ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ ਸ਼ੁਰੂ –ਮਸ਼ੀਨੀ ਬੁੱਧੀਮਾਨਤਾ ਦੇ ਸਕਾਰਾਤਮਕ ਪੱਖਾਂ ਨੂੰ ਅਪਨਾਉਣ ਦੀ ਜ਼ਰੂਰਤ-ਡਾ. ਸੁਰਜੀਤ ਪਾਤਰ
ਲੁਧਿਆਣਾ : 27 ਅਪ੍ਰੈਲ ,2024
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ‘ਬਦਲਦਾ ਦਿ੍ਰਸ਼, ਸਮਕਾਲ ਅਤੇ ਪੰਜਾਬੀ ਭਾਸ਼ਾ’
ਵਿਸ਼ੇ ’ਤੇ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ, 2024 ਨੂੰ ਪੰਜਾਬੀ
ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਅਕਾਡਮੀ ਦੇ ਪ੍ਰੈੱਸ ਸਕੱਤਰ ਜਸਵੀਰ ਝੱਜ ਨੇ ਦਸਿਆ ਕਿ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ ਦੇ
ਪਹਿਲੇ ਦਿਨ ਉਦਘਾਟਨੀ ਸੈਸ਼ਨ ਸ਼ੁਰੂ ਕਰਨ ਸਮੇਂ ਹਾਜ਼ਰੀਨ ਦਾ ਸਵਾਗਤ ਕਰਦਿਆਂ ਪੰਜਾਬੀ
ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਪਾਰਟੀਆਂ ਦੇ ਚੋਣ
ਪ੍ਰਚਾਰ ਵਿਚੋਂ ਭਾਸ਼ਾ, ਸਾਹਿਤ, ਸਿੱਖਿਆ ਵਰਗੇ ਮਸਲੇ ਅਲੋਪ ਹਨ। ਇਕ ਰੰਗੇ ਭਾਰਤ ਦੀ
ਗੱਲ ਕਰਦੇ ਹੋਏ ਅਸਹਿਮਤੀ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਾਨਫ਼ਰੰਸ ਦੀ
ਰੂਪ-ਰੇਖਾ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਤੁਹਾਡੀ ਆਮਦ ਭਾਸ਼ਾ ਦੀ
ਫ਼ਿਕਰਮੰਦੀ ਬਾਰੇ ਗਵਾਹੀ ਭਰਦੀ ਹੈ।
ਪਹਿਲੇ ਸੈਸ਼ਨ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ
ਪ੍ਰਧਾਨ ਡਾ. ਸ. ਸ. ਜੌਹਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਪਾਤਰ
ਸ਼ਾਮਲ ਸਨ। ਪ੍ਰਧਾਨਗੀ ਮੰਡਲ ਡਾ. ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ
ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਡਾ. ਜੋਗਾ ਸਿੰਘ ਸ਼ਾਮਲ ਸਨ। ਪ੍ਰਸਿੱਧ ਭਾਸ਼ਾ
ਵਿਗਿਆਨੀ ਡਾ. ਜੋਗਾ ਸਿਘ ਨੇ ਕਾਨਫ਼ਰੰਸ ਦਾ ਮੁੱਖ ਸੁਰ ਭਾਸ਼ਨ ’ਚ ਭਾਸ਼ਾਈ ਵਿਕਾਸ ਦੀਆਂ
ਅਵੱਸਥਾਵਾਂ ਦਾ ਜ਼ਿਕਰ ਕਰਦੇ ਹੋਏ ਵਿਦਿਆ, ਰਾਜਸੀ ਤੰਤਰ ਅਤੇ ਸੰਚਾਰ ਰਾਹੀਂ ਇਕ ਭਾਸ਼ਾ
ਦੇ ਦੂਜੀ ਭਾਸ਼ਾ ’ਤੇ ਭਾਰੂ ਹੋਣ ਦੀਆਂ ਮਿਸਾਲਾਂ ਦਿੰਦੇ ਹੋਏ ਪੰਜਾਬੀ ਭਾਸ਼ਾ ਦੇ ਅਤੀਤ
ਅਤੇ ਸਮਕਾਲ ’ਤੇ ਚਰਚਾ ਕੀਤੀ। ਉਨ੍ਹਾਂ ਸਮਕਾਲ ਵਿਚ ਵਿਸ਼ਵੀਕਰਨ ਦੇ ਦੌਰ ਦੀ ਦਿੱਖ ਤੇ
ਸੱਚ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਪਾਸਾਰ ਲਈ ਇਸ ਨੂੰ ਵਿਦਿਆ ਦਾ
ਮਾਧਿਅਮ, ਰੁਜ਼ਗਾਰ ਦੀ ਭਾਸ਼ਾ, ਕਾਨੂੰਨ, ਗਿਆਨ ਅਤੇ ਪੱਤਰ ਵਿਹਾਰ ਦੀ ਭਾਸ਼ਾ ਬਣਾਉਣਾ
ਪਵੇਗਾ।
ਡਾ. ਸ. ਸ. ਜੌਹਲ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਭਾਸ਼ਾ ਦੀ ਜ਼ਰੂਰਤ ਹੀ ਉਸ
ਨੂੰ ਪ੍ਰਫੁੱਲਤ ਕਰਦੀ ਹੈ। ਉਨ੍ਹਾਂ ਸੌੜੀ ਰਾਜਨੀਤੀ ਤੇ ਪੰਜਾਬ ਦੀ ਵੰਡ ਵੱਲ ਇਸ਼ਾਰਾ
ਕਰਕੇ ਹੋਏ ਭਾਸ਼ਾ ਦੇ ਨੁਕਸਾਨ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਡਾਇਸਪੋਰੇ
ਤੋਂ ਬੋਲੀ ਦੀ ਪੱਧਰ ਤੇ ਭਾਸ਼ਾ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ।
ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਬੜੀ ਨਮੋਸ਼ੀ ਦੀ ਗੱਲ ਹੈ ਕਿ ਪੰਜਾਬ
ਦੇ ਸਕੂਲਾਂ ਵਿਚ ਹੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ
ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਦੀ ਅੰਗਰੇਜ਼ੀ ਪ੍ਰਤੀ ਉਲਾਰ ਬਿਰਤੀ ਤੇ ਭਰਮ ਚੇਤਨਾ
ਨੂੰ ਬਦਲਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਦੇ
ਸਕਾਰਾਤਮਕ ਪੱਖਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ। ਉਨ੍ਹਾਂ ਭਾਸ਼ਾ ਨੂੰ ਪ੍ਰਫੁੱਲਤ ਕਰਨ
ਵਾਲੇ ਤੇਰਾਂ ਕਾਰਕਾਂ ਦੀ ਵਿਸਥਾਰ ਨਾਲ ਚਰਚਾ ਕਰਦੇ ਹੋਏ ਭਾਸ਼ਾਈ ਸਰੋਕਾਰਾਂ ਤੇ
ਸੁਹਿਰਦਤਾ ਨਾਲ ਸੰਬਾਦ ਰਚਾਉਣ ਦੀ ਲੋੜ ’ਤੇੇ ਜ਼ੋਰ ਦਿੱਤਾ। ਸੈਸ਼ਨ ਦਾ ਮੰਚ ਸੰਚਾਲਨ
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ ਅਤੇ ਰਿਪੋਰਟ ਪ੍ਰੋ.
ਬਲਵਿੰਦਰ ਸਿੰਘ ਚਾਹਿਲ ਨੇ ਕੀਤੀ।
ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਸਵਰਾਜਬੀਰ ਨੇ ਕੀਤੀ।
ਡਾ. ਸੁਖਦੇਵ ਸਿੰਘ ਸਿਰਸਾ ਨੇ ‘ਸਮਕਾਲ ਅਤੇ ਭਾਰਤੀ ਭਾਸ਼ਾਵਾਂ ਦੀ ਸਥਿਤੀ’ ਬਾਰੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ
ਕਿ ਜਨਜਾਤੀ ਅਤੇ ਕਬੀਲਾਈ ਭਾਸ਼ਾਵਾਂ ਪ੍ਰਤੀ ਸਰਕਾਰਾਂ ਦੀ ਅਵਿਗਿਆਨਕ, ਨਸਲੀ ਅਤੇ
ਪ੍ਰਸ਼ਾਸ਼ਨਮੁਖ ਪਹੁੰਚ ਕਰਕੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸੈਂਕੜੇ ਭਾਸ਼ਾਵਾਂ ਮਰ
ਚੁੱਕੀਆਂ ਹਨ ਜਾਂ ਮਰਨ ਕਿਨਾਰੇ ਹਨ। ਭਾਸ਼ਾਵਾਂ ਦੇ ਵਿਕਾਸ ਲਈ, ਲੋਕ ਚੇਤਨਾ ਅਤੇ
ਸਿੱਖਿਆ ਅਹਿਮ ਅਤੇ ਬੁਨਿਆਦੀ ਕਾਰਕ ਹਨ।
ਡਾ. ਸੁਰਜੀਤ ਸਿੰਘ ਨੇ ‘ਉਪਭੋਗੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ’ ਬਾਰੇ ਆਪਣੇ ਖੋਜ-ਪੱਤਰ
’ਚ ਕਿਹਾ ਕਿ ਉਪਭੋਗੀ ਸਭਿਆਚਾਰ ਨੂੰ ਨਾਕਾਰਤਮਕ ਵਰਤਾਰੇ ਦੀ ਥਾਂ ਜ਼ਰੂਰੀ ਇਤਿਹਾਸਕ
ਸਥਿਤੀ ਵਜੋਂ ਸਮਝਣਾ ਚਾਹੀਦਾ ਹੈ। ਇਸ ਸਮੇਂ ਵਸਤਾਂ ਹੀ ਸਮਾਜਿਕ ਰੁਤਬਾ ਅਤੇ ਪੱਧਰ ਤਹਿ
ਕਰਦੀਆਂ ਹਨ। ਅਜਿਹੇ ਵਿਚ ਖੇਤਰੀ ਭਾਸ਼ਾਵਾਂ ਜਾਂ ਭਾਸ਼ਾ ਦੀ ਵੰਨਸੁਵੰਨਤਾ ਦਾ ਬਚਿਆ
ਰਹਿਣਾ ਬੇਹੱਦ ਜ਼ਰੂਰੀ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਟਿੱਪਣੀ ਤੇ ਧੰਨਵਾਦ ਕੀਤਾ।
ਮੰਚ ਸੰਚਾਲਨ ਸ਼ਬਦੀਸ਼ ਹੋਰਾਂ ਨੇ ਕੀਤਾ ਅਤੇ ਰਿਪੋਰਟ ਵਾਹਿਦ ਨੇ ਪੇਸ਼ ਕੀਤੀ।
ਆਪਣੇ ਪ੍ਰਧਾਨਗੀ ਭਾਸ਼ਾਨ ਵਿਚ ਡਾ. ਸਵਰਾਜਬੀਰ ਨੇ ਪੱਛਮੀ ਵਿਦਵਾਨਾਂ ਦੇ ਹਵਾਲੇ ਨਾਲ
ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਿਰਫ਼ ਪੰਜਾਬੀ ਸਾਹਿਤਕਾਰ ਹੀ ਨਹੀਂ ਬਚਾ ਸਕਦੇ ਸਗੋਂ ਇਸ
ਨੂੰ ਹੋਰਨਾਂ ਖੇਤਰਾਂ ਵਿਚ ਕੰਮ ਕਰ ਰਹੇ ਵਿਗਿਆਨੀ, ਚਿੰਤਕ, ਅਰਥਸ਼ਾਸਤਰੀ ਹੀ ਰਲ ਮਿਲ
ਕੇ ਇਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਤਿਆਰ ਕਰ ਸਕਦੇ ਹਨ।
ਤੀਸਰੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਅਰਵਿੰਦ ਨੇ ਕੀਤੀ।
‘ਮਸਨੂਈ ਬੌਧਿਕਤਾ ਅਤੇ ਪੰਜਾਬੀ ਭਾਸ਼ਾ’ ਬਾਰੇ ਅਮਰਜੀਤ ਗਰੇਵਾਲ ਨੇ ਆਪਣੇ ਖੋਜ-ਪੱਤਰ ’ਚ ਕਿਹਾ ਕਿ ‘ਸਾਨੂੰ ਓਪਨ
ਸੋਰਸ ਅਪਨਾਉਣਾ ਪਵੇਗਾ ਤਾਂ ਜੋ ਅਸੀਂ ਸਾਫ਼ਟਵੇਅਰ ਕੰਪਨੀਆਂ ਦੀ ਨਿਰਭਰਤਾ ਤੋਂ ਬਚ
ਸਕੀਏ। ਪੰਜਾਬੀ ਵਰਤਣ ਵਾਲੇ ਆਮ ਲੋਕ ਏਨੇੇ ਅਮੀਰ ਨਹੀਂ ਹਨ ਕਿ ਉਹ ਹਰ ਕੰਪਨੀ ਦੇ ਹਰ
ਸਾਫ਼ਟਵੇਅਰ ਖ਼ਰੀਦ ਸਕਣ। ਉਨ੍ਹਾਂ ਕਿਹਾ ਯੂਨੀਵਰਸਲ ਭਾਸ਼ਾ ਬਣਾਉਣੀ ਤਾਂ ਔਖੀ ਹੈ ਪਰ ਜੇ
ਭਾਰਤੀ ਭਾਸ਼ਾਵਾਂ ਦੀ ਇਕ ਸਾਂਝੀ ਭਾਸ਼ਾ ਆਰਟੀਫ਼ਿਸ਼ਲ ਇੰਨਟੇਲੀਜੈਂਸ ਨਾਲ ਬਣਾ ਲਈ ਜਾਵੇ
ਤਾਂ ਇਹ ਸੌਖੀ ਬਣ ਜਾਵੇਗੀ। ਇਕ ਭਾਸ਼ਾ ਨੂੰ ਫ਼ੈਸ਼ਨ ਬਣਾਉਣਾ ਪਵੇਗਾ’।
ਡਾ. ਸੁਖਵਿੰਦਰ ਸਿੰਘ ਸੰਘਾ ਨੇ ‘ਵਿਸ਼ਵ-ਨੇੜਤਾ ਅਤੇ ਪੰਜਾਬੀ ਭਾਸ਼ਾ ਦੀਆਂ ਸੰਭਾਵਨਾਵਾਂ’
ਬਾਰ ਬੋਲਦਿਆਂ ਦੂਜੀਆਂ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਦੇ ਆਦਾਨ ਪ੍ਰਦਾਨ ਬਾਰੇ ਵਿਗਿਆਨਕ
ਟਿੱਪਣੀਆਂ ਕੀਤੀਆਂ। ‘ਤਕਨਾਲੋਜੀ ਅਤੇ ਪੰਜਾਬੀ ਭਾਸ਼ਾ’ ਬਾਰੇ ਡਾ. ਧਰਮਵੀਰ ਸ਼ਰਮਾ ਨੇ
ਖੋਜ-ਪੱਤਰ ਪੇਸ਼ ਕਰਦਿਆਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਕੁਝ ਇਸ
ਤਰ੍ਹਾਂ ਦੇ ਸਾਫ਼ਟਵੇਅਰ ਤਿਆਰ ਕੀਤੇ ਹਨ ਜਿਨ੍ਹਾਂ ਨੂੰ ਮੌਜੂਦਾ ਸਾਫ਼ਟਵੇਅਰਾਂ ਨਾਲ ਜੋੜ
ਕੇ ਪੰਜਾਬੀ ਭਾਸ਼ਾ ਨੂੰ ਜ਼ਿਆਦਾ ਬੇਹਤਰ ਢੰਗ ਨਾਲ ਤਕਨੀਕ ਦੇ ਹਾਣ ਦਾ ਬਣਾਇਆ ਜਾ ਸਕਦਾ
ਹੈ। ‘ਡਿਜ਼ੀਟਲ ਯੁੱਗ ਅਤੇ ਪੰਜਾਬੀ ਭਾਸ਼ਾ’ ਬਾਰੇ ਪੇਪਰ ਪੇਸ਼ ਕਰਦਿਆਂ ਡਾ. ਸੀ. ਪੀ.
ਕੰਬੋਜ਼ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਜਿੰਨੇ ਵੀ ਸਾਫ਼ਟਵੇਅਰ ਬਣ ਚੁੱਕੇ ਹਨ ਉਨ੍ਹਾਂ
ਬਾਰੇ ਜਾਣਕਾਰੀ ਦਿੱਤੀ ਤੇ ਸਮੂਹ ਲੇਖਕਾਂ ਅਤੇ ਆਮ ਪੰਜਾਬੀਆਂ ਨੂੰ ਯੂਨੀਕੋਡ ਫ਼ੌਟ ਵਰਤਣ
ਦੀ ਤਾਕੀਦ ਕੀਤੀ। ਖੋਜ-ਪੱਤਰਾਂ ’ਤੇ ਟਿੱਪਣੀ ਅਤੇ ਧੰਨਵਾਦ ਡਾ. ਹਰਵਿੰਦਰ ਸਿੰਘ ਸਿਰਸਾ
ਨੇ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਕੁਲਦੀਪ ਸਿੰਘ ਦੀਪ ਨੇ ਕੀਤਾ ਅਤੇ ਰਿਪੋਰਟ
ਦੀਪ ਜਗਦੀਪ ਸਿੰਘ ਨੇ ਪੇਸ਼ ਕੀਤੀ।
ਕਾਨਫ਼ਰੰਸ ਦੇ ਚੌਥੇ ਸੈਸ਼ਨ ਵਿਚ ‘ਆਤੂ ਖੋਜੀ’ ਫ਼ਿਲਮ ਜਿਸ ਦੇ ਲੇਖਕ ਗੁਰਮੀਤ ਕੜਿਆਲਵੀ ਹਨ
ਅਤੇ ਮੁੱਖ ਕਿਰਦਾਰ ਸੈਮੂਅਲ ਜੌਹਨ, ਨਿਰਦੇਸ਼ਕ ਡਾ. ਰਾਜੀਵ ਕੁਮਾਰ ਹਨ ਦਿਖਾਈ ਗਈ।
ਟਿੱਪਣੀ ਅਤੇ ਧੰਨਵਾਦ ਡਾ. ਗੁਰਚਰਨ ਕੌਰ ਕੋਚਰ ਨੇ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ
ਸਹਿਜਪ੍ਰੀਤ ਸਿੰਘ ਮਾਂਗਟ ਨੇ ਕੀਤਾ ਅਤੇ ਰਿਪੋਰਟ ਸ. ਕਰਮਜੀਤ ਸਿੰਘ ਗਰੇਵਾਲ ਨੇ ਪੇਸ਼
ਕੀਤੀ।
ਕਾਨਫ਼ਰੰਸ ਦੇ ਪਹਿਲੇ ਦਿਨ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪਹੁੰਚੇ ਲੇਖਕਾਂ,
ਵਿਦਵਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਪ੍ਰਗਤੀਸ਼ੀਲ ਸੰਘ
ਲੇਖਕ ਸੰਘ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ,
ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਸੁਰਿੰਦਰ ਕੈਲੇ, ਡਾ.
ਸੁਰਜੀਤ ਬਰਾੜ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ
ਲੋਚੀ, ਪ੍ਰੋ. ਜਗਮੋਹਨ ਸਿੰਘ, ਜਸਪਾਲ ਮਾਨਖੇੜਾ, ਡਾ. ਗੁਰਮੇਲ ਸਿੰਘ, ਡਾ. ਸਰਬਜੋਤ
ਕੌਰ, ਸੋਮਾ ਸਬਲੋਕ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਇੰਦਰਜੀਤ ਪਾਲ ਕੌਰ, ਇੰਜ.
ਡੀ.ਐਮ. ਸਿੰਘ, ਭਗਵੰਤ ਰਸੂਲਪੁਰੀ, ਡਾ. ਚਰਨਦੀਪ ਸਿੰਘ, ਬਲਵਿੰਦਰ ਸਿੰਘ ਜੰਮੂ, ਸਾਗਰ
ਸਫ਼ਰੀ, ਮਲਕੀਅਤ ਸਿੰਘ ਔਲਖ, ਕਰਨੈਲ ਸਿੰਘ ਵਜ਼ੀਰਾਬਾਦ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ
ਸ਼ੌਂਕੀ, ਰਵਿੰਦਰ ਰਵੀ, ਭਗਵਾਨ ਢਿੱਲੋਂ, ਪ੍ਰੋ. ਜਗਮੋਹਨ ਸਿੰਘ(ਪੀ.ਏ.ਯੂ.), ਡੀ. ਪੀ.
ਮੌੜ, ਡਾ. ਰਜਿੰਦਰਪਾਲ ਔਲਖ, ਡਾ. ਗੁਰਪ੍ਰੀਤ ਰਤਨ, ਤਰਲੋਚਨ ਝਾਂਡੇ, ਬਲਵੀਰ ਰਾਏਕੋਟੀ,
ਡਾ. ਹਰਵਿੰਦਰ ਕੌਰ, ਸੁਰਿੰਦਰ ਮਕਸੂਦਪੁਰੀ, ਡਾ. ਬਲਰਾਜ ਸਿੰਘ, ਦੀਪਕ ਰੰਗਾ, ਹਰਪਾਲ,
ਦਵਿੰਦਰ ਸਿੰਘ ਸਮੇਤ ਤਿੰਨ ਸੌ ਲੇਖਕ, ਸਾਹਿਤ ਪ੍ਰੇਮੀ ਅਤੇ ਪਾਠਕ ਹਾਜ਼ਰ ਸਨ।
ਜਸਵੀਰ ਝੱਜ,ਪ੍ਰੈੱਸ ਸਕੱਤਰ,ਮੋਬਾਈਲ :98778-00417