The Global Talk

Unforgettable days of Government College, Ludhiana-Prof Amarjit Singh Hayer

ਬਾਤਾਂ ਬੀਤੇ ਵੇਲੇ ਦੀਆਂ ਅਮਰਜੀਤ ਸਿੰਘ ਹੇਅਰ

          

         ਗੌਰਮਿੰਟ ਕਾਲਜ, ਲੁਧਿਆਣਾ ਵਿਚ ਬਿਤਾਏ ਦਿਨ ਮੈਨੂੰ ਹਮੇਸ਼ਾ ਯਾਦ ਰਹਿਣਗੇ।
                   -- ਹੁਣ ਸਤੀਸ਼ ਧਵਨ ਗੌਰਮਿੰਟ ਕਾਲਜ  ਲੁਧਿਆਣਾ --  

ਸਤੰਬਰ 1951 ਵਿਚ ਮੈਂ ਗੌਰਮਿੰਟ ਕਾਲਜ, ਲੁਧਿਆਣਾ ਵਿਚ ਤੇਰ੍ਹਵੀਂ ਵਿਚ ਦਾਖਲ ਹੋਇਆ। ਮੇਰੀ ਇੱਛਾ ਸਾਇੰਸ ਤੋਂ ਖਹਿੜਾ ਛੁਡਵਾ ਕੇ ਆਰਟਸ ਲੈਣ ਦੀ ਸੀ। ਮੇਰੇ ਐਫ.ਐਸ.ਸੀ. ਦੇ ਜਮਾਤੀ ਹਰਨੇਕ ਨੇ ਜੁਗਰਫੀ ਅਤੇ ਐਸਟਰਾਨਮੀ ਲਈ ਹੋਈ ਸੀ। ਇਸ ਕੰਬੀਨੇਸ਼ਨ ਨਾਲ ਬੀ.ਐਸ.ਸੀ. ਬਣਦੀ ਸੀ। ਮੈਂ ਜੁਗਰਫੀ ਨਾਲ ਇਕਨਾਮਿਕਸ ਲੈਣਾ ਚਾਹੁੰਦਾ ਸੀ ਪਰ ਉਸ ਨੇ ਕਿਹਾ ਬੀ.ਐਸ.ਸੀ. ਲੈ ਲਾ ਕਿਉਂਕਿ ਬੀ.ਐਸ.ਸੀ. ਦੀ ਅੰਗਰੇਜ਼ੀ ਦੀ ਕਲਾਸ ਵਿਚ 20 ਕੁੜੀਆਂ ਵੀ ਹਨ। ਉਸ ਵੇਲੇ ਇਸ ਮੁੰਡਿਆਂ ਦੇ ਕਾਲਜ ਵਿਚ ਬੀ.ਐਸ.ਸੀ. ਵਿਚ ਕੋਐਜੂਕੇਸ਼ਨ ਸੀ ਕਿਉਂਕਿ ਸ਼ਹਿਰ ਦੇ ਇਕੋ ਇਕ ਕੁੜੀਆਂ ਦੇ ਗੋਰਮਿੰਟ ਕਾਲਜ ਵਿਚ ਬੀ.ਐਸ.ਸੀ. ਨਹੀਂ ਸੀ।

ਜਦ ਮੇਰਾ ਦਾਖਲਾ ਹੋ ਗਿਆ ਤਾਂ ਹਾਲ ਵਿਚ ਇਕ ਲੰਮਾ ਐਨਕ ਵਾਲਾ ਮੜ੍ਹਾਕੂ ਜਿਹਾ ਮੁੰਡਾ ਤਰਲੇ ਕਰਦਾ ਫਿਰੇ ਕਿ ਉਹ ਫਿਜਿਕਸ, ਜੁਗਰਫੀ ਕੰਬੀਨੇਸ਼ਨ ਲੈਣਾ ਚਾਹੁੰਦਾ ਹੈ। ਪਰ ਇਹ ਮਜ਼ਮੂਨ ਲੈਣ ਵਾਲਾ ਇਕੱਲਾ ਹੀ ਉਮੀਦਵਾਰ ਹੈ। ਦਾਖਲੇ ਦੇ ਇੰਚਾਰਜ ਪ੍ਰੋਫੈਸਰ ਨੇ ਉਸ ਨੂੰ ਕਿਹਾ ਕਿ ਜੇ ਘੱਟੋ ਘੱਟ ਦੋ ਮੁੰਡੇ ਇਹ ਕੰਬੀਨੇਸ਼ਨ ਲੈਣ ਤਾਂ ਉਹ ਇਸ ਦੀ ਇਜਾਜ਼ਤ ਦੇਵੇਗਾ। ਉਸ ਦਾ ਨਾਂ ਹਰਬੰਸ ਲਾਲ ਸੀ ਜੋ ਹਿੰਦੂ ਕਾਲਜ, ਅੰਮ੍ਰਿਤਸਰ ਤੋਂ ਆਇਆ ਸੀ ਅਤੇ ਐਫ.ਐਸ.ਸੀ. ਵਿਚ ਯੂਨੀਵਰਸਿਟੀ ‘ਚੋਂ ਅੱਵਲ ਆਇਆ ਸੀ। ਮੈਂ ਦੁਬਾਰਾ ਬੇਵਕੂਫੀ ਕੀਤੀ ਅਤੇ ਉਸ ‘ਤੇ ਤਰਸ ਕਰਕੇ ਦੋ ਰੁਪਏ ਮਜ਼ਮੂਨ ਤਬਦੀਲੀ ਦੀ ਫ਼ੀਸ ਭਰ ਕੇ ਅਸਟਰੋਨਮੀ ਦੀ ਥਾਂ ਫਿਜ਼ਿਕਸ ਲੈ ਲਈ। ਇਹ ਫ਼ੈਸਲਾ ਮੈਨੂੰ ਬੜਾ ਮਹਿੰਗਾ ਪਿਆ। ਮੇਰੀ ਬੀ.ਐਸ.ਸੀ. ਫਿਜ਼ਿਕਸ ਪ੍ਰੈਕਟੀਕਲ ‘ਚੋਂ ਫੇਲ੍ਹ ਹੋਣ ਕਰਕੇ ਕੰਪਾਰਟਮੈਂਟ ਆਈ ਅਤੇ ਇਕ ਸਾਲ ਬਰਬਾਦ ਹੋਇਆ ਪਰ ਪਿਛੋਂ ਬੀ.ਟੀ. ਵਿਚ ਦਾਖਲਾ ਲੈਣ ਲਈ ਅਤੇ ਸਰਕਾਰੀ ਨੌਕਰੀ ਲੈਣ ਲਈ ਮੇਰੇ ਇਹ ਕੰਬੀਨੇਸ਼ਨ ਕੰਮ ਆਇਆ। ਬਾਵਜੂਦ ਮੇਰੀ ਸਾਇੰਸ ਵਿਚ ਰੁਚੀ ਨਾ ਹੋਣ ਕਰਕੇ ਮੇਰੀ ਐਫ.ਐਸ.ਸੀ. ਅਤੇ ਫੇਰ ਬੀ.ਐਸ.ਸੀ. ਵਿਚੋਂ ਸੈਕਿੰਡ ਡਿਵੀਜ਼ਨ ਆਈ।

ਜੋਗਰਫੀ ਵਿਚ ਪੰਜ ਛੇ ਮੁੰਡੇ ਐਸਟਰਾਨਮੀ ਵਾਲੇ ਸਨ ਅਤੇ ਦੋ ਅਸੀਂ ਫਿਜ਼ਿਕਸ ਵਾਲੇ। ਬਾਕੀ ਬਹੁਤੇ ਇਕਨਾਮਿਕਸ ਵਾਲੇ ਸਨ। ਕੋਈ ਅਸੀਂ ਤੀਹ ਕੁ ਵਿਦਿਆਰਥੀ ਸੀ। ਇਕ ਕੁੜੀ ਸੀ ਬੀਨਾ ਗੁਪਤਾ, ਜਿਸ ਦਾ ਪਿਤਾ ਸਾਡੇ ਕਾਲਜ ਵਿਚ ਫਰੈਂਚ ਦਾ ਪ੍ਰੋਫੈਸਰ ਸੀ। ਪੜ੍ਹਾਈ ਵਿਚ ਆਮ ਤੌਰ ‘ਤੇ ਉਸ ਦਾ ਅਤੇ ਹਰਬੰਸ ਲਾਲ ਦਾ ਟਾਕਰਾ ਹੁੰਦਾ ਸੀ ਪਰ ਸਾਡੇ ਛਿਮਾਹੀ ਇਮਤਿਹਾਨ ਵਿਚ ਇਕ ਵਾਰੀ ਇੰਡੀਆ ਦੇ ਜੋਗਰਫੀ ਵਾਲੇ ਪਰਚੇ ਵਿਚੋਂ ਮੇਰੇ ਸਭ ਤੋਂ ਵੱਧ ਨੰਬਰ ਆਏ ਤਾਂ ਪ੍ਰੋਫੈਸਰ ਐਮ.ਆਰ. ਪਾਸੀ, ਜੋ ਸਾਨੂੰ ਇਹ ਪਰਚਾ ਪੜਾਉਂਦੇ ਸੀ, ਨੇ ਮੈਨੂੰ ਇਹ ਕਹਿ ਕੇ ਤਾਰੀਫ ਕੀਤੀ ਕਿ ਮੈਂ ਤਾਂ ਛੁਪਿਆ ਰੁਸਤਮ ਨਿਕਲਿਆ। ਪਾਸੀ ਉਰਦੂ ਸ਼ਾਇਰੀ ਦੇ ਬੜੇ ਸ਼ੌਕੀਨ ਸਨ। ਕਲਾਸ ਵਿਚ ਅਸੀਂ ਉਨ੍ਹਾਂ ਤੋਂ ਉਰਦੂ ਨਜ਼ਮਾਂ ਅਤੇ ਗ਼ਜ਼ਲਾਂ ਸੁਣੀਆ ਕਰਦੇ। ਸਾਗਰ ਨਿਜ਼ਾਮੀ ਦੀ ਰੁਮਾਂਟਿਕ ਨਜ਼ਮ ‘ਸਲਮਾ ਸੇ ਦਿਲ ਲਗਾ ਕਰ ਬਸਤੀ ਕੀ ਲੜਕੀਓਂ ਮੇਂ ਬਦਨਾਮ ਹੋ ਗਯਾ ਹੂੰ’ ਤਾਂ ਅਸੀਂ ਕਈ ਵਾਰੀ ਸੁਣੀ । ਪਾਸੀ ਦੀ ਐਮ.ਏ. ਵਿਚੋਂ ਸੈਕਿੰਡ ਡਿਵੀਜ਼ਨ ਸੀ। ਉਸ ਵੇਲੇ ਐਮ.ਏ. ਫਸਟ ਡਿਵੀਜ਼ਨ ਦੀ ਤਨਖ਼ਾਹ 200 ਰੁਪਏ ਸੀ ਅਤੇ ਸੈਕਿੰਡ ਡਿਵੀਜ਼ਨ ਵਾਲੇ ਦੀ 150 ਰੁਪਏ। ਇਸ ਵਿਤਕਰੇ ਦਾ ਉਨ੍ਹਾਂ ਕਲਾਸ ਵਿਚ ਵੀ ਕਈ ਵਾਰੀ ਗਿਲਾ ਕਰਨਾ। ਸ਼ਾਇਦ ਇਸ ਦੀ ਇਕ ਵਜ੍ਹਾ ਇਹ ਵੀ ਹੋਵੇ ਕਿ ਜੁਗਰਫੀ ਦੇ ਸਾਡੇ ਇਕ ਹੋਰ ਪ੍ਰੋਫੈਸਰ ਗੁਰਦੇਵ ਸਿੰਘ ਗੋਸਲ ਫਸਟ ਕਲਾਸ ਫਸਟ ਸਨ। ਪਰ ਪ੍ਰੋਫੈਸਰ ਪਾਸੀ ਉਸ ਨਾਲੋਂ ਕਿਤੇ ਵਧੀਆ ਪੜ੍ਹਾਉਂਦੇ ਸਨ ਅਤੇ ਸੀ ਵੀ ਹਰਮਨ ਪਿਆਰੇ। ਗੋਸਲ ਦੀ ਅੰਗਰੇਜ਼ੀ ਜਟਕੀ ਅਤੇ ਫਿਤਰਤ ਖੁਸ਼ਕ ਸੀ। ਜੋਗਰਫੀ ਦੇ ਹੋਰ ਸਾਡੇ ਪ੍ਰੋਫੈਸਰ ਸਨ ਮਲਹੋਤਰਾ, ਜੋ ਹਮੇਸ਼ਾ ਫਲੈਟ ਟੋਪੀ ਪਹਿਨਦੇ ਅਤੇ ਉਨ੍ਹਾਂ ਪਾਸ ਬਾਹਰ ਦੀ ਡਿਗਰੀ ਸੀ। ਇਕ ਹੋਰ ਸਨ ਓ.ਪੀ. ਭਾਰਦਵਾਜ, ਜੋ ਬੜੇ ਆਕੜ ਖਾਂ ਸਨ ਅਤੇ ਵਿਦਿਆਰਥੀ ਇਸ ਕਰਕੇ ਉਨ੍ਹਾਂ ਨੂੰ ਨਾਪਸੰਦ ਕਰਦੇ ਸਨ। ਮੈਂ ਜੋਗਰਫੀ ਥੀਊਰੀ ਵਿਚੋਂ ਅੱਛੇ ਨੰਬਰ ਲੈ ਜਾਂਦਾ ਸੀ ਪਰ ਪ੍ਰੈਕਟੀਕਲ ਵਿਚੋਂ ਮਸਾਂ ਪਾਸ ਹੀ ਹੁੰਦਾ ਸੀ।

ਫਿਜਿਕਸ ਦੀ ਪ੍ਰੈਕਟੀਕਲ ਲੈਬ ਵਿਚ ਮੈਂ ਘੱਟ ਹੀ ਵੜਦਾ ਸੀ। ਥੀਉਰੀ ਵਿਚ ਵੀ ਮੈਨੂੰ ਸਿਰਫ ਮਾਡਰਨ ਫਿਜਿਕਸ ਚੰਗੀ ਲੱਗਦੀ ਸੀ। ਐਲਕਟਰੀਸਿਟੀ ਸਾਨੂੰ ਪ੍ਰੋ.ਵਾਸੂਦੇਵਾ ਪੜ੍ਹਾਉਂਦੇ ਸਨ, ਜੋ ਮਧਰੇ ਕੱਦ ਦੇ ਸਨ ਅਤੇ ਪਿਛਲੇ ਬੈਂਚਾਂ ਤੱਕ ਉਨ੍ਹਾਂ ਦੀ ਆਵਾਜ਼ ਮਸਾਂ ਹੀ ਪਹੁੰਚਦੀ ਸੀ। ਫਿਜਿਕਸ ਦਾ ਲੈਕਚਰ ਰੂਮ ਪੌੜੀਆਂ ਵਾਲਾ ਸੀ ਜਿਸ ਦਾ ਇਕ ਦਰਵਾਜ਼ਾ ਪਿਛਲੇ ਪਾਸੇ ਸੀ। ਕਈ ਵਿਦਿਆਰਥੀਆਂ ਨੇ ਹਾਜ਼ਰੀ ਲਗਵਾ ਕੇ ਓਥੋਂ ਦੀ ਖਿਸਕ ਜਾਣਾ। ਫਿਜਿਕਸ ਵਿਚ ਵੀ ਸਾਡੇ ਨਾਲ ਇਕ ਕੁੜੀ ਸੀ ਓਮਾ ਵਾਸੂਦੇਵਾ ਬੜੀ ਸਾਊ ਅਤੇ ਸੰਗਾਊ ਜਿਹੀ ਬੀਬੀ ਰਾਣੀ। ਫਿਜ਼ਿਕਸ ਦੇ ਕਈ ਪ੍ਰੈਕਟੀਕਲ ਦੋ ਜਣਿਆਂ ਨੂੰ ਰਲ ਕੇ ਕਰਨੇ ਪੈਂਦੇ ਸਨ ਅਤੇ ਕਈ ਡਾਰਕ ਰੂਮ ਵਿਚ ਕੀਤੇ ਜਾਂਦੇ ਸਨ। ਉਸ ਵਿਚਾਰੀ ਨੂੰ ਜੋੜੀ ਬਣਾਉਣ ਲਈ ਕਿਸੇ ਸਾਊ ਮੁੰਡੇ ਨੂੰ ਸਾਥੀ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ। ਫਿਜ਼ਿਕਸ ਦੇ ਸਭ ਤੋਂ ਰੰਗੀਨ ਅਤੇ ਸ਼ੌਕੀਨ ਪ੍ਰੋਫੈਸਰ ਸਨ ਮੋਹਨ ਸਿੰਘ ਸਾਹੀ। ਉਹ ਹੋਸਟਲ ਦੇ ਵੀ ਵਾਰਡਨ ਸਨ ਅਤੇ ਹਾਕੀ ਦੇ ਵੀ ਇੰਚਾਰਜ। ਹਾਕੀ ਦਾ ਗਰਾਊਂਡ ਫਿਜ਼ਿਕਸ ਲੈਕਚਰ ਰੂਮ ਦੇ ਸਾਹਮਣੇ ਸੀ। ਬਲੈਕ ਬੋਰਡ ‘ਤੇ ਲਿਖਦਿਆਂ ਵੀ ਉਨ੍ਹਾਂ ਦੀ ਇਕ ਅੱਖ ਗਰਾਊਂਡ ਵੱਲ ਹੁੰਦੀ।

ਜੇ ਕੋਈ ਮੁੰਡਾ ਹਾਕੀ ਦੀ ਗਰਾਊਂਡ ਵਿਚੋਂ ਲੰਘਦਾ ਦਿਸਦਾ ਤਾਂ ਉਨ੍ਹਾਂ ਫੌਰਨ ਮਦਾਰੀ ਮਾਲੀ ਨੂੰ ਆਵਾਜ਼ ਮਾਰਨੀ ਕਿ ਉਸ ਮੁੰਡੇ ਨੂੰ ਬੁਲਾਵੇ। ਮੁੰਡੇ ਦੀ ਚੰਗੀ ਝਾੜ ਝੰਬ ਕਰਨੀ। ਹਾਕੀ ਗਰਾਉਂਡ ਦਾ ਉਸ ਵੇਲੇ ਘਾਹ ਰੇਸ਼ਮ ਵਰਗਾ ਹੁੰਦਾ ਸੀ। ਉਹ ਹਰ ਰੋਜ਼ ਨਵਾਂ ਸੂਟ ਬਦਲ ਕੇ ਆਉਂਦੇ ਅਤੇ ਮੈਚਿੰਗ ਟਾਈ ਲਾਉਂਦੇ ਅਤੇ ਉਸੇ ਰੰਗ ਦਾ ਰੁਮਾਲ ਬਾਹਰ ਦੀ ਉੱਪਰਲੀ ਜੇਬ ਵਿਚ ਰੱਖਦੇ। ਰੱਬ ਜਾਣੇ ਉਨ੍ਹਾਂ ਪਾਸ ਕਿਨੇ ਗਰਮ ਸੂਟ ਸਨ। ਹਰ ਵੇਲੇ ਬੜੀ ਇਹਤਿਆਤ ਵਰਤਦੇ ਕਿਤੇ ਚਾਕ ਦੀ ਧੂੜ ਉਨ੍ਹਾਂ ਦੇ ਕੱਪੜਿਆਂ ‘ਤੇ ਨਾ ਡਿੱਗੇ। ਮੱਧਰੇ ਕੱਦ ਦੇ ਭਰਵੇਂ ਜੱਸੇ ਵਾਲੇ ਅਤੇ ਭਰਵੀ ਆਵਾਜ਼ ਵਾਲੇ ਰੋਹਬਦਾਰ ਸ਼ਖ਼ਸੀਅਤ ਸਨ। ਦਾਹੜੀ ਇਸ ਤਰ੍ਹਾਂ ਫਿਕਸ ਨਾਲ ਜਮਾਈ ਹੋਈ ਮਜਾਲ ਕੀ ਇਕ ਵਾਲ ਖਿਲਰਿਆ ਹੋਵੇ। ਮੱਛਾਂ ਵੀ ਕੈਂਚੀ ਨਾਲ ਕੁਤਰੀਆਂ ਹੋਈਆਂ।

ਅੰਗਰੇਜ਼ੀ ਸਾਨੂੰ ਨਿਹਾਇਤ ਸ਼ਰੀਫ ਅਤੇ ਕੱਦ ਦੇ ਮਧਰੇ ਪਿੰਡ ਲੰਮਿਆਂ ਦੇ ਪ੍ਰੋਫੈਸਰ ਹਰਦਿਆਲ ਸਿੰਘ ਪੜ੍ਹਾਉਂਦੇ ਸਨ । ਕਈ ਵਾਰੀ ਮੈਂ ਉਨ੍ਹਾਂ ਨੂੰ ਆਪਣੀ ਪਤਨੀ ਨਾਲ ਮਾਲ ਰੋਡ ‘ਤੇ ਸੈਰ ਕਰਦਿਆਂ ਦੇਖਿਆ। ਉਹ ਕੱਦ ਵਿਚ ਉਨ੍ਹਾਂ ਨਾਲੋਂ ਦੋ ਉਂਗਲਾਂ ਉੱਚੀ ਹੀ ਲੱਗਦੀ ਸੀ। ਅੰਗਰੇਜ਼ੀ ਕੰਪੋਜ਼ੀਸ਼ਨ ਸਾਨੂੰ ਪ੍ਰੋ. ਮੋਹਨ ਸਰੂਪ ਪੜ੍ਹਾਉਂਦੇ ਸਨ। ਉਹ ਫ਼ਿਲਮਾਂ ਦੇ ਬੜੇ ਸ਼ੌਕੀਨ ਸਨ। ਮੁੰਡਿਆਂ ਵਿਚ ਇਹ ਗੱਲ ਮਸ਼ਹੂਰ ਸੀ ਕਿ ਕਈ ਵਾਰੀ ਫ਼ਿਲਮ ਦਾ ਪਹਿਲਾ ਸ਼ੋਅ ਦੇਖਣ ਉਹ ਬੰਬਈ ਚਲੇ ਜਾਂਦੇ ਸਨ। ਅੰਗਰੇਜ਼ੀ ਤਾਂ ਐਸੀ ਵੈਸੀ ਹੀ ਪੜ੍ਹਾਉਂਦੇ ਸਨ ਪਰ ਗੱਲਾਂ ਨਾਲ ਸਾਡਾ ਦਿਲ ਪਰਚਾਈ ਰੱਖਦੇ ਸਨ।

ਉਸ ਵੇਲੇ ਕਾਲਜ ਦੇ ਬਹੁਤੇ ਪ੍ਰੋਫੈਸਰ ਗੌਰਮਿੰਟ ਕਾਲਜ, ਲਾਹੌਰ ਤੋਂ ਆਏ ਹੋਏ ਸਨ। ਸ਼ਹਿਰੀ ਮੁੰਡੇ ਵੀ ਵਧੀਆ ਸਕੂਲਾਂ ਵਿਚੋਂ ਪੜ੍ਹ ਕੇ ਆਏ ਸਨ। ਇਸ ਕਰਕੇ ਪੜ੍ਹਾਈ ਦਾ ਮਿਆਰ ਬੜਾ ਉੱਚਾ ਸੀ। ਮੇਰੇ ਵੇਲੇ ਪ੍ਰਿੰਸੀਪਲ ਡਾ. ਤਿਰਲੋਚਨ ਸਿੰਘ ਸਨ, ਜੋ ਲੰਡਨ ਤੋਂ ਇਕਨਾਮਿਕਸ ਵਿਚ ਪੀ.ਐਚ.ਡੀ. ਸਨ। ਅੱਧੀ ਛੁੱਟੀ ਵੇਲੇ ਕਾਲਜ ਦੇ ਲਾਊਡ ਸਪੀਕਰ ਸਿਸਟਮ ਰਾਹੀਂ ਕਈ ਵਾਰੀ ਉਹ ਵਿਦਿਆਰਥੀਆਂ ਨੂੰ ਐਡਰੈਸ ਕਰਦੇ ਸਨ। ਬੜੀਆ ਵਧੀਆ ਕੰਮ ਦੀਆਂ ਗੱਲਾਂ ਦਸਦੇ ਸਨ।

ਇਸ ਕਾਲਜ ਵਿਚ ਕਲਾਸ ਦੇ ਕਮਰਿਆਂ ਨਾਲੋਂ ਬਾਹਰ ਸਿੱਖਣ ਦੇ ਬੜੇ ਮੌਕੇ ਸਨ। ਸ਼ਾਮ ਨੂੰ ਗਰਾਊਂਡਾਂ ਵਿਚ ਬੜੀਆਂ ਰੌਣਕਾਂ ਹੋਣੀਆਂ। ਹਾਕੀ, ਫੁਟਬਾਲ, ਬਾਸਕਟਬਾਲ, ਟੈਨਿਸ, ਅਥਲੈਟਿਕਸ ਦੇ ਮੈਦਾਨਾਂ ਵਿਚ ਬੇਸ਼ੁਮਾਰ ਖਿਡਾਰੀ ਨਜ਼ਰ ਆਉਂਦੇ। ਮੈਂ ਅਕਸਰ ਗੋਲਾ ਅਤੇ ਡਿਸਕਸ ਸੁੱਟਣ ਜਾਂਦਾ। ਸਾਲਾਨਾ ਖੇਡਾਂ ਵਿਚ ਮੇਰੀ ਗੋਲੇ ਵਿਚ ਇਕ ਵਾਰੀ ਤੀਜੀ ਪੋਜ਼ੀਸ਼ਨ ਆਈ ਸੀ। ਜਗਦੇਵ, ਜਗਮੋਹਨ, ਅਮਰਜੀਤ (ਅੰਬੀ) ਮੇਰੇ ਸਮਕਾਲੀ ਸਨ ਪਰ ਮੈਥੋਂ ਸੀਨੀਅਰ ਸਨ। ਇਨ੍ਹਾਂ ਨੇ ਪਿਛੋਂ ਏਸ਼ਿਆਈ ਖੇਡਾਂ ਵਿਚ ਤਗ਼ਮੇ ਜਿੱਤੇ ਅਤੇ ਉਲੰਪਿਕਸ ਵਿਚ ਵੀ ਭਾਗ ਲਿਆ। ਫਿਜ਼ਿਕਲ ਐਜੁਕੇਸ਼ਨ ਦੇ ਇੰਚਾਰਜ ਸਨ ਸ. ਠਾਕਰ ਸਿੰਘ। ਉਨ੍ਹਾਂ ਦੇ ਸਹਾਇਕ ਸੋਹਣ ਸਿੰਘ ਅਤੇ ਨੰਦ ਸਿੰਘ ਗਿੱਲ ਸਨ। ਮੋਹਣ ਸਿੰਘ ਨੂੰ ਖਿਡਾਰੀ ਪਸੰਦ ਕਰਦੇ ਸਨ। ਨੰਦ ਸਿੰਘ ਨੂੰ ਪਿਠ ਪਿੱਛੇ ‘ਗੰਦ ਸਿੰਘ ਨਿੱਲ ਕਹਿੰਦੇ।

ਕਾਲਜ ਵਿਚ ਡਰਾਮਾ ਕਲੱਬ ਬੜੀ ਐਕਟਿਵ ਸੀ। ਸ਼ੈਕਸਪੀਅਰ ਦੇ ਡਰਾਮੇ ਖੇਡ ਜਾਂਦੇ ਸਨ । ਕਾਲਜ ਹਾਲ ਵਿਚ ਡੀਬੇਟਾਂ, ਡੈਕਲੇਮੇਸ਼ਨ ਕੰਟੈਸਟ ਅਕਸਰ ਹੁੰਦੇ। ਇਕ ਵਾਰੀ ਕਾਲਜ ਦੀ ਕੁਅਡਰੇਂਗਲ ਵਿਚ ਡੀਬੇਟ ਹੋਈ ਜਿਸ ਵਿਚ ਕੈਂਬਰਿਜ ਯੂਨੀਵਰਸਿਟੀ ਦੀ ਇੰਗਲੈਂਡ ਤੋਂ ਟੀਮ ਆਈ। ਇਕ ਟੀਮ ਸੇਂਟ ਸਟੀਫਨ ਕਾਲਜ ਦਿੱਲੀ ਦੀ ਸੀ। ਜੱਜਾਂ ਵਿਚ ਹਾਈਕੋਰਟ ਦਾ ਜੱਜ ਵੀ ਸੀ । ਸਾਡੇ ਕਾਲਜ ਦੀ ਟੀਮ ਫਸਟ ਆਈ। ਉਸ ਵੇਲੇ ਦੇ ਸਿਰ ਕੱਢ ਬੁਲਾਰੇ ਸਨ ਤਿਰਲੋਚਨ ਗਿੱਲ ਅਤੇ ਤਰਿਭਵਨ ਪਤ ਈਸਰ, ਜੋ ਐਮ.ਏ. ਇੰਗਲਿਸ਼ ਦੇ ਵਿਦਿਆਰਥੀ ਸਨ। ਬਾਅਦ ਵਿਚ ਦੋਨੋਂ ਆਈ.ਏ.ਐਸ. ਅਫ਼ਸਰ ਬਣੇ।

ਇਸੇ ਤਰ੍ਹਾਂ ਹੀ ਕੁਅਡਰੋਗਲ ਵਿਚ ਹੀ ਰਾਤ ਨੂੰ ਉਰਦੂ ਮੁਸ਼ਾਇਰਾ ਹੋਇਆ ਜਿਸ ਵਿਚ ਦਿੱਲੀ, ਲਖਨਊ, ਬੰਬਈ, ਅਲੀਗੜ੍ਹ ਤੋਂ ਨਾਮਵਰ ਸ਼ਾਇਰ ਆਏ। ਮੈਨੂੰ ਯਾਦ ਹੈ ਜਦ ਜੋਸ਼ ਮਲੀਹਾਬਾਦੀ ਦਾ ਤੁਆਰਫ ਕਰਵਾਇਆ ਗਿਆ ਤਾਂ ਸਟੇਜ ਕੰਡਕਟ ਕਰਨ ਵਾਲੇ ਨੇ ਕਿਹਾ :ਵੋ ਕੋਈ ਔਰ ਹੋਂਗੇ ਜੋ ਮਹਿਫਲ ਮੇਂ ਖਾਮੋਸ਼ ਆਤੇ ਹੈਂ ਆਂਧੀਆਂ ਆਤੀ ਹੈਂ ਜਬ ਹਜ਼ਰਤ-ਏ-ਜੋਸ਼ ਆਤੇ ਹੈਂ

ਇਕ ਸ਼ਾਇਰ ਨਾਬੀਨਾ ਸੀ, ਸ਼ਾਇਦ ਉਹ ਬਿਨ ਬੁਲਾਏ ਹੀ ਯੂ.ਪੀ. ਦੇ ਕਿਸੇ ਸ਼ਹਿਰ ਤੋਂ ਆ ਗਿਆ ਸੀ। ਦੁਪਹਿਰ ਵੇਲੇ ਜਦ ਉਹ ਕਾਲਜ ਪਹੁੰਚਿਆ ਤਾਂ ਪੁਛਦਾ ਫਿਰੇ ‘ਹਜ਼ਰਾਤ ਆਜ ਰਾਤ ਯਹਾਂ ਮੁਸ਼ਾਇਰਾ ਹੈ’। ਅਸੀਂ ਉਸ ਨੂੰ ਖਾਣਾ ਖੁਆਇਆ ਅਤੇ ਇਤਜ਼ਾਮੀਆ ਕਮੇਟੀ ਪਾਸ ਛੱਡ ਆਏ। ਸ਼ਾਮ ਨੂੰ ਉਸ ਨੇ ਐਨੀ ਵਧੀਆ ਨਜ਼ਮ ਸੁਣਾਈ ਕਿ ਸਰੋਤੇ ਅਸ਼ ਅਸ਼ ਕਰ ਉੱਠੇ। ਇਸੇ ਤਰ੍ਹਾਂ ਇਕ ਵਾਰੀ ਪੰਜਾਬੀ ਕਵੀ ਦਰਬਾਰ ਹੋਇਆ ਜਿਸ ਵਿਚ ਦੋ ਕਵੀਆਂ ਦਾ ਤਾਂ ਮੈਨੂੰ ਯਾਦ ਹੈ ਜਿਹੜੀਆਂ ਉਨ੍ਹਾਂ ਨੇ ਨਜ਼ਮਾਂ ਸੁਣਾਈਆਂ। ਨੰਦ ਲਾਲ ਨੂਰਪੁਰੀ ਨੇ ਕਿਹਾ ਉਹ ਲੋਕ ਗੀਤਾਂ ਵਰਗੇ ਗੀਤ ਲਿਖ ਰਿਹਾ ਹੈ। ਉਸ ਮੌਕੇ ਉਸ ਨੇ ਇਹ ਗੀਤ ਸੁਣਾਇਆ :

‘ਇਕ ਕੰਠੇ ਵਾਲਾ ਆ ਗਿਆ ਪ੍ਰਾਹੁਣਾ ਨੀ ਮਾਏ ਤੇਰੇ ਕੰਮ ਨਾ ਮੁੱਕੇ’

ਇਸੇ ਤਰ੍ਹਾਂ ਇੰਦਰਜੀਤ ਸਿੰਘ ਤੁਲਸੀ ਨੇ ਵੀ ਗੀਤ ਸੁਣਾਇਆ ਜੋ ਬਾਅਦ ਵਿਚ ਬੜਾ ਮਸ਼ਹੂਰ ਹੋਇਆ :

ਏਧਰ ਕਣਕਾਂ ਓਧਰ ਕਣਕਾਂ ਵਿਚਲੀ ਕਣਕ ਨੂੰ ਬੂਰ ਪਿਆ ਮੁਟਿਆਰੇ ਜਾਣਾ ਦੂਰ ਪਿਆ  I ਉਸ ਨੇ ਇਸ ਗੀਤ ਦਾ ਪਿਛੋਕੜ ਦਸਦਿਆਂ ਕਿਹਾ ਕਿ ਗਭਲੀ ਕੁੜੀ ਦਾ ਵਿਆਹ ਹੋ ਗਿਆ ਅਤੇ ਵੱਡੀ ਤੇ ਛੋਟੀ ਅਜੇ ਕੰਵਾਰੀਆਂ ਸਨ। ਉਸ ਦੀ ਆਵਾਜ਼ ਵੀ ਸੁਰੀਲੀ ਸੀ ਤੇ ਸਰੋਤਿਆਂ ਤੋਂ ਉਸ ਨੂੰ ਬੜੀ ਦਾਦ ਮਿਲੀ।

ਕਾਲਜ ਦੀ ਫਿਲਮ ਕਲੱਬ ਵਿਦੇਸ਼ੀ ਮੁਲਕਾਂ ਦੀਆਂ ਐਮਬੈਸੀਆਂ ਤੋਂ ਡਾਕੂਮੈਂਟਰੀ ਫਿਲਮਾਂ ਮੰਗਵਾ ਕੇ ਕਾਲਜ ਦੇ ਹਾਲ ਵਿਚ ਪ੍ਰੋਜੈਕਟਰ ‘ਡੇ ਦਿਖਾਉਂਦੀ ਹੁੰਦੀ ਸੀ ਜਿਨ੍ਹਾਂ ਤੋਂ ਬੜੀ ਜਾਣਕਾਰੀ ਮਿਲਦੀ ਸੀ। ਇਕ ਵਾਰੀ ਸਾਇੰਸ ਦੀ ਨੁਮਾਇਸ਼ ਦਾ ਇੰਤਜ਼ਾਮ ਕੀਤਾ ਗਿਆ ਜਿਸ ਨੂੰ ਵਿਦਿਆਰਥੀਆਂ ਤੋਂ ਇਲਾਵਾ ਕਾਫੀ ਸ਼ਹਿਰੀਆਂ ਨੇ ਵੀ ਦੇਖਿਆ।

1950 ਵਿਚ ਸਾਡੇ ਗਰਾਉਂਡ ਵਿਚ ਹੀ ਸਰਬ ਭਾਰਤੀ ਖੇਡਾਂ ਹੋਈਆਂ। ਜਿਸ ਵਿਚ ਲੇਵੀ ਪਿੰਟੋ 100 ਮੀਟਰ ਅਤੇ 200 ਮੀਟਰ ‘ਚੋਂ ਅੱਵਲ ਆਇਆ। 100 ਮੀਟਰ ਵਿਚ ਉਸ ਦਾ 10.6 ਸੈਕਿੰਡ ਟਾਈਮ ਸੀ। ਅਸੀਂ ਪਹਿਲੀ ਵਾਰੀ ਕੜੀਆਂ ਨੇ ਸ਼ਾਰਟਸ ਪਾ ਕੇ ਦੌੜਦਿਆਂ ਦੇਖਿਆ। ਮੈਨੂੰ ਯਾਦ ਹੈ ਅਸੀਂ ਇਕ ਅਧਖੜ ਜਿਹੇ ਫੌਜੀ ਨੂੰ ਜੈਬਲਿਨ ਦੀ ਪੈਕਟਿਸ ਕਰਦੇ ਦੇਖਿਆ। ਅਸੀਂ ਉਸ ਨੂੰ ਮਖ਼ੌਲ ਕਰੀ ਜਾਣਾ ਚਾਚਾ ਤੂੰ ਕੀ ਕਰਾਮਾਤ ਦਿਖਾਏਂਗਾ। ਅਗਲੇ ਦਿਨ 184 ਫੁੱਟ ਜੈਬਲਨ ਸੁੱਟ ਕੇ ਉਸ ਨੇ ਕੌਮੀ ਰਿਕਾਰਡ ਤੋੜ ਦਿੱਤਾ ਤਾਂ ਸਾਰੇ ਦੰਗ ਰਹਿ ਗਏ।

ਮਦਰਾਸ ਟੀਮ ਦਾ ਇੰਚਾਰਜ ਫਿਲਮ ਐਕਟਰ ਡੇਵਡ ਸੀ, ਜੋ ਅਨਾਊਂਸਰ ਵੀ ਸੀ। ਉਨ੍ਹੀਂ ਦਿਨੀਂ ਸ਼ਹਿਰ ਵਿਚ ਜੈਮਿਨੀ ਦੀ ਫਿਲਮ ਮੰਗਲਾ ਲੱਗੀ ਹੋਈ ਸੀ ਜਿਸ ਦੀ ਇਕ ਡਾਇਲਾਗ ਸੀ ਜੋ ਡੇਵਡ ਬਗੈਰ ਜਾਨੇ ਕੇ ਹੀਰੋ ਬੋਸਾ ਮੰਗਦਾ ਕੇ ਅੰਬ ਹੀਰੋਇਨ ਨੂੰ ਕਹਿੰਦਾ ਹੈ ‘ਦੇ ਦੇ ਬੇਟੀ ਦੇ ਦੇ’ ਅਸੀਂ ਉਸ ਤੋਂ ਉਹ ਡਾਇਲਾਗ ਸੁਣਨ ਦੀ ਫ਼ਰਮਾਇਸ਼ ਕੀਤੀ ਜੋ ਉਸ ਨੇ ਪੂਰੀ ਕੀਤੀ। ਉਸ ਵੇਲੇ ਪੰਜਾਬ ਹਾਕੀ ਐਸੋਸੀਏਸ਼ਨ ਦਾ ਸਿਲਵਰ ਜੁਬਲੀ ਟੂਰਨਾਮੈਂਟ ਵੀ ਸਾਡੀ ਹਾਕੀ ਦੀ ਗਰਾਊਂਡ ਵਿਚ ਹੋਇਆ ਜਿਸ ਵਿਚ ਭਾਰਤ ਦੀਆਂ ਬੇਹਤਰੀਨ ਟੀਮਾਂ ਤੋਂ ਇਲਾਵਾ ਪਾਕਿਸਤਾਨ ਦੀ ਟੀਮ ਵੀ ਆਈ।

ਗੋਰਮਿੰਟ ਕਾਲਜ ਵਿਚ ਪੜ੍ਹਦਿਆਂ ਮੇਰੇ ਕਈ ਦੋਸਤ ਬਣੇ ਜਿਨ੍ਹਾਂ ਨਾਲ ਦੋਸਤੀ ਉਮਰ ਭਰ ਨਿਭੀ। ਭਾਰਤ ਮਿੱਤਰ, ਜਨਾਰਧਨ ਦੱਤ (ਜੇ.ਡੀ.) ਅਤੇ ਜਸਵੰਤ ਮੇਰੇ ਨਾਲ ਜੋਗਰਫੀ ਪੜ੍ਹਦੇ ਸਨ। ਇਹ ਮੇਰੇ ਗੂੜ੍ਹੇ ਮਿੱਤਰ ਬਣ ਗਏ। ਭਾਰਤ ਮਿੱਤਰ ਤੇ ਜੇ.ਡੀ. ਤਾਂ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਜਸਵੰਤ ਅਮਰੀਕਾ ਵਿਚ ਰਹਿੰਦਾ ਹੈ। ਟੈਲੀਫੋਨ, ਚਿੱਠੀ ਰਾਹੀਂ ਰਾਬਤਾ ਰੱਖਦਾ ਹੈ ਅਤੇ ਹਰ ਸਾਲ ਜਦ ਗੇੜਾ ਮਾਰਦਾ ਹੈ, ਜ਼ਰੂਰ ਮਿਲਦਾ ਹੈ। ਓਦੋਂ ਉਹ ਅਹਿਮਦਗੜ੍ਹ ਤੋਂ ਆਉਂਦਾ ਹੁੰਦਾ ਸੀ। ਇਕ ਵਾਰੀ ਮੇਰੇ ਨਾਲ ਸਾਡੇ ਘਰ ਆਇਆ ਜਿਥੇ ਇਕ ਕਮਰੇ ਵਿਚ ਮੈਂ ਰਹਿੰਦਾ ਸੀ ਅਤੇ ਬਾਕੀ ਦਾ ਹਿੱਸਾ ਕਿਰਾਏ ‘ਤੇ ਦਿੱਤਾ ਹੋਇਆ ਸੀ। ਮੇਰੇ ਕਮਰੇ ਵਿਚ ਇਕ ਮੰਜਾ ਆਏ ਗਏ ਲਈ ਪੱਕਾ ਹੀ ਡਾਹਿਆ ਹੋਇਆ ਸੀ। ਮੈਨੂੰ ਕਹਿੰਦਾ ਯਾਰ ਮੰਜਾ ਤਾਂ ਤੇਰਾ ਵੇਹਲਾ ਹੀ ਪਿਆ ਹੈ। ਮੈਂ ਹਰ ਰੋਜ਼ ਗੱਡੀਆਂ ਵਿਚ ਧੱਕੇ ਖਾਂਦਾ ਹਾਂ। ਮੈਂ ਤੇਰੇ ਕੋਲ ਆ ਜਾਂ। ਮੈਂ ਕਿਹਾ ‘ਬੜੀ ਖੁਸ਼ੀ ਨਾਲ’। ਅਗਲੇ ਦਿਨ ਉਹ ਪਿੰਡੋਂ ਆਪਣਾ ਸਾਮਾਨ ਲੈ ਆਇਆ ਅਤੇ ਮੇਰੇ ਕਮਰੇ ਵਿਚ ਪੱਕੇ ਡੇਰੇ ਲਾ ਲਏ। ਉਹ ਬੜੀ ਹਿੰਮਤੀ ਅਤੇ ਹੌਸਲੇ ਵਾਲਾ ਸਪੱਸ਼ਟ ਗੱਲ ਕਰਨ ਵਾਲਾ ਵਿਅਕਤੀ ਹੈ। ਹਰ ਕਿਸੇ ਦੇ ਕੰਮ ਆਉਣ ਵਾਲਾ। ਉਹ ਕਮਿਊਨਿਸਟ ਵਿਚਾਰ ਰੱਖਦਾ ਸੀ ਜਿਸ ਕਰਕੇ ਉਸ ਨੂੰ ਅਸੀਂ ਕਾਮਰੇਡ ਹੀ ਕਹਿੰਦੇ ਸਾਂ। ਪਹਿਲਾਂ ਇੰਗਲੈਂਡ ਗਿਆ. ਫੇਰ ਕੈਨੇਡਾ ਅਤੇ ਆਖ਼ਰ ਮਿਸ਼ੀਗਨ ਰਿਆਸਤ ਵਿਚ ਅਮਰੀਕਾ ਜਾ ਵਸਿਆ ਪਰ ਪੂੰਜੀਵਾਦੀ ਵਾਤਾਵਰਨ ਵਿਚ ਹੀ ਸਮਾਜਵਾਦੀ ਵਿਚਾਰ ਹੀ ਰੱਖੇ।

ਮੱਲ੍ਹੇ ਮੇਰੇ ਨਾਲ ਪੰਜਵੀਂ ਤੋਂ ਅੱਠਵੀਂ ਤੱਕ ਪੜ੍ਹਿਆ ਰਾਮ ਰਛਪਾਲ ਫੇਰ ਮੇਰਾ ਬੀ.ਐਸ.ਸੀ. ਦਾ ਜਮਾਤੀ ਬਣ ਗਿਆ। ਅੱਜਕਲ੍ਹ ਕੈਨੇਡਾ ਵਿਚ ਹੈ। ਮੇਰਾ ਸਭ ਤੋਂ ਪੁਰਾਣਾ ਦੋਸਤ ਹੈ। ਕੁਲਵੰਤ ਮੇਰੇ ਨਾਲ ਜਸਪਾਲ ਪੜ੍ਹਦਾ ਸੀ । ਫੇਰ ਅਸੀਂ ਬੀ.ਐਸ.ਸੀ. ਵਿਚ ਇਕੱਠੇ ਹੋ ਗਏ। ਉਹ ਕਲੱਕਤੇ ਤੋਂ ਐਮ.ਬੀ.ਬੀ.ਐਸ. ਕਰਕੇ ਇੰਗਲੈਂਡ ਐਮ.ਐਸ. ਕਰਨ ਚਲਿਆ ਗਿਆ ਅਤੇ ਓਥੇ ਹੀ ਸੈਟਲ ਹੋ ਗਿਆ। ਉਸ ਨਾਲ ਵੀ ਮੇਰਾ ਰਾਬਤਾ ਕਾਇਮ ਹੈ।

ਭਾਰਤ ਮਿੱਤਰ ਨਾਲ ਦੋਸਤੀ ਪੈਣ ਕਰਕੇ ਮੈਨੂੰ ਅੰਗਰੇਜ਼ੀ ਸਾਹਿਤ ਵਿਚ ਦਿਲਚਸਪੀ ਹੋਰ ਵੱਧ ਗਈ। ਮੈਂ ਮਾਹਮ, ਹਾਰਡੀ, ਲਾਰੈਂਸ ਅਤੇ ਦੋਸਤਵਸਕੀ ਅਤੇ ਟਰਗੇਨਿਵ ਦੇ ਨਾਵਲ ਓਦੋਂ ਪੜ੍ਹੇ। ਬਰਨਾਰਡ ਸ਼ਾਹ ਦੇ ਡਰਾਮੇ ਵੀ ਪੜ੍ਹ ਮਾਰੇ। ਚੌੜੇ ਬਾਜ਼ਾਰ ਵਿਚ ਜਾਣਾ ਤਾਂ ਲਾਇਲ ਬੁਕ ਡਿਪੂ ਤੋਂ ਇਕ ਦੋ ਕਿਤਾਬਾਂ ਖਰੀਦ ਲਿਆਉਣੀਆਂ। ਅੰਗਰੇਜ਼ੀ ਦੇ ਰਸਾਲੇ ‘ਸਾਈਕੋਲੋਜੀ’ ਅਤੇ ‘ਸਾਈਕਲੋਜਿਸਟ’ ਵੀ ਖਰੀਦ ਕੇ ਹਰ ਮਹੀਨੇ ਪੜ੍ਹਨੇ । ਉਰਦੂ ਸ਼ਾਇਰੀ, ਖ਼ਾਸ ਤੌਰ ‘ਤੇ ‘ਤਲਖ਼ੀਆਂ’ ਵੀ ਬੜੀ ਰੀਝ ਨਾਲ ਪੜ੍ਹੀਆਂ। ਮੈਨੂੰ ਮਹਿਸੂਸ ਹੋਣ ਲੱਗਿਆ ਕਿ ਮੈਂ ਸਾਇੰਸ ਵਿਚ ਤਾਂ ਮਿਸਫਿਟ ਹਾਂ ਮੈਨੂੰ ਐਮ.ਏ. ਅੰਗਰੇਜ਼ੀ ਕਰਨੀ ਚਾਹੀਦੀ ਹੈ।

ਜੇ.ਡੀ. ਅਤੇ ਭਾਰਤ ਮਿੱਤਰ ਨੇ 1953 ਵਿਚ ਬੀ.ਏ. ਕਰਕੇ ਐਮ.ਏ. ਅੰਗਰੇਜ਼ੀ ਵਿਚ ਦਾਖਲਾ ਲੈ ਲਿਆ। ਰਛਪਾਲ ਬੀ.ਐਸ.ਸੀ. ਕਰਕੇ ਫਰੀਦਕੋਟ ਬੀ.ਟੀ. ਵਿਚ ਦਾਖਲ ਹੋ ਗਿਆ। ਮੇਰੀ ਫਿਜ਼ਿਕਸ ਵਿਚੋਂ ਕੰਪਾਰਟਮੈਂਟ ਆ ਗਈ ਤੇ ਮੇਰਾ ਸਾਲ ਮਾਰਿਆ ਗਿਆ। 1954 ਵਿਚ ਜਦ ਮੈਂ ਬੀ.ਐਸ.ਸੀ. ਵਿਚੋਂ ਸੈਕਿੰਡ ਡਿਵੀਜ਼ਨ ਲਈ ਤਾਂ ਮੈਨੂੰ ਸੁਖ ਦਾ ਸਾਹ ਆਇਆ। ਮੈਂ ਐਮ.ਏ. ਵਿਚ ਦਾਖਲਾ ਲੈਣਾ ਚਾਹਿਆ। ਜਸਵੰਤ ਜੋ ਕਲਕੱਤੇ ਚਲਿਆ ਗਿਆ ਸੀ ਅਤੇ ਉੱਥੇ ਖਾਲਸਾ ਸਕੂਲ ਵਿਚ ਮਾਸਟਰ ਲੱਗ ਗਿਆ। ਇਤਫਾਕਨ ਲੁਧਿਆਣੇ ਆਇਆ ਹੋਇਆ ਸੀ ਤੇ ਮੈਨੂੰ ਕਹਿਣ ਲੱਗਾ, “ਮੇਰੀ ਮੰਨ ਪਹਿਲਾਂ ਬੀ.ਟੀ. ਕਰ ਲੈ। ਬਾਅਦ ਵਿਚ ਐਮ.ਏ. ਕਰਦਾ ਰਹੀ ਇਨ੍ਹਾਂ ਦੇ ਮਗਰ ਨਾ ਲੱਗ। ਏਹ ਥਰਡ ਡਿਵੀਜ਼ਨ ਲੈ ਕੇ ਪਿਛੋਂ ਬੀ.ਟੀ. ਕਰਨਗੇ ਤੂੰ ਪਹਿਲਾਂ ਕਰ ਲੈ।” ਕੁਦਰਤੀ ਰਛਪਾਲ ਵੀ ਓਦਣ ਏਥੇ ਸੀ। ਉਸ ਨੇ ਵੀ ਇਹੋ ਰਾਏ ਦਿੱਤੀ। ਉਨ੍ਹਾਂ ਦੇ ਕਹੇ ਮੈਂ ਫਰੀਦਕੋਟ ਬਰਜਿੰਦਰਾ ਕਾਲਜ ਵਿਚ ਬੀ.ਟੀ. ਦੇ ਦਾਖਲੇ ਦਾ ਫਾਰਮ ਭਰ ਦਿੱਤਾ ਅਤੇ ਮੈਨੂੰ ਦਾਖਲਾ ਵੀ ਮਿਲ ਗਿਆ। ਸਤੰਬਰ 1954 ਵਿਚ ਰਛਪਾਲ ਮੈਨੂੰ ਫਰੀਦਕੋਟ ਛੱਡ ਕੇ ਆਇਆ। ਮੈਂ ਸਮਝਦਾਂ ਉਨ੍ਹਾਂ ਦੇ ਸੁਝਾਓ ਨੇ ਮੇਰੀ ਜ਼ਿੰਦਗੀ ਦਾ ਰੁਖ਼ ਬਦਲ ਦਿੱਤਾ। ਜੇ ਡੀ. ਤਾਂ ਵਿਆਹ ਕਰਵਾ ਕੇ ਕੀਨੀਆਂ ਚਲਿਆ ਗਿਆ। ਭਾਰਤ ਮਿੱਤਰ ਦੀ ਬਰਡ ਡਿਵੀਜ਼ਨ ਆਈ ਭਾਵੇਂ ਮੈਥੋਂ ਕਿਤੇ ਲਾਇਕ ਸੀ। ਬਾਅਦ ਵਿਚ 1956 ਵਿਚ ਉਸ ਨੇ ਸੁਧਾਰ ਤੋਂ ਬੀ.ਟੀ. ਕੀਤੀ। ਪਰ ਸਾਰੀ ਉਮਰ ਦਿੱਲੀ ਹੋਮ ਮਿਨਿਸਟਰੀ ਵਿਚ ਨੌਕਰੀ ਕੀਤੀ। ਜੇ ਉਹ ਟੀਚਰ ਬਣ ਜਾਂਦਾ ਤਾਂ ਬੜਾ ਕਾਮਯਾਬ ਅਧਿਆਪਕ ਹੁੰਦਾ।

 ਗੋਰਮਿੰਟ ਕਾਲਜ ਵਿਚ ਬਿਤਾਏ ਦਿਨ ਮੈਨੂੰ ਹਮੇਸ਼ਾ ਯਾਦ ਰਹਿਣਗੇ।

 

Exit mobile version