ਲੁਧਿਆਣਾਃ 17 ਦਸੰਬਰ
ਪੰਜਾਬੀ ਭਵਨ ਲੁਧਿਆਣਾ ਦੇ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਵਿੱਚ ਅੱਜ ਨਵੇਂ ਖੁੱਲ੍ਹੇ “ਕਿਤਾਬ ਘਰ” (ਹਾਊਸ ਆਫ਼ ਲਿਟਰੇਚਰ) ਦਾ ਉਦਘਾਟਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਭ ਪੰਜਾਬੀ ਆਪੋ ਆਪਣੇ ਘਰਾਂ ਵਿੱਚ ਕਿਤਾਬਾਂ ਲਈ ਵਿਸ਼ੇਸ਼ ਅਲਮਾਰੀਆਂ ਬਣਾਉਣ।
ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਦੀ ਧਰਤੀ ਪੰਜਾਬ ਵਿੱਚ ਕਿਤਾਬਾਂ ਦੀ ਸਰਦਾਰੀ ਕਾਇਮ ਕਰਨ ਲਈ ਹਰ ਪੰਜਾਬੀ ਹਿੰਮਤ ਕਰੇ। ਜਨਮ ਦਿਨ, ਵਿਆਹ ਸ਼ਾਦੀ ਅਤੇ ਹੋਰ ਸ਼ੁਭ ਮੌਕਿਆਂ ਤੇ ਸ਼ਗਨ ਰੂਪ ਵਿੱਚ ਕਿਤਾਬਾਂ ਦੇਣ ਦੀ ਵੀ ਪਿਰਤ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਤਾਬ ਘਰ ਦੇ ਸੰਚਾਲਕ ਤੇ ਮਾਲਕ ਵਿਜੈ ਕੁਮਾਰ ਨੂੰ ਮੁਬਾਰਕ ਦਿੱਤੀ ਜਿਸ ਨੇ ਲਗਪਗ ਡੇਢ ਦਹਾਕਾ ਲੰਮੇ ਪੁਸਤਕ ਵਿਕਰੀ ਦੇ ਤਜ਼ਰਬੇ ਉਪਰੰਤ ਆਪਣਾ ਕਾਰੋਬਾਰ ਆਰੰਭਿਆ ਹੈ। ਇਸ ਮੌਕੇ ਉਨ੍ਹਾਂ ਦੀਪ ਜਗਦੀਪ ਸਿੰਘ ਵੱਲੋਂ ਭਗਵਤੀ ਚਰਨ ਵਰਮਾ ਦੇ ਨਾਵਲ ਚਿਤਰਲੇਖਾ ਦਾ ਪੰਜਾਬੀ ਅਨੁਵਾਦ ਵੀ ਲੋਕ ਅਰਪਨ ਕੀਤਾ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੰਜਾਬੀ ਪੁਸਤਕਾ ਦੇ ਇਸ ਨਵੇਂ ਵਿਕਰੀ ਕੇਂਦਰ ਦੇ ਸ਼ੁਰੂ ਹੋਣ ਨਾਲ ਵੰਨ ਸੁਵੰਨਤੀ ਆਵੇਗੀ ਅਤੇ ਨਿੱਕੇ ਪ੍ਰਕਾਸ਼ਕਾਂ ਨੂੰ ਵੀ ਵਿਕਰੀ ਲਈ ਚੰਗਾ ਸਥਾਨ ਹਾਸਲ ਹੋਵੇਗਾ। ਉਨ੍ਹਾਂ ਇਸ ਮੌਕੇ ਰਸੂਲ ਹਮਜ਼ਾਤੋਵ ਦੀ ਜਗਤ ਪ੍ਰਸਿੱਧ ਪੁਸਤਕ “ਮੇਰਾ ਦਾਗਿਸਤਾਨ”ਦੇ ਦੋਵੇ ਭਾਗ ਇੱਕ ਜਿਲਦ ਵਿੱਚ ਖ਼ਰੀਦੇ। ਪੰਜਾਬੀ ਚਿੰਤਕ ਸਤਿਨਾਮ ਸਿੰਘ ਮਾਣਕ, ਨਾਵਲਕਾਰ ਕੁਲਦੀਪ ਸਿੰਘ ਬੇਦੀ , ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾਃ ਹਰਜਿੰਦਰ ਸਿੰਘ ਅਟਵਾਲ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ,ਲੋਕ ਮੰਚ ਪੰਜਾਬ ਦੇ ਪ੍ਰਧਾਨ ਤੇ ਆਪਣੀ ਆਵਾਜ਼ ਮਾਸਿਕ ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਸਿੰਘ ਸੁੱਨੜ, ਡਾਃ ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਪੰਜਾਬੀ ਕਵੀ ਤੇ ਪੱਤਰਕਾਰ ਦੀਪਕ ਚਨਾਰਥਲ, ਦੋਆਬਾ ਕਾਲਿਜ ਜਲੰਧਰ ਦੇ ਪੰਜਾਬੀ ਵਿਭਾਗ ਮੁਖੀ ਡਾਃ ਓਮਿੰਦਰ ਜੌਹਲ,ਸੁਰਿੰਦਰਦੀਪ, ਦੀਪ ਜਗਦੀਪ ਸਿੰਘ, ਤ੍ਰੈਮਾਸਿਕ ਮੈਗਜ਼ੀਨ ਕਹਾਣੀ ਧਾਰਾ ਦੇ ਸੰਪਾਦਕ ਭਗਵੰਤ ਰਸੂਲਪੁਰੀ ਵੀ ਇਸ ਮੌਕੇ ਵਿਜੈ ਕੁਮਾਰ ਨੂੰ ਆਸ਼ੀਰਵਾਦ ਦੇਣ ਪੁੱਜੇ।