ਸ਼ਸ਼ੀ ਥਰੂਰ ਦੀ ਭਾਰਤੀ ਸਾਹਿੱਤ ਅਕਾਦਮੀ ਪੁਰਸਕਾਰ ਵਿਜੇਤਾ ਪੁਸਤਕ ‘ਅੰਧਕਾਰ ਯੁੱਗ’ ਪੰਜਾਬੀ ਵਿੱਚ ਲੋਕ ਅਰਪਨ -(ਪ੍ਰਕਾਸ਼ਕ ਲਾਹੌਰ ਬੁੱਕਸ, ਲੁਧਿਆਣਾ) I ਇਤਿਹਾਸ ਚੇਤਨਾ ਬਗੈਰ ਦੇਸ਼ ਦੇ ਮੌਜੂਦਾ ਗੁੰਝਲਦਾਰ ਹਾਲਾਤ ਨੂੰ ਸਮਝਣਾ ਆਸਾਨ ਨਹੀਂ। —ਡਾਃ ਸ਼ਸ਼ੀ ਥਰੂਰ I
ਲੁਧਿਆਣਾਃ 16 ਅਗਸਤ
ਦੇਸ਼ ਦੇ ਮੌਜੂਦਾ ਗੁੰਝਲਦਾਰ ਹਾਲਾਤ ਨੂੰ ਸਮਝਣ ਲਈ ਸਾਨੂੰ ਆਪਣਾ ਇਹਿਤਾਸ ਪਤਾ ਹੋਣਾ ਚਾਹੀਦਾ ਹੈ,” ਤਾਂ ਜੋ ਭਲੇ ਤੇ ਬੁਰੇ ਦੀ ਪਛਾਣ ਵਾਲੀ ਵਿਸ਼ਲੇਸ਼ਣੀ ਅੱਖ ਵਿਕਸਤ ਹੋ ਸਕੇ।
ਇਹ ਵਿਚਾਰ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਚਿੰਤਕ, ਯੂ ਐੱਨ ਓ ਵਿੱਚ ਸਾਬਕਾ ਅੰਡਰ ਸੈਟਰੀ ਜਨਰਲ ਤੇ ਸਾਬਕਾ ਕੇਂਦਰੀ ਬਦੇਸ਼ ਰਾਜ ਮੰਤਰੀ ਡਾਃ ਸ਼ਸ਼ੀ ਥਰੂਰ ਨੇ ਨਵੀਂ ਦਿੱਲੀ ਵਿਖੇ ਆਪਣੀ ਸੱਜਰੀ ਲਿਖੀ ਪੁਸਤਕ ਦੇ ਪੰਜਾਬੀ ਅਨੁਵਾਦ ਅੰਧਕਾਰ ਯੁਗਃ ਭਾਰਤ ਵਿੱਚ ਬਰਤਾਨਵੀ ਸਾਮਰਾਜ ਦੇ ਲੋਕ ਅਰਪਨ ਦੇ ਸੰਖੇਪ ਪਰ ਸਾਦੇ ਸਮਾਹੋਰ ਦੌਰਾਨ ਪ੍ਰਗਟ ਕੀਤੇ।
ਡਾਃ ਸ਼ਸ਼ੀ ਥਰੂਰ ਦੀ ਇਸ ਮਹੱਤਵਪੂਰਨ ਕਿਤਾਬ ਨੂੰ ਪੰਜਾਬੀ ਵਿੱਚ ਲਾਹੌਰ ਤੋਂ 1940 ਵਿੱਚ ਸਥਾਪਿਤ ਤੇ ਦੇਸ਼ ਵੰਡ ਉਪਰੰਤ ਲੁਧਿਆਣਾ ਵਿੱਚ ਕਾਰਜਸ਼ੀਲ ਪ੍ਰਕਾਸ਼ਨ ਘਰ ਲਾਹੌਰ ਬੁੱਕ ਸ਼ਾਪ ਵੱਲੋਂ ਲਾਹੌਰ ਬੁੱਕਸ ਦੇ ਬੈਨਰ ਹੇਠ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਪੁਸਤਕ ਦੇ ਪ੍ਰਕਾਸ਼ਕ ਗੁਰਮੰਨਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ 75ਵੇਂ ਪੁਰਬ ਤੇ ਇਸ ਪੁਸਤਕ ਦੀ ਕਾਪੀ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਘਰ ਪਹੁੰਚ ਕੇ ਭੇਂਟ ਕੀਤੀ। ਇਸ ਮੌਕੇ ਉੱਘੇ ਲੇਖਕ ਸਃ ਗੁਰਪ੍ਰੀਤ ਸਿੰਘ ਤੂਰ ਆਈ ਪੀ ਐੱਸ ( ਰੀਟਾਇਰਡ) ਖੇਡ ਪੱਤਰਕਾਰ ਨਵਦੀਪ ਸਿੰਘ ਗਿੱਲ, ਲੋਕ ਸੰਚਾਰ ਮਾਹਿਰ ਸਃ ਇਕਬਾਲ ਸਿੰਘ ਤੇ ਅਮਨਪ੍ਰੀਤ ਸਿੰਘ ਚੰਡੀਗੜ੍ਹ ਵੀ ਹਾਜ਼ਰ ਸਨ।
ਡਾਃ ਸ਼ਸ਼ੀ ਥਰੂਰ ਨੇ ਨਵੀਂ ਦਿੱਲੀ ਵਿਖੇ ਬੀਤੇ ਦਿਨ ਕਰਵਾਏ ਇਸ ਪੁਸਤਕ ਦੇ ਲੋਕ ਅਰਪਨ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਵਿਚ ਬਰਤਾਨਵੀ ਰਾਜ ਦੇ ਕਾਲੇ ਦੌਰ ਨੂੰ ਸਮਝਣ ਲਈ ਇਹ ਪੁਸਤਕ ਤੁਹਾਨੂੰ ਇਤਿਹਾਸ ਚੇਤਨਾ ਦੀ ਕੁੰਜੀ ਫੜਾ ਦੇਵੇਗੀ ਪਰ ਇਸ ਤੋਂ ਅੱਗੇ ਵਧਣਾ ਤੁਹਾਡੀ ਚੇਤਨਾ ਤੇ ਨਿਰਭਰ ਹੈ।
ਡਾ. ਸ਼ਸ਼ੀ ਥਰੂਰ ਦੀ ਭਾਰਤੀ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਅੰਗਰੇਜ਼ੀ ਪੁਸਤਕ ‘ਐਨ ਏਰਾ ਆਫ਼ ਡਾਰਕਨੈੱਸ’ ਦਾ ਪੰਜਾਬੀ ਅਨੁਵਾਦ ‘ਅੰਧਕਾਰ ਯੁਗ ਨਾਮ ਹੇਠ ਖ਼ਾਲਸਾ ਕਾਲਿਜ ਅੰਮ੍ਰਿਤਸਰ ਵਿੱਚ ਪੱਤਰਕਾਰੀ ਦੇ ਪ੍ਰੋਫੈਸਰ, ਪੰਜਾਬੀ ਕਵੀ ਤੇ ਸਫ਼ਲ ਅਨੁਵਾਦਕ ਦੀਪ ਜਗਦੀਪ ਸਿੰਘ ਨੇ ਕੀਤਾ ਹੈ।
ਡਾ. ਸ਼ਸ਼ੀ ਥਰੂਰ ਨੇ ਇਸ ਮੌਕੇ ਕਿਹਾ ਕਿ ਦੇਸ਼ ਦਾ ਇਤਿਹਾਸ ਸਕੂਲਾਂ ਕਾਲਜਾਂ ਦੇ ਸਿਲੇਬਸ ਵਿਚ ਪੜ੍ਹਾਇਆ ਜਾਂਦਾ ਹੈ ਪਰ ਅਸੀਂ ਸਿਲੇਬਸ ਵਾਸਤੇ ਕੀਤੀ ਪੜ੍ਹਾਈ ਅਕਸਰ ਭੁੱਲ ਜਾਂਦੇ ਹਾਂ। ਪੁਸਤਕ ਨੌਜਵਾਨ ਪੀੜ੍ਹੀ ਨੂੰ ਉਹ ਭੁੱਲਿਆ ਹੋਇਆ ਇਤਿਹਾਸ ਚੇਤੇ ਕਰਵਾ ਕੇ ਹੀ ਅਸੀਂ ਆਪਣੇ ਅੱਜ ਤੇ ਭਲਕ ਨੂੰ ਸੰਵਾਰ ਸਕਦੇ ਹਾਂ।
ਇਤਿਹਾਸ ਤੋਂ ਸਬਕ ਲੈ ਕੇ ਅਸੀਂ ਆਪਣੇ ਅੱਜ ਤੇ ਭਲਕ ਨੂੰ ਬਿਹਤਰ ਬਣਾ ਸਕਦੇ ਹਾਂ। ਆਪਣੀ ਪੁਸਤਕ ਦਾ ਪੰਜਾਬੀ ਅਨੁਵਾਦ ਕਰਨ ਲਈ ਉਨ੍ਹਾਂ ਅਨੁਵਾਦਕ ਦੀਪ ਜਗਦੀਪ ਸਿੰਘ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਪੁਸਤਕ ਪੰਜਾਬੀ ਪਾਠਕ ਸੰਸਾਰ ਤੱਕ ਪਹੁੰਚ ਸਕੇਗੀ। ਡਾਃ ਥਰੂਰ ਨੇ ਕਿਹਾ ਕਿ ਪੰਜਾਬ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਰਹਿੰਦੇ ਪੰਜਾਬੀ ਦੇ ਨਾਲ-ਨਾਲ ਬਾਹਰਲੇ ਮੁਲਕਾਂ ਵਿਚ ਰਹਿੰਦੇ ਪੰਜਾਬੀ ਵੀ ਗਿਆਨ-ਭਰਪੂਰ ਕਿਤਾਬਾਂ ਪੜ੍ਹਨ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ।
ਇਸ ਪੁਸਤਕ ਦੇ ਪੰਜਾਬੀ ਵਿਚ ਛਪਣ ਨਾਲ ਦੇਸ਼ ਤੋਂ ਦੂਰ ਰਹਿ ਰਹੇ ਪੰਜਾਬੀ ਭਾਈਚਾਰੇ ਤੱਕ ਭਾਰਤ ਦਾ ਭੁੱਲਿਆ-ਵਿੱਸਰਿਆ ਇਹ ਇਤਿਹਾਸ ਪਹੁੰਚੇਗਾ।
ਉਨ੍ਹਾਂ ਪੁਸਤਕ ਦੇ ਪ੍ਰਕਾਸ਼ਕ ਲਾਹੌਰ ਬੁੱਕਸ, ਲੁਧਿਆਣਾ ਦੇ ਮਾਲਕ ਸ. ਤੇਜਿੰਦਰਬੀਰ ਸਿੰਘ ਅਤੇ ਸਃ ਗੁਰਮੰਨਤ ਸਿੰਘ ਦਾ ਅਨੁਵਾਦ ਕਰਵਾ ਕੇ ਸੁਚੱਜੇ ਢੰਗ ਨਾਲ ਛਾਪਣ ਲਈ ਧੰਨਵਾਦ ਕੀਤਾ।
ਪੁਸਤਕ ਦੇ ਅਨੁਵਾਦਕ ਪ੍ਰੋਃ ਦੀਪ ਜਗਦੀਪ ਸਿੰਘ ਨੇ ਕਿਹਾ ਕਿ ਡਾ. ਸ਼ਸ਼ੀ ਥਰੂਰ ਦੀ ਇਹ ਪੁਸਤਕ ਜਿੱਥੇ ਸੋਲ੍ਹਵੀਂ ਸਦੀ ਵਿਚ ਅੰਗਰੇਜ਼ਾਂ ਦੀ ਭਾਰਤ ਵਿਚ ਆਮਦ ਤੋਂ ਲੈ ਕੇ ੧੯੪੭ ਤੱਕ ਦਾ ਇਤਿਹਾਸ ਦਰਜ ਕਰਦੀ ਹੈ ਉੱਥੇ ਅੰਗਰੇਜ਼ਾਂ ਦੇ ਭਾਰਤ ਤੇ ਪੰਜਾਬ ‘ਤੇ ਕਬਜ਼ੇ ਦੀ ਸਾਜਿਸ਼ ਨੂੰ ਬੇਨਕਾਬ ਵੀ ਕਰਦੀ ਹੈ।ਇਹ ਪੁਸਤਕ ਅੰਗਰੇਜ਼ਾਂ ਵੱਲੋਂ ਸੋਚੀ-ਸਮਝੀ ਨੀਤੀ ਤਹਿਤ ਭਾਰਤ ਦੇ ਕੁਦਰਤੀ ਸਰੋਤਾਂ, ਅਰਥਚਾਰੇ ਤੇ ਆਮ ਲੋਕਾਂ ਦੀ ਲੁੱਟ ਦਾ ਪਰਦਾ ਬੇਪਰਦ ਕਰਦੀ ਹੈ।
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਕੋਹੀਨੂਰ ਹੀਰੇ, ਜਲ੍ਹਿਆਂਵਾਲੇ ਬਾਗ਼ ਦੇ ਦੁਖਾਂਤ, ਭਾਰਤ ਦੀ ਵੰਡ ਨਾਲ ਪੰਜਾਬ ਨੇ ਹੰਢਾਏ ਦਰਦ, ਸੰਨ 1984 ਦੇ ਮਾਹੌਲ ਬਾਰੇ ਮਹਤੱਵਪੂਰਨ ਨੁਕਤਿਆਂ ਨੂੰ ਵੀ ਛੋਂਹਦੀ ਹੈ।
ਡਾ. ਥਰੂਰ ਵੱਲੋਂ ਪੰਜਾਬੀ ਪ੍ਰਕਾਸ਼ਨਾ ਬਾਰੇ ਡੂੰਘੀ ਦਿਲਚਸਪੀ ਲੈਂਦਿਆਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਲਾਹੌਰ ਬੁੱਕਸ ਦੇ ਮਾਲਕ ਸ. ਗੁਰਮੰਨਤ ਸਿੰਘ ਨੇ ਦੱਸਿਆ ਕਿ ਪਾਠਕਾਂ ਵਿੱਚ ਪੜ੍ਹਨ ਦੀ ਰੁਚੀ ਵਧੀ ਹੈ। ਕਿਉਂਕਿ ਸੋਸ਼ਲ ਮੀਡੀਆ ‘ਤੇ ਪੁਸਤਕਾਂ ਦੀ ਚਰਚਾ ਹੋਣ ਨਾਲ ਪਾਠਕਾਂ ਵਿਚ ਪੁਸਤਕਾਂ ਦੀ ਮੰਗ ਹੁੰਦੀ ਹੈ।ਐਮਾਜ਼ੋਨ ਤੇ ਹੋਰ ਅਦਾਰਿਆਂ ਦੇ ਆਉਣ ਨਾਲ ਦੇਸ਼-ਵਿਦੇਸ਼ ਵਿਚ ਪੰਜਾਬੀ ਪੁਸਤਕਾਂ ਦੀ ਮੰਗ ਵਧੀ ਹੈ।
ਡਾ. ਥਰੂਰ ਦੀ ਪੁਸਤਕ ‘ਅੰਧਕਾਰ ਯੁੱਗ’ ਤੋਂ ਪਹਿਲਾਂ ਇਸ ਅਦਾਰੇ ਵੱਲੋਂ ਹੁਣ ਤੀਕ ਲਗਪਗ ਦਸ ਹਜ਼ਾਰ ਪੁਸਤਕਾਂ ਤੋਂ ਇਲਾਵਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਃ ਮਨਮੋਹਨ ਸਿੰਘ ਤੇ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੌਨਟੇਕ ਸਿੰਘ ਆਹਲੂਵਾਲੀਆ ਦੀ ਜੀਵਨੀ ਵੀ ਪ੍ਰਕਾਸ਼ਿਤ ਕਰ ਚੁਕੇ ਹਨ।