ਪੀਤੋ ਵਾਲਾ ਖੂਹ — ਹਰਮੰਦਰ ਸਿੰਘ ‘ਦਿਓਲ‘ (1962 ) – ਮੇਰੇ ਪਿੰਡ ਦੀ ਇਕ ਕਹਾਣੀ ਜਿਹੜੀ ਪਿੰਡ ਦੇ ਗੀਤਾਂ ਵਿਚ, ਪਿੰਡ ਦੀ ਜੂਹ ਵਿਚ, ਅੱਜ ਭੀ ਜਿਉਂਦੀ ਹੈ ।
Peetou Wala Khuh —Harmander Singh ‘Deol’ (1962)
ਸ਼ਾਮ ਦਾ ਸੂਰਜ ਢਲ ਗਇਆ ਸੀ; ਬੜੀ ਵੇਰ ਦਾ-ਹਨੇਰ ਪਸਰਦਾ ਜਾ ਰਹਿਆ ਸੀ; ਚਾਰੇ ਪਾਸੇ-ਦਰਖ਼ਤਾਂ ਦੀ ਛਾਂ ਕਾਲੀ ਹੁੰਦੀ ਜਾ ਰਹੀ ਸੀ; ਗੂੜ੍ਹੀ ਕਾਲੀ–ਪੰਛੀ ਆਲ੍ਹਣਿਆਂ ਨੂੰ ਮੁੜ ਪਏ ਸਨ – ਕੋਈ ਟਾਵਾਂ ਟਾਵਾਂ ਕਾਂ ਉਡਦਾ ਆਪਣੇ ਆਲ੍ਹਣੇ ਨੂੰ ਜਾ ਰਹਿਆ ਸੀ- ਅਸੀਂ ਦੋਵੇਂ; ਮੈਂ ਤੇ ਮੇਰਾ ਨਿੱਕਾ ਭਰਾ ਪਹੇ ਵਾਲੇ ਰਾਹ ਤੇ ਗੱਲਾਂ ਕਰਦੇ ਜਾ ਰਹੇ ਸਾਂ-ਦੂਰ ਸਾਰੇ ਕੋਈ ਪੱਠਿਆਂ ਦੀ ਭਰੀ ਲਈ ਆਉਂਦਾ ਨਜ਼ਰ ਆ ਰਹਿਆ ਸੀ- ਮੈਂ ” ਪੀਤੋ ਵਾਲੇ ਖੂਹ’ ਦੀ ਡੰਡੀ ਮੁੜਿਆ-ਛੋਟਾ ਵੀਰ ਆਖਣ ਲੱਗਾ- “ਬੀਰੇ ਮੈਂ ਨਹੀਂ ਏਧਰ ਜਾਣਾ ! ਔਹ ! ਵੇਖੇ ਨਾ “ਪੀਤੋ ਵਾਲਾ ਖੂਹ” ਏਸ ਖੂਹ ਤੋਂ ਮੈਨੂੰ ਬੜਾ ਡਰ ਲਗਦਾ— ਏਸ ਖੂਹ ਤੇ ਤਾਂ ਪੀਤੋ ਚੀਕਾਂ ਮਾਰਦੀ ਆ ।”
ਖੂਹ ਤੇ ਦਰਖ਼ਤਾਂ ਦੇ ਝੁਰਮਟ ਨੇ ਹਨੇਰ ਕਰ ਰੱਖਿਆ ਸੀ ਤੇ ਜਾਨਵਰਾਂ ਨੇ ਕਾਵਾਂ ਰੌਲੀ ਪਾਈ ਹੋਈ ਸੀ—ਤੇ ਇਕੱਲ ਵਿਚ ਸੱਚੀ ਹਰ ਇਕ ਨੂੰ ਇਥੋਂ ਡਰ ਆਉਂਦਾ ਹੈ ਜਿਸਨੂੰ ਇਸ ਖੂਹ ਦੀ ਸਾਰੀ ਕਹਾਣੀ ਦਾ ਪਤਾ ਹੋਵੇ-ਸਾਡੇ ਪਿੰਡ ਬੜੇ ਰਾਜਾਂ ਵਾਲਾ ਖੂਹ ਇਹ ਗਿਣਿਆ ਜਾਂਦਾ ਹੈ—
ਆਖਦੇ—ਜਦੋਂ ਇਹ ਪੁੱਟਿਆ ਗਇਆ–ਇਸ ਵਿਚੋਂ ਪਾਣੀ ਨਹੀਂ ਸੀ ਨਿਕਲਿਆ- ਬਹੁਤ ਡੂੰਘਾ ਪੁਟਦੇ ਗਏ, ਪੁਟਦੇ ਗਏ ਪਰ ਕਿਧਰਿਉਂ ਭੀ ਪਾਣੀ ਦੀ ਬੂੰਦ ਨਾ ਥਿਆਈ । ਮਾਲਕ ਜੱਟ ਨੂੰ ਇਸ ਗੱਲ ਦਾ ਅਤਿਅੰਤ ਅਫਸੋਸ ਸੀ – ਉਸਦਾ ਲਾਇਆ ਪੈਸਾ ਵੀਰਾਨ—ਉਹ ਝੂਰਦਾ ਆਪਣੀ ਕਿਸਮਤ ਤੇ ਇਹ ਖੂਹ ਉਸਨੇ ਆਪਣੀਆਂ ਪੇਲੀਆਂ ਨੂੰ ਸਿੰਜਣ ਵਾਸਤੇ ਲਾਇਆ ਸੀ ਪਰ….. ਪਰ……। ਉਹ ਸੁਪਨੇ ਲੈਂਦਾ ਸੀ ਆਪਣੀਆਂ ਲਹ ਲਹਾ ਰਹੀਆਂ ਫਸਲਾਂ ਦੇ — ਉਸਦਾ ਚਲਦਾ ਖੂਹ–ਟਿਕ ਟਿਕ ਟਿਕ… ਤੇ ਉਹ ਜ਼ਿੰਦਗੀ ਦਾ ਇਕ ਨਵਾਂ ਰਾਗ ਛੇੜਨਾ ਚਾਹੁੰਦਾ ਸੀ, ਆਪਣੀ ਆਰਤੀ ਵਿਚ;–ਉਸ ਦੀਆਂ ਸੱਧਰਾਂ ਕੁਮਲਾ ਗਈਆਂ; ਬਿਨਾਂ ਪਾਣੀਓਂ । ਉਸਦੀਆਂ ਅੱਖਾਂ ਲੋਚਦੀਆਂ ਸਨ- ਪਾਣੀ… ਪਾਣੀ ਜਿਹੜਾ ਟਿੰਡਾਂ ‘ਚੋਂ ਭਰ ਭਰ ਭੁਲ੍ਹਦਾ ਪਾਰਚੇ ਵਿਚ – ਤੇ ਵਗ ਤੁਰਦਾ ਨਾਲ ਹੀ ਉਸਦਾ ਦਿਲ- ਉਸ ਲੱਖਾਂ ਯਤਨ ਕੀਤੇ ਪਰ ਉਸ ਦੇ ਉਸ ਖੂਹੋਂ ਪਾਣੀ ਨਾ ਨਿਕਲਿਆ- ਨਵਾਂ ਖੂਹ ਲਾਉਣ ਜੋਗੇ ਉਸ ਕੋਲ ਪੈਸੇ ਹੀ ਨਹੀਂ ਸਨ – ਖੂ… ਉਸਦੀ ਜਿੰਦ ਨੂੰ ਹੀ ਰੋਗ ਲੱਗ ਗਇਆ ਸੀ — ਉਹ ਬਿਨਾਂ ਪਾਣੀ ਖੂਹ ਨੂੰ ਵੇਖਦਾ ਤੇ ਖੂਹ ਵਿਚੋਂ ਪਾਣੀ ਨਿਕਲਣ ਦੀ ਥਾਂ ਉਸਦੀਆਂ ਦੋਨੋਂ ਅੱਖਾਂ ‘ਚ ਪਾਣੀ ਆ ਜਾਂਦਾ ਤੇ ਫ਼ਿਰ ਵਹ ਤੁਰਦਾ I
ਇਕ ਦਿਨ ਆਖਦੇ ਨੇ ਇਕ ਪਾਂਧਾ ਆਇਆ ਉਸਨੇ ਦੱਸਿਆ ਕਿ ਖੁਆਜਾ ਕਿਸੇ ਦੀ ਬਲੀ ਮੰਗਦਾ ਹੈ ਤੇ ਫੇਰ ਉਸ ਦੱਸਿਆ ਕਿ ਮਾਲਕ ਆਪਣੀ ਵੱਡੀ ਨੂੰਹ ਦੀ ਆਹੂਤੀ ਇਸ ਥਾਂ ਦੇਵੇ । ਇਹ ਦੱਸ ਪਾਂਧਾ ਚਲਾ ਗਇਆ ।
ਭਰੇ ਦਿਲ ਤੇ ਭਰੀਆਂ ਅੱਖਾਂ ਨਾਲ ਉਹ ਘਰ ਆਇਆ-ਕਿਸੇ ਨੂੰ ਸੱਦ ਉਸਨੇ ਸਾਰੀ ਗੱਲ ਆਪਣੀ ਵੱਡੀ ਨੂੰਹ ‘ਪੀਤੋ’ ਨੂੰ ਲਿਖ ਘੱਲੀ ਤੇ ਉਸਨੂੰ ਜਲਦੀ ਪੁੱਜਣ ਲਈ ਆਖਿਆ–
ਦੱਸਦੇ ਨੇ ਚਿੱਠੀ ਲੈਕੇ ਨਾਈ ਉਸਦੇ ਪਿੰਡ ਪੁੱਜ ਗਇਆ —ਨਹੀਂ… ਨਹੀਂ… …ਮੌਤ ਦਾ ਸੰਦੇਸ਼ ਲੈਕੇ – ਜਦੋਂ ਉਸ ਚਿੱਠੀ ਪੜ੍ਹੀ-ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਪਰ ਦੂਜੇ ਪਲ ਹੀ ਉਸ ਮਾਂ ਨੂੰ ਆਖਿਆ, “ਮਾਏ ਨੀਂ ! ਮੈਨੂੰ ਟੋਰ ਦੇ, ਆਖਰੀ ਵਾਰ -ਮਾਂ ਦੀਆਂ ਅੱਖਾਂ ਵਿਚੋਂ ਨਦੀਆਂ ਵਾਂਗ ਹੰਝੂ ਵਹ ਤੁਰੇ— ਤੇ ਪਿੰਡ ਦੀਆਂ ਬੁੱਢੀਆਂ ਨੇ ਪੀਤੋ ਦਾ ਗੀਤ ਉਸਦੇ ਮੂੰਹ ਪਾਕੇ ਇੰਜ ਗਾਵਿਆ-ਆਵਾਜ਼ ਉਚੀ ਹੁੰਦੀ ਗਈ:-
‘’ਸੱਦ ਕਹਾਰਾਂ ਮਾਏ ਨੀਂ ਸਾਡਾ ਡੋਲਾ ਕਸਾ ਦੇ
ਅਸਾਂਹਰੇ ਦੀ ਬਾਂਧ ਬੱਧੀ ਜਾਣਾ ਨੀਂ-
ਸਈਆਂ ਸਦਾ ਕੇ,
ਸਾਨੂੰ ਵਿਦਿਆ ਕਰਾ ਦੇ
ਅਸਾਂ ਸਹੁਰੇ ਦੀ ਬਾਂਧ ਬੱਧੀ ਜਾਣਾ ਨੀਂ-
ਫੇਰ ਦੱਸਦੇ ਨੇ ਸਈਆਂ ਸਹੇਲੀਆਂ ਮਿਲੀਆਂ ਨੀਚ ਵਹਾ ਵਹਾ ਕੇ-ਭੈਣਾਂ, ਭਰਾ, ਚਾਚੀਆਂ, ਮਾਸੀਅ ਸਭ ਉਸਦੇ ਡੋਲੇ ਤੇ ਆਈਆਂ ਡੋਲਾ, ਜਿਸ ਕਦੀ ਨਹੀ ਸੀ ਜਿਉਂਦੀ ਨੂੰ ਲਿਆਉਣਾ ਫੋਰ-ਗਲੇ ਲੱਗਕੇ ਮਾੜ ਧੀਆਂ ਬੜਾ ਰੋਈਆਂ-ਬੜਾ ਰੋਈਆਂ, ਹੰਝੂਆਂ ਨਾਲ ਹੌਕਿਆਂ ਨਾਲ ਕਹਾਰਾਂ ਉਸਦਾ ਡੋਲਾ ਚਾ ਲਇਆ-ਹੌਲੀ ਹੌਲੀ ਕਦਮ ਪੁਟਦੇ ਉਹ ਤੁਰ ਪਏ-ਤੇ ਪਿਛੇ ਜਿਵੇਂ ਲਾਸ਼ ਦੇ ਪਿਛੇ ਤੀਵੀਆਂ ਵਿਰਲਾਪ ਕਰਦੀਆਂ ਜਾਂਦੀਆਂ ਹਨ, ਤੁਰਦੀਆਂ ਗਈਆਂ— ਡੋਲੀ ‘ਚੋਂ ਲੰਮੇ ਲੰਮੇ ਹਟਕੋਰੇ ਸੁਣਦੇ ਰਹੇ—ਦੂਜੀ ਜੂਹ ਆਈ ਤੋਂ ਪਿੰਡ ਵਾਲੇ ਮੁੜ ਗਏ- ਮਾਂ ਦਾ ਦਿਲ ਬਲ ਉਠਿਆ ਆਪਣੀ ਇਕਲੌਤੀ ਧੀ ਨੂੰ ਜਾਂਦਾ ਵੇਖਕੇ- ਧੀ ਜਿਹੜੀ ਉਸ ਚਾਵਾਂ ਮਲ੍ਹਾਰਾਂ ਨਾਲ ਪਾਲੀ ਸੀ-ਤੇ ਜਿਸਨੂੰ ਵੇਖ ਵੇਖ ਜੀ. ਨਹੀਂ ਸੀ ਰੱਜਦਾ –
ਡੋਲਾ ਲਈ ਕੁਹਾਰ ਸਹੁਰੇ ਪਿੰਡ ਦੀ ਜੂਹ ਆ ਵੜੇ ਤੇ ਤ੍ਰੀਮਤਾਂ ਨੇ ਸੁਣਾਈ ‘ਪੀਤੋ’ ਦੀ ਪੁਕਾਰ ।
ਪੀਤੋ ਦਾ ਸੰਦੇਸ਼ (ਕੁਹਾਰਾਂ ਪ੍ਰਤੀ)
“ਉਰੇ ਨਾ ਲਾਹਿਓ, ਕਹਾਰੋ, ਪਰ੍ਹਾ ਨਾ ਲਾਹਿਓ ਕਹਾਰੋ ।
ਮੇਰੇ ਸਹੁਰੇ ਦੀ ਧੌਲਰ ਜਾਕੇ ਲਾਹਿਓ ।”
ਤੇ ਕਹਾਰ ਡੋਲਾ ਚੁੱਕੀ ਲੈ ਗਏ- ਚੁੱਕੀ ਲੈ ਗਏ-ਸਾਰਾ ਪਿੰਡ ਖੂਹ ਉਤੇ ਇਕੱਠਾ ਹੋਇਆ ਹੋਇਆ ਸੀ-ਰੀਤ ਕਰਨ ਲਈ ਪਾਂਧਾ ਭੀ ਹਾਜ਼ਰ ਸੀ- ਕਹਾਰਾਂ ਪੀ. ਦਾ ਡੋਲਾ ਲਾਹ ਦਿਤਾ । ਉਸਦੇ ਵਿਆਹ ਵਾਲੇ ਕੱਪੜੇ ਪਾਏ ਹੋਏ ਸਨ ਤੇ ਇਕ ਲੰਮਾ ਸਾਰਾ ਘੁੰਡ ਕੱਢੀ ਉਹ ਡੋਲੀ ਵਿਚ ਬੈਠੀ ਸੀ ਪਰ ਉਸਦੇ ਹਟਕੋਰੇ…. ਲੰਮੇ ਲੰਮੇ ਹਟਕੋਰੇ ਰੋਲੇ ਗੌਲੇ ਵਿਚ ਗਵਾਰ ਰਹੇ ਸਨ । ਉਸਦੀ ਸੱਸ ਉਸ ਕੋਲ ਆਈ ਤੇ ਪੱਲਾ ਚੁਕ ਕੇ ਵੇਖਣ ਲੱਗੀ– ਤ੍ਰੀਮਤਾਂ ਨੇ ਉਸ ਵੇਲੇ ਇੰਜ ਗਾਵਿਆ:-
‘ਪੱਲਾ ਚੁਕ ਕੇ
ਸਾਡੀ ਸੱਸ ਭੀ ਦੇਖੇ
ਮੁੜ ਏਸ ਜੱਗ ਨੀ ਔਣਾ।”
……ਤੇ ਫਿਰ ਗੀਤ ਉੱਚੀ ਹੋ ਉਠਿਆ-ਨੂੰਹ ਦੀ ਵੇਦਨਾ ਦਾ—
“ਤੈਨੂੰ ਤਾਂ ਸੱਸੇ
ਨੂੰਹਾਂ ਹੋਰ ਬਥੇਰੀਆਂ
ਮੇਰੀ ਮਾਂ ਘਰ ਧੀ ਨਾ ਕੋਈ ।”
ਇਕ ਇਕ ਕਰਕੇ ਸਾਰੀਆਂ ਸਖੀਆਂ ਉਸਨੂੰ ਮਿਲੀਆਂ— ਗਲੇ ਲੱਗ ਲੱਗ ਰੋਈਆਂ ਤੇ ਫੇਰ ਦੱਸਦੇ ਨੇ ਪਾਂਧੇ ਨੇ ਮੰਤ੍ਰ ਪੜ੍ਹਿਆ- ਤੇ ਖੂਹ ਦਾ ਚੱਕ ਜੋ ਰੰਗ ਬਰੰਗੀਆਂ ਲੀਰਾਂ ਨਾਲ ਸਜਾਇਆ ਹੋਇਆ ਸੀ, ਨਾਲ ਪੀਤੋ ਨੂੰ ਬੰਨ੍ਹ ਦਿੱਤਾ।
ਹੌਲੀ ਹੌਲੀ ਲੋਕਾਂ ਉਸਨੂੰ ਚੁੱਕ ਕੇ ਖੂਹ ਵਿਚ ਲਟਕ ਦਿੱਤਾ ਤੇ ਨੂੰਹ ਦੀ ਵੇਦਨਾ ਗੀਤਾਂ ਵਿਚ ਇੰਜ ਗਾਈ ਗਈ-
“ਹੌਲੀ ਲਟਕਾਇਓ! ਮੇਰੇ ਮੌਹਰੇ ਦੇ ਜਾਇਓ ਮੇਰੀ ਸੱਗੀ ਨੂੰ ਬੋੜ ਨਾ ਪਾਇਉ ।
ਹੌਲੀ ਲਟਕਾਇਉ ! ਮੇਰੇ ਸੌਹਰੇ ਦੇ ਜਾਇਓ ਮੇਰੀ ਵੀਣੀ ਨੂੰ ਮਚਕੋੜ ਨਾ ਪਾਇਉ ।”
ਜਿਉਂ ਜਿਉਂ ਨੂੰਹ ਦਾ ਸਰੀਰ ਥੱਲੇ ਦੇ ਨੇੜੇ ਹੁੰਦਾ ਗਇਆ, ਰੇਤਾ ਪਰ੍ਹਾਂ ਹੱਟਦਾ ਗਇਆ—ਹੱਟਦਾ ਗਇਆ । ਜਦੋਂ ਚੱਕ ਸਣੇ ਉਹ ਥੱਲੇ ਨਾਲ ਜਾ ਲੱਗੀ ਤੇ ਚੱਕ ਦਾ ਭਾਰ ਉਸ ਉਤੇ ਪੈਣ ਲੱਗਾ-ਪਾਣੀ ਦੀਆਂ ਫੁਹਾਰਾਂ ਵਹ ਤੁਰੀਆਂ-ਤੇ ਫੇਰ ਪਾਣੀ-ਪਾਣੀ—ਹੋ ਗਇਆ—ਉਹ ਡੁਬਦੀ ਗਈ ਪਾਣੀ ਵਿਚ-ਹੋਰ ਨੀਵੀਂ —ਹੋਰ ਨੀਵੀਂ —
ਬੁੱਢੇ ਨੇ ਹੰਝੂਆਂ ਭਿੱਜੀ ਖੁਸ਼ੀ ਨਾਲ ਪਹਲਾ ਪਾਣੀ ਤੱਕਿਆ ।
“ਬੀਰੇ ਹੁਣ ਭੀ ਖੁਆਜਾ ਬਲੀ ਮੰਗਦੈ! ਹੈਂ ਬੀਰੇ ! ਪੀਤੇ ਦੀ ਬਲੀ ਨਾਲ ਈ ਪਾਣੀ ਆਇਆ ਸੀ ਖੂਹ ‘ਚ–” ਮੇਰਾ ਨਿੱਕਾ ਵੀਰ ਪੁੱਛ ਰਹਿਆ ਸੀ –
_+_+_+_+_+_+_+_
ਇਸ ਭਾਵਨਾਤਮਕ ਕਹਾਣੀ ਲਈ ਸਰਕਾਰੀ ਕਾਲਜ ਲੁਧਿਆਣਾ ਦੇ ਇੱਕ ਵੱਕਾਰੀ ਅੰਦਰੂਨੀ ਪ੍ਰਕਾਸ਼ਨ, ਸਤਲੁਜ (1962) ਅੰਕ ਦਾ ਧੰਨਵਾਦ।