਫ਼ੈਲੀ ਬੇਵਸੀ ਨੂੰ ਵੀ ਕਾਗਜ਼ ਉੱਪਰ ਉਕਰਿਆ ਗਿਆ ਹੈ।
ਪੋਥੀ ਪੰਥ ਭੁਲਾ ਕੇ ਆਪਾਂ, ਤੁਰ ਪਏ ਆਂ ਜੀ ਕਿਹੜੇ ਰਾਹ,
ਮਨ ਦਾ ਪੰਛੀ ਭਟਕ ਰਿਹਾ ਹੈ, ਭਾਵੇਂ ਅੰਬਰ ਗਾਹੁੰਦਾ ਹੈ।
ਗੁਰਭਜਨ ਗਿੱਲ ਵੱਲੋਂ ਗੁਲਨਾਰ ਰਾਹੀਂ ਕੇਵਲ ਆਪਣੇ ਮਨ ਦੇ ਭਾਵ ਹੀ ਨਹੀਂ ਸਾਂਝੇ ਕੀਤੇ ਗਏ ਸਗੋਂ ਸਮਾਜਿਕ ਤਾਣੇ ਬਾਣੇ, ਆਧੁਨਿਕਤਾ ਦੇ ਦੁਰ ਪ੍ਰਭਾਵ, ਗਲੋਬਲਾਈਜੇਸ਼ਨ ਵਿੱਚ ਜਕੜੇ ਮਨੁੱਖ ਦੀਆਂ ਮਜਬੂਰੀਆਂ ਅਤੇ ਉਲਝੀ ਹੋਈ ਮਾਨਸਿਕਤਾ ਨੂੰ ਵੀ ਦ੍ਰਿਸ਼ਟਮਾਨ ਕੀਤਾ ਹੈ। ਜਿਵੇਂ ਉਨ੍ਹਾਂ ਦਾ ਸ਼ਿਅਰ ਹੈ-
ਮਾਲ ਪਲਾਜ਼ੇ, ਬਦਲੇ ਖਾਜੇ, ਕਿੱਥੋਂ ਕਿੱਧਰ ਤੁਰ ਪਏ ਆਂ,
ਮੰਡੀ ਦੇ ਵਿੱਚ ਵਿਕ ਚੱਲੇ ਹਾਂ, ਕਰਦੇ ਰੋਜ਼ ਖਰੀਦਾਂ ਨੂੰ।
ਇਸ ਤਰ੍ਹਾਂ ਉਹਨਾਂ ਵੱਲੋਂ ਦਿਖਾਇਆ ਗਿਆ ਹੈ ਕਿ ਕਿਵੇਂ ਅਸੀਂ ਸੰਸਾਰਕ ਪਦਾਰਥਾਂ ਦੇ ਲੋਭ ਵਿੱਚ ਉਲ਼ਝੇ ਉਸ ਰਾਸਤੇ ਤੇ ਚੱਲ ਪਏ ਹਾਂ ਜਿਸ ਦੀ ਸਾਨੂੰ ਜਰੂਰਤ ਨਹੀ ਸੀ ਸਗੋਂ ਮੰਡੀ ਦੀ ਲੋੜ ਸੀ। ਏਨਾ ਹੀ ਨਹੀਂ ਬਲਕਿ ਅਸੀਂ ਆਪਣਾ ਆਪ ਹੀ ਵੇਚ ਰਹੇ ਹਾਂ। ਉਨ੍ਹਾਂ ਵੱਲੋਂ ਹੋਰ ਵੀ ਕਈ ਏਦਾਂ ਦੇ ਸ਼ੇਅਰ ਲਿਖੇ ਗਏ ਹਨ ਜਿੰਨ੍ਹਾਂ ਵਿੱਚ ਉਨ੍ਹਾਂ ਆਪਣੀ ਗੱਲ ਤਾਂ ਕਹੀ ਹੀ ਹੈ ਪਰ ਨਾਲ ਨਾਲ ਵਿਸ਼ਵੀਕਰਨ ਦੀਆਂ ਚੱਲੀਆਂ ਵੱਡੀਆਂ ਸਾਜਿਸ਼ਾਂ ਰਾਹੀਂ ਲੋਕਾਂ ਵਿੱਚ ਪਈਆਂ ਵੰਡੀਆਂ ਅਤੇ ਆਪਣਿਆਂ ਦਾ ਆਪਣਿਆਂ ਤੋਂ ਹੀ ਦੂਰ ਹੋਣ ਬਾਰੇ ਵੀ ਜ਼ਿਕਰ ਕੀਤਾ ਹੈ। ਜਿਵੇਂ ਉਹ ਦੱਸਦੇ ਹਨ ਕਿ ਸ਼ਹਿਰਾਂ ਵਾਲੇ ਤਾਂ ਆਧੁਨਿਕਤਾ ਦੇ ਲਗਾਤਾਰ ਨੇੜੇ ਜਾ ਰਹੇ ਹੁੰਦੇ ਹਨ ਜਦਕਿ ਇਸਦੇ ਉਲਟ ਪੇਂਡੂ ਗਲੀਆਂ ਵਿੱਚ ਰਹਿਣ ਵਾਲੇ ਸਾਦੇ ਜਿਹੇ ਲੋਕ ਹਾਲੇ ਵੀ ਉੱਚ ਤਕਨੀਕਾਂ ਤੋਂ ਦੂਰ ਹਨ। ਇਹੋ ਭਾਵ ਉਹਨਾਂ ਵੱਲੋਂ ਆਪਣੇ ਸ਼ਿਅਰ ਰਾਹੀਂ ਦੱਸਿਆ ਹੈ ਜਿੱਥੇ ਉਨ੍ਹਾਂ ਲਿਖਿਆ ਹੈ ਕਿ ਪਿੰਡਾਂ ਵਾਲਿਆਂ ਲਈ ਵੱਡਾ ਸ਼ਹਿਰ ਚੰਡੀਗੜ੍ਹ ਹਾਲੇ ਵੀ ਦੂਰ ਹੈ, ਜਦਕਿ ਸ਼ਹਿਰਾਂ ਵਾਲਿਆਂ ਨੂੰ ਇਹ ਦੂਰੀ ਹੁਣ ਓਨੀ ਲੰਮੀ ਜਾਂ ਭਾਰੀ ਨਹੀ ਲੱਗਦੀ।
ਰਿਸ਼ਤੇ ਇਨਸਾਨ ਦੇ ਲਈ ਸਭ ਤੋਂ ਵੱਧ ਅਹਿਮੀਅਤ ਰੱਖਦੇ ਹੁੰਦੇ ਹਨ। ਉਨ੍ਹਾਂ ਵਿੱਚੋਂ ਵੀ ਸਭ ਤੋਂ ਕਰੀਬ ਅਤੇ ਦਿਲ ਦੇ ਨਜ਼ਦੀਕ ਮਾਂ ਦਾ ਰਿਸ਼ਤਾ ਹੁੰਦਾ ਹੈ। ਗੁਰਭਜਨ ਗਿੱਲ ਦਾ ਵੀ ਆਪਣੀ ਮਾਂ ਨਾਲ ਬਹੁਤ ਸਨੇਹ ਸੀ ਅਤੇ ਉਹ ਬਾਰ ਬਾਰ ਆਪਣੀ ਮਾਂ ਦਾ ਜ਼ਿਕਰ ਆਪਣੀਆਂ ਗ਼ਜ਼ਲਾਂ ਵਿੱਚ ਕਰਦੇ ਹੋਏ ਪਾਠਕਾਂ ਨੂੰ ਮਾਂ-ਪੁੱਤ ਦੇ ਰਿਸ਼ਤੇ ਨਾਲ ਜੋੜਦਾ ਹੈ ਅਤੇ ਨਾਲ ਦੀ ਨਾਲ ਉਨ੍ਹਾਂ ਨੂੰ ਇਸ ਨਿੱਘੇ ਰਿਸ਼ਤੇ ਦਾ ਖਾਸ ਧਿਆਨ ਰੱਖਣ ਲਈ ਵੀ ਪ੍ਰੇਰਦਾ ਹੈ। ਉਨ੍ਹਾਂ ਦੀ ਗਜ਼ਲ ਜਿਸ ਵਿੱਚੋਂ ਇਹ ਸ਼ਿਅਰ ਪੜ੍ਹੋ।
ਮਾਂ ਦੇ ਹੁੰਦਿਆਂ, ਇੱਟ ਖੜਿੱਕਾ ਚੱਲਦਾ ਸੀ,
ਹੁਣ ਨਹੀਂ ਹੁੰਦਾ ਕਿਸੇ ਨਾਲ ਤਕਰਾਰ ਮਿਰਾ।
ਇਸ ਗ਼ਜ਼ਲ ਰਾਹੀਂ ਜਿੱਥੇ ਗੁਰਭਜਨ ਗਿੱਲ ਵੱਲੋਂ ਰਿਸ਼ਤਿਆਂ ਦੀ ਮਹਿਕ ਬਿਖੇਰੀ ਗਈ ਹੈ, ਉੱਥੇ ਹੀ ਇਨ੍ਹਾਂ ਦੀ ਸੰਭਾਲ ਲਈ ਵੀ ਸਾਨੂੰ ਚੌਕਸ ਕੀਤਾ ਗਿਆ ਹੈ। ਏਨਾ ਹੀ ਨਹੀ ਬਲਕਿ ਇਹ ਪੂਰੀ ਗਜ਼ਲ ਅਤੇ ਹੋਰ ਵੀ ਕਈ ਗਜ਼ਲਾਂ ਤੇ ਉਨ੍ਹਾਂ ਦੇ ਸ਼ੇਅਰਾਂ ਰਾਹੀਂ ਸਾਨੂੰ ਰਿਸ਼ਤਿਆਂ ਦੀ ਕੋਮਲਤਾ ਅਤੇ ਉਨ੍ਹਾਂ ਦੀ ਜਿੰਮੇਵਾਰੀ ਦੇ ਨਾਲ ਜੋੜਿਆ ਹੈ ਜੋਕਿ ਬਹੁਤ ਹੀ ਜਿੰਮੇਵਾਰਾਨਾ ਗਜ਼ਲਕਾਰੀ ਹੈ।
ਆਪਣੀ ਧਰਤੀ ਨਾਦ ਪੁਸਤਕ ਵਿੱਚ:
“ਮਾਏ ਨੀ ਇੱਕ ਲੋਰੀ ਦੇਦੇ, ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇਦੇ” ਗੀਤ ਰਾਹੀਂ ਗੁਰਭਜਨ ਗਿਲ ਵੱਲੋਂ ਪੁੱਤਰ ਹੋਣ ਦੀ ਲਾਲਸਾ ਅਤੇ ਸਮਾਜਿਕ ਤਾਣੇ ਬਾਣੇ ਦੀ ਗੰਧਲੀ ਤਸਵੀਰ ਨੂੰ ਸਾਹਮਣੇ ਲਿਆਂਦਾ ਗਿਆ ਸੀ, ਉੱਥੇ ਹੀ ਕਿਤਾਬ ਗੁਲਨਾਰ ਰਾਹੀਂ ਵੀ ਇਸ ਸਮਾਜਿਕ ਬੁਰਾਈ ਅਤੇ ਪੁੱਤਰ ਦੇ ਮੁਕਾਬਲੇ ਧੀ ਨਾਲ ਹੁੰਦੇ ਵਿਤਕਰੇ ਨੂੰ ਵੀ ਜੱਗ ਜ਼ਾਹਿਰ ਕੀਤਾ ਗਿਆ। ਉਨ੍ਹਾਂ ਦੇ ਬਹੁਤ ਸਾਰੇ ਸ਼ਿਅਰਾਂ ਵਿੱਚ ਅਜਿਹੀ ਭਾਵਨਾ ਸਾਫ਼ ਝਲਕਦੀ ਹੈ। ਉਨ੍ਹਾਂ ਵਿੱਚੋਂ ਹੀ ਇਹ ਸ਼ਿਅਰ ਹੈ ਜੋ ਸਾਨੂੰ ਸਮਾਜ ਵਿੱਚ ਸ਼ਰੇਆਮ ਹੋ ਰਹੇ ਲਿੰਗ ਭੇਦਭਾਵ ਦੇ ਦੁੱਖ ਨੂੰ ਪੇਸ਼ ਕਰਦਾ ਹੈ-
ਧੀਆਂ ਨੂੰ ਧਨ ਆਖਣ ਵਾਲਿਓ, ਇਸ ਗੱਲ ਦਾ ਵੀ ਕਰੋ ਨਿਤਾਰਾ,
ਮੇਰਾ ਬਾਪੂ ਨਿੰਮੋਝੂਣਾ, ਪੁੱਤ ਵਾਲਾ ਬਲਵਾਨ ਕਿਉਂ ਹੈ?
21ਵੀਂ ਸਦੀ ਦੇ ਤੇਜ਼ ਰਫਤਾਰ ਯੁੱਗ ਵਿੱਚ ਨਾ ਕੋਈ ਹੋਰ ਬਲਕਿ ਇਨਸਾਨ ਹੀ ਖ਼ੁਦ ਦਾ ਦੁਸ਼ਮਣ ਬਣ ਬੈਠਾ ਹੈ। ਜਿਸ ਵੱਲੋਂ ਦੁਨੀਆਂ ਦੀਆਂ ਅੱਗੇ ਵਧਣ ਦੀਆਂ ਨੀਤੀਆਂ ਵਿੱਚ ਉੱਤਰਦੇ ਹੋਏ ਆਪਣੇ ਆਪ ਨੂੰ ਗੁਆ ਕੇ ਮੰਡੀ ਵਿੱਚ ਖੜ੍ਹਾ ਕਰ ਲਿਆ ਗਿਆ ਹੈ। ਲੇਖਕ ਅਜਿਹੇ ਭਾਵਾਂ ਨੂੰ ਵੀ ਬਾਰ ਬਾਰ ਦ੍ਰਿਸ਼ਟਮਾਨ ਕਰਦਾ ਹੋਇਆ ਲਿਖਦਾ ਹੈ ਜਿਵੇਂ ਕਿ-
ਚੱਲ ਓ ਭਰਾਵਾ ਪਹਿਲਾਂ ਓਸ ਨੂੰ ਹੀ ਮਾਰੀਏ,
ਤੇਰੇ ਮੇਰੇ ਮਨ ਵਿਚ ਬੈਠਾ ਜਿਹੜਾ ਚੋਰ ਹੈ।
ਆਧੁਨਿਕਤਾ ਦਾ ਪ੍ਰਭਾਵ ਅਤੇ ਦੇਸ਼ ਛੱਡਣ ਦੀ ਪ੍ਰਵਿਰਤੀ ਸਾਡੇ ਮਨਾਂ ਵਿੱਚ ਘਰ ਕਰ ਗਈ ਹੈ। ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਅੱਜ ਪਿੰਡਾਂ ਸ਼ਹਿਰਾਂ ਵਿੱਚੋਂ ਕੋਈ ਹੀ ਪਰਿਵਾਰ ਐਸਾ ਮਿਲਦਾ ਹੈ, ਜਿਸਦਾ ਕੋਈ ਪਰਿਵਾਰਕ ਮੈਂਬਰ ਕਿਸੇ ਵਿਦੇਸ਼ੀ ਧਰਤੀ ਤੇ ਰੋਜ਼ੀ ਰੋਟੀ ਜਾਂ ਆਪਣੇ ਸੁਪਨਿਆਂ ਦੀ ਉਡਾਰੀ ਭਰਨ ਲਈ ਨਾ ਗਿਆ ਹੋਵੇ। ਇਸ ਹੋੜ ਨੂੰ ਲਿਖਦਿਆਂ ਗੁਰਭਜਨ ਗਿੱਲ ਕਹਿੰਦਾ ਹੈ ਕਿ
ਵਤਨ ਮੇਰੇ ਵਿੱਚ ਧੀਆਂ ਪੁੱਤਰ ਇੱਕ ਵੀ ਰਹਿਣਾ ਚਾਹੁੰਦਾ ਨਹੀਂ,
ਕਿਹੜਾ ਕਹਿੰਦੈ ਸੋਨ ਚਿੜੀ ਨੂੰ, ਹੋਈ ਇਹ ਬਰਬਾਦ ਨਹੀਂ।
ਰਾਜਨੀਤੀ ਨਾ ਕੇਵਲ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ ਬਲਕਿ ਇਹ ਸਾਡੀ ਜ਼ਿੰਦਗੀ ਜਿਉਣ ਦੇ ਢੰਗ ਤੋਂ ਲੈ ਕੇ ਨਿਯਮਾਂ ਤੇ ਕਾਨੂੰਨ ਦਾ ਵੀ ਬਦਲਵਾਂ ਮੁੱਢ ਬੰਨ੍ਹਦੀ ਹੈ ਜਿਸ ਨੂੰ ਅਪਣਾਉਂਦੇ ਹੋਏ ਅਸੀਂ ਆਪਣੀ ਜੀਵਨ ਸ਼ੈਲੀ ਨੂੰ ਨਾ ਚਾਹੁੰਦੇ ਹੋਏ ਵੀ ਬਦਲਣ ਲਈ ਮਜਬੂਰ ਹੁੰਦੇ ਹਾਂ।
ਗੁਰਭਜਨ ਗਿੱਲ ਵੱਲੋਂ ਗੁਲਨਾਰ ਰਾਹੀਂ ਇਸ ਦਰਦ ‘ਤੇ ਸਮੱਸਿਆ ਦਾ ਵੀ ਬਾਖ਼ੂਬੀ ਵਰਨਣ ਕੀਤਾ ਗਿਆ ਹੈ ਅਤੇ ਉਹਨਾਂ ਦੇ ਸ਼ਿਅਰਾਂ ਰਾਹੀਂ ਸਾਡੇ ਦੇਸ਼ ਦੀ ਮੌਜੂਦਾ ਰਾਜਨੀਤੀ ਅਤੇ ਰਾਜਨੇਤਾਵਾਂ ਦੇ ਨਿੱਘਰੇ ਕਿਰਦਾਰ ਉੱਪਰ ਵੱਖ ਵੱਖ ਸ਼ਿਅਰਾਂ ਰਾਹੀਂ ਤਿੱਖਾ ਕਟਾਕਸ਼ ਕੱਸਿਆ ਗਿਆ ਹੈ। ਉਸ ਵੱਲੋਂ ਸਿਆਸੀ ਨੇਤਾਵਾਂ ਨੂੰ ਉਨ੍ਹਾਂ ਦੇ ਦਿਲ ਦੀ ਆਵਾਜ਼ ਸੁਣ ਕੇ ਚੰਗੇ ਕਿਰਦਾਰ ਵਿੱਚ ਵਾਪਿਸ ਪਰਤਣ ਦਾ ਸੁਨੇਹਾ ਵੀ ਦਿੱਤਾ ਗਿਆ ਹੈ। ਇਸ ਕਾਰਜ ਲਈ ਵਰਤੇ ਗਏ ਸ਼ਬਦ ਅਤੇ ਉਦਾਹਰਣਾਂ ਵੀ ਬਹੁਤ ਬਲਵਾਨ ਹਨ। ਜ਼ਾਲਮ ਮੁਗਲ ਸ਼ਾਸਕ ਔਰੰਗਜ਼ੇਬ ਤੋਂ ਵੀ ਬੇਸ਼ਰਮ ਤੇ ਢੀਠ ਦੱਸਿਆ ਹੈ।
ਔਰੰਗਜ਼ੇਬ ਉਦਾਸ ਕਬਰ ਵਿਚ, ਅੱਜ ਕੱਲ੍ਹ ਏਦਾ ਸੋਚ ਰਿਹਾ ਹੈ,
ਅੱਜ ਦੇ ਹਾਕਮ ਵਰਗਾ ਬਣਦਾ, ਮੈਂ ਖ਼ਤ ਪੜ੍ਹ ਕੇ ਕਿਉਂ ਮਰਨਾ ਸੀ।
ਇਸ ਸ਼ਿਅਰ ਤੋਂ ਇਲਾਵਾ ਉਸ ਵੱਲੋਂ ਬਾਰ ਬਾਰ ਹੋਰ ਸ਼ਿਅਰਾਂ ਰਾਹੀਂ ਵੀ ਸਿਆਸਤ ਦੇ ਗੰਧਲ਼ੇ ਮਿਆਰ ਅਤੇ ਆਮ ਲੋਕਾਈ ਅਤੇ ਖਾਸ ਕਰ ਗਰੀਬ ‘ਤੇ ਮਜਬੂਰ ਵਰਗ ਦੇ ਦਰਦ ਦੀ ਗੱਲ ਵੀ ਕੀਤੀ ਗਈ ਹੈ।
ਗੁਰਭਜਨ ਗਿੱਲ ਵੱਲੋਂ ਇਸੇ ਹੀ ਭਾਵਨਾ ਨਾਲ ਹੋਰ ਥਾਂ ਲਿਖਿਆ ਗਿਆ ਹੈ ਜਿਸ ਤੋਂ ਸਾਨੂੰ ਉਨ੍ਹਾਂ ਦੇ ਸਮਾਜ ਬਾਰੇ ਫਿਕਰ ਅਤੇ ਗਾਇਬ ਹੋ ਰਹੀਆਂ ਨੈਤਿਕ ਕੀਮਤਾਂ ਦੀ ਪੀੜ ਦਾ ਪਤਾ ਲੱਗਦਾ ਹੈ।
ਅੰਨ੍ਹੇ ਗੁੰਗੇ ਬੋਲ਼ੇ ਹੋ ਗਏ ਕੁਰਸੀਆਂ ਵਾਲੇ,
ਸੁਣਦੇ ਨਾ ਫ਼ਰਿਆਦ ਭਲਾ ਜੀ, ਕਿਸ ਨੂੰ ਕਹੀਏ।
ਮੰਡੀ ਬੈਠੇ ਰਿਸ਼ਤੇ ਨਾਤੇ, ਪਥਰਾਈ ਔਕਾਤ ਕਿਉਂ ਹੈ।ਲੋਭ ਲਾਲਚ ਵਿੱਚ ਫਸਿਆ ਮਨੁੱਖ ਨਾ ਕੇਵਲ ਆਪਣੀ ਜ਼ਿੰਦਗੀ ਜਾਂ ਆਪਣੇ ਪਿਆਰਿਆਂ ਲਈ ਉਲਝਣ ਬਣਦਾ ਹੈ। ਸਗੋਂ ਉਹ ਇਸ ਦੌਰਾਨ ਕੁਦਰਤੀ ਸਰੋਤਾਂ ਅਤੇ ਕੁਦਰਤ ਦੀਆਂ ਬਖ਼ਸ਼ੀਆਂ ਦਾਤਾਂ ਦਾ ਵੀ ਮਜ਼ਾਕ ਬਣਾਉਂਦਾ ਹੋਇਆ ਇੱਕ ਮੁਸੀਬਤ ਨੂੰ ਮੁੱਲ ਲੈ ਰਿਹਾ ਹੈ।
ਗੁਰਭਜਨ ਗਿੱਲ ਵੱਲੋਂ ਇਸ ਕਿਤਾਬ ਦੇ ਅਨੇਕ ਪੰਨਿਆਂ ਤੇ ਇਸ ਮੁਸੀਬਤ ਬਾਰੇ ਵੀ ਆਪਣੀ ਚਿੰਤਾ ਨੂੰ ਪਾਠਕਾਂ ਅੱਗੇ ਰੱਖਿਆ ਹੈ। ਭਾਵੇਂ ਪੌਣ ਹੈ ਜਾਂ ਪਾਣੀ।
ਵਾਤਾਵਰਣ ਪ੍ਰਤੀ ਆਪਣੀ ਫ਼ਿਕਰਮੰਦੀ ਬਿਆਨ ਕਰਦੇ ਹੋਏ ਪਾਠਕਾਂ ਨੂੰ ਸਾਡੀ ਡਿੱਗ ਰਹੀ ਨੈਤਿਕਤਾਂ ਨੂੰ ਹਲ਼ੂਣਾ ਦਿੰਦੇ ਹੋਏ ਨਦੀਆਂ, ਦਰਿਆਵਾਂ ਦੇ ਪਾਣੀ ਦੀ ਅਵੇਸਲੀ ਅਤੇ ਗੈਰ-ਜਿੰਮੇਵਾਰਾਨਾ ਵਰਤੋਂ ਬਾਰੇ ਵੀ ਸਾਨੂੰ ਸਪਸ਼ਟ ਤੌਰ ਤੇ ਇਨ੍ਹਾਂ ਸ਼ਿਅਰਾਂ ਰਾਹੀਂ ਪਤਾ ਲੱਗਦਾ ਹੈ,ਮਰਿਆਦਾ ਦੇ ਰਾਖੇ ਇਹ ਕੀ ਸਬਕ ਪੜ੍ਹਾਉਂਦੇ ਨਦੀਆਂ ਨੂੰ,
ਥੈਲੀ ਬਦਲੇ ਵੇਚਣਗੇ ਇਹ, ਜਲ ਵਗਦੇ ਦਰਿਆਵਾਂ ਦੇ।
ਯਕੀਨਨ ਇਹ ਫ਼ਿਕਰਮੰਦੀ ਪੂਰੀ ਤਰ੍ਹਾਂ ਵਾਜਿਬ ਹੈ। ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਨਾ ਕੇਵਲ ਵੱਧ ਮੁਨਾਫ਼ਾ ਕਮਾਉਣ ਦੀ ਲਾਲਸਾ ਨਾਲ ਆਪਣੀਆਂ ਨੈਤਿਕ ਕੀਮਤਾਂ ਤੋਂ ਭੱਜਦੇ ਹਨ ਬਲਕਿ ਨਦੀਆਂ, ਦਰਿਆਵਾਂ ਦੇ ਜਲ ਜੋ ਸਾਨੂੰ ਕੁਦਰਤ ਦੀ ਦੇਣ ਹੈ ਉਸ ਨੂੰ ਵੀ ਵੇਚਣ ਜਾ ਰਹੇ ਹਾਂ ਜਦਕਿ ਸਾਡਾ ਫ਼ਰਜ਼ ਉਹਨਾਂ ਦੀ ਰਾਖੀ ਕਰਨਾ ਬਣਦਾ ਹੈ।
ਇਸਤੋਂ ਵੀ ਅੱਗੇ ਲਿਖਦਿਆਂ ਗੁਰਭਜਨ ਗਿੱਲ ਸਾਡੇ ਵੱਲੋਂ ਕੀਤੇ ਜਾ ਰਹੇ ਅਸੰਤੁਲਿਤ ਵਿਕਾਸ ਬਾਰੇ ਵੀ ਫ਼ਿਕਰਮੰਦੀ ਜ਼ਾਹਿਰ ਕਰਦਾ ਹੈ ਅਤੇ ਅਹਿਸਾਸ ਕਰਵਾਉਂਦਾ ਹੈ ਕਿ ਅਸੀਂ ਇਹ ਕਿਸ ਅੱਗੇ ਵਧਣ ਦੀ ਦੌੜ ਵਿੱਚ ਨਿਰੰਤਰ ਲੱਗੇ ਹੋਏ ਹਾਂ।
ਜਦਕਿ ਮਨਾਂ ਵਿੱਚ ਲਗਾਤਾਰ ਉਦਾਸੀ ਤੇ ਉਦਾਸੀਨਤਾ ਛਾ ਰਹੀ ਹੈ। ਸਾਨੂੰ ਦਿੱਤੇ ਗਏ ਅਸਲ ਸੁਨੇਹੇ ਅਤੇ ਕੂੜਾ ਕਚਰਾ ਸਾਫ਼ ਤੇ ਸ਼ੁੱਧਤਾ ਦਾ ਸੁਨੇਹਾ ਦੇਂਦਾ ਹੈ।
ਖ਼ੌਰੇ ਕੈਸਾ ਹੈ ਵਿਕਾਸ, ਜਿੱਥੇ ਨੱਬੇ ਨੇ ਉਦਾਸ,
ਆਖ ਘੜੀ ਮੁੜੀ ਸਾਨੂੰ ਕੂੜਾ ਗੀਤ ਨਾ ਸੁਣੌਣ।
ਸਿਰਫ਼ ਸਫਾਈ ਅਤੇ ਪਾਣੀ ਹੀ ਨਹੀਂ ਸਾਨੂੰ ਸਾਹ ਲੈਣ ਲਈ ਆਕਸੀਜ਼ਨ ਦੇਣ ਵਾਲੇ ਰੁੱਖਾਂ ਦੀ ਵੀ ਗੱਲ ਕੀਤੀ ਗਈ ਹੈ, ਜਿਸ ਰਾਹੀਂ ਉਹ ਇਨਸਾਨ ਨੂੰ ਦਰਖ਼ਤਾਂ ਦੀ ਸੰਭਾਲ ਕਰਨ ਲਈ ਪ੍ਰੇਰਦਾ ਹੈ।
ਗੁਰਭਜਨ ਗਿੱਲ ਵੱਲੋਂ ਇਸ ਕਿਤਾਬ ਵਿੱਚ ਬਾਰ ਬਾਰ ਦਰੱਖਤਾਂ ਦੀ ਸੰਭਾਲ ਦਾ ਜ਼ਿਕਰ ਕੀਤਾ ਗਿਆ ਹੈ।
ਹੇਠ ਲਿਖੀ ਗਜ਼ਲ ਦਾ ਸ਼ਿਅਰ ਹੈ ਜਿਸ ਰਾਹੀਂ ਉਸ ਧਾਰਮਿਕ ਗ੍ਰੰਥਾਂ ਵਿੱਚ ਦਰਖ਼ਤਾਂ ਦਾ ਰੁਤਬਾ ਪੀਰਾਂ ਦੇ ਬਰਾਬਰ ਹੋਣ ਦਾ ਦੱਸਦਿਆਂ ਸਾਨੂੰ ਇਹਨਾਂ ਦੀ ਬੇ ਰਹਿਮ ਕਟਾਈ ਤੋਂ ਵਰਜਿਆ ਹੈ।
ਧਰਮ ਗ੍ਰੰਥਾਂ ਵਿੱਚ ਮੰਨਦੇ ਪੀਰ ਦਰਖ਼ਤਾਂ ਨੂੰ।
ਕਾਹਨੂੰ ਚੀਰੀ ਜਾਵੇਂ ਅੱਜ ਤੂੰ ਵੀਰ ਦਰੱਖਤਾਂ ਨੂੰ।
ਕੇਵਲ ਇਹੀ ਨਹੀਂ ਇਸ ਗਜ਼ਲ ਸੰਗ੍ਰਹਿ ਵਿੱਚ ਬਾਰ ਬਾਰ ਮਨੁੱਖੀ ਕਦਰਾਂ ਕੀਮਤਾਂ, ਇਨਸਾਨੀ ਮਨੋ ਬਿਰਤੀ ਅਤੇ ਲਾਲਚ ਵੱਲ ਧਿਆਨ ਲੈ ਕੇ ਜਾਂਦੇ ਹੋਏ ਸਾਨੂੰ ਸੱਚਾਈ, ਕਿਰਤ, ਸਾਫ਼ ਦਿਲੀ ਤੇ ਹੰਕਾਰ ਰਹਿਤ ਸੋਚ ਨੂੰ ਅਪਨਾਉਣ ਲਈ ਪ੍ਰੇਰਿਆ ਹੈ।
ਗੁਲਨਾਰ ਵਿੱਚ ਬਾਰ ਬਾਰ ਗਰਜਣ, ਵਰਜਣ ਆਦਿ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਕਿ ਸਾਨੂੰ ਦੱਸਦੇ ਹਨ ਕਿ ਅਸੀਂ ਬਿਨਾ ਕਾਰਨ ਚੀਕ ਚਿਲਾ ਕੇ ਆਪਣੀ ਗੱਲ ਨੂੰ ਸਾਰਥਕ ਬਣਾਉਣ ਦੀ ਥਾਂ ਦਲੀਲ ਸਹਿਤ ਚੰਗੀ ਗੱਲ ਹੀ ਕਰੀਏ।