ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਰਵਾਏ ਜਾ ਰਹੇ ‘ਪੰਜਾਬ ਨਵ ਸਿਰਜਣਾ ਮਹਾਂ ਉਤਸਵ’ ਦਾ ਮਕਸਦ ਮਾਨਵੀ ਸਰੋਕਾਰਾਂ ਅਤੇ ਸਮਾਜਿਕ ਜਵਾਬਦੇਹੀ ਦੀ ਚਾਬੀ ਯੁਵਾ ਪੀੜੀ ਦੇ ਹੱਥਾਂ ਵਿੱਚ ਸੌਂਪਣਾ ਹੈ।
ਚੰਡੀਗੜ੍ਹ: 4 ਮਾਰਚ 2025
ਅੱਜ ਇੱਥੇ ਚੰਡੀਗੜ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਕਲਾ ਪ੍ਰੀਸ਼ਦ ਵੱਲੋਂ ਕਾਲਜ ਦੇ ਸਹਿਯੋਗ ਨਾਲ ‘ਪੰਜਾਬ ਦੀਆਂ ਪ੍ਰੇਮ ਕਥਾਵਾਂ: ਪਰੰਪਰਾ ਅਤੇ ਸਮਕਾਲ’ ਵਿਸ਼ੇ ਉੱਪਰ ਕਰਵਾਏ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸਵੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸੰਕਟ ਦਾ ਸਭ ਤੋਂ ਵੱਧ ਨੁਕਸਾਨ ਯੁਵਾ ਪੀੜੀ ਨੂੰ ਪਹੁੰਚਿਆ ਹੈ ਅਤੇ ਕਲਾ ਪ੍ਰੀਸ਼ਦ ਨੇ ਇਹ ਤਹੱਈਆ ਕੀਤਾ ਹੈ ਕਿ ਇਸ ਮਹਾਂ ਉਤਸਵ ਰਾਹੀਂ ਸਾਹਿਤ ਕਲਾ ਅਤੇ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇ ਜ਼ਰੀਏ ਸੂਬੇ ਦੇ ਨੌਜਵਾਨਾਂ ਨੂੰ ਉਹਨਾਂ ਦੀ ਹੋਂਦ ਅਤੇ ਪੰਜਾਬੀ ਹੋਣ ਦਾ ਮਾਣ ਦਾ ਅਹਿਸਾਸ ਕਰਵਾਇਆ ਜਾਵੇ। ਉਨਾਂ ਇਸ ਮੌਕੇ ਪੰਜਾਬ ਦੇ ਹਾਲਾਤ ਨੂੰ ਬਿਆਨ ਕਰਦੀ ਆਪਣੀ ਕਵਿਤਾ ‘ਉੱਖੜੀ ਰਬਾਬ’ ਵੀ ਸੁਣਾਈ।
ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਮੁੱਚੇ ਕਿੱਸਾ ਸਾਹਿਤ ਵਿੱਚ ਹਿੰਸਾ, ਹਵਸ ਅਤੇ ਪ੍ਰੇਮ ਦਾ ਟਕਰਾਅ ਹੈ। ਉਹਨਾਂ ਨੇ ਹਿੰਸਾ ਅਤੇ ਪ੍ਰੇਮ ਦੇ ਟਕਰਾਅ ਦੀਆਂ ਸੂਖਮ ਪਰਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਣਖ ਅਤੇ ਮੁਹੱਬਤ ਦੇ ਅੰਦਰੂਨੀ ਤਣਾਅ ਨੂੰ ਨਵੀਂ ਪੀੜੀ ਦੇ ਵਤੀਰੇ ਦੀ ਪ੍ਰਸੰਗਕਤਾ ਵਿੱਚ ਵੇਖਣ ਦੀ ਜਰੂਰਤ ਹੈ।
ਪੰਜਾਬੀ ਵਿਦਵਾਨ ਡਾਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਅਨੁਸਾਰ ਹੀ ਮਨੁੱਖ ਅਤੇ ਸਮਾਜ ਦੀ ਘਾੜਤ ਘੜੀ ਜਾਂਦੀ ਹੈ ਉਹਨਾਂ ਕਿਹਾ ਕਿ ਕਿੱਸਿਆਂ ਦੇ ਨਾਇਕ ਅਤੇ ਨਾਇਕਾਵਾਂ ਗਲਤ ਰਵਾਇਤਾਂ ਅਤੇ ਪਰੰਪਰਾਵਾਂ ਨੂੰ ਤੋੜਦੇ ਹਨ।
ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿੱਸਾਕਾਰਾਂ ਨੇ ਆਪਣੀ ਕਲਮ ਅਤੇ ਪਾਤਰਾਂ ਰਾਹੀਂ ਪਰਿਵਾਰ, ਧਰਮ ਅਤੇ ਨਿਆ ਦੀਆਂ ਸੰਸਥਾਵਾਂ ਦਾ ਭਾਂਡਾ ਭੰਨਿਆ ਹੈ ਜੋ ਉਸ ਵੇਲੇ ਸਾਮੰਤਵਾਦੀ ਅਤੇ ਜਗੀਰੂ ਸਮਾਜ ਨੇ ਘੜੀਆਂ ਸਨ।
ਪੰਜਾਬ ਕਲਾ ਪ੍ਰੀਸ਼ਦ ਦੇ ਉਪ ਚੇਅਰਮੈਨ ਡਾ. ਯੋਗਰਾਜ ਅੰਗਰੀਸ਼ ਨੇ ਕਿਹਾ ਕਿ ਸਾਡੇ ਵਿਦਵਾਨਾਂ ਨੇ ਕਿੱਸਾ ਕਾਵਿ ਨੂੰ ਵੱਖੋ ਵੱਖਰੇ ਜ਼ਾਵੀਏ ਤੋਂ ਪਰਖਿਆ ਹੈ ਇਸ ਲਈ ਇਸ ਦੀ ਵਿਆਖਿਆ ਇੱਕ ਨਹੀਂ ਬਲਕਿ ਬਹੁਲਤਾ ਭਰਪੂਰ ਅਤੇ ਵਿਰੋਧਾਭਾਸ ਵਾਲੀ ਹੈ। ਉਹਨਾਂ ਕਿਹਾ ਕਿ ਪ੍ਰੇਮ ਦਾ ਸਹਿਤ ਵਿਯੋਗੀ ਸਾਹਿਤ ਹੈ ਅਤੇ ਹਰੇਕ ਕਿੱਸੇ ਦਾ ਅੰਤ ਤ੍ਰਾਸਦੀ ਵਾਲਾ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਕੁਲਬੀਰ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਦੀਆਂ ਪ੍ਰੀਤ ਕਥਾਵਾਂ ਮੱਧਕਾਲੀ ਯੁੱਗ ਦੇ ਪੰਜਾਬੀ ਸਮਾਜ ਦੇ ਬੰਧਨਾਂ , ਚੁਣੌਤੀਆਂ ਅਤੇ ਨਾਬਰੀ ਦਾ ਵਖਿਆਨ ਕਰਦੀਆਂ ਹਨ।
ਕਾਲਜ ਦੀ ਪ੍ਰਬੰਧਕ ਕਮੇਟੀ, ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਨੇ ਕਿਹਾ ਕਿ ਪੰਜਾਬ ਪਰਿਸ਼ਦ ਵੱਲੋਂ ਇਸ ਕਾਲਜ ਨੂੰ ਪੰਜਾਬ ਨਵ ਸਿਰਜਣਾ ਮਹਾ ਉਤਸਵ ਦਾ ਹਿੱਸਾ ਬਣਾਉਣਾ ਉਹਨਾਂ ਲਈ ਮਾਣ ਅਤੇ ਫਖਰ ਵਾਲੀ ਗੱਲ ਹੈ।