The Global Talk
Diaspora Farms & Factories Literary Desk Milestones News & Views Punjabi-Hindi

PAU Ludhiana gives literary scholars alongwith agro-scientists

ਅਮਰੀਕਾ ਵੱਸਦੇ ਪੀ ਏ ਯੂ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਡਾਃ ਬਿਕਰਮ ਸੋਹੀ ਦੀ ਕਾਵਿ ਪੁਸਤਕ ਸਰਦਲਾਂ ਲੋਕ ਅਰਪਨ

ਲੁਧਿਆਣਾਃ 29 ਜੂਨ

ਦੇ ਦਹਾਕੇ ਪਹਿਲਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਾਲਿਜ ਆਫ ਵੈਟਰਨਰੀ ਸਾਇੰਸਜ਼ ਵਿੱਚੋਂ ਪੜ੍ਹ ਕੇ ਅਮਰੀਕਾ ਵੱਸੇ ਪੰਜਾਬੀ ਕਵੀ ਡਾਃ ਬਿਕਰਮ ਸੋਹੀ ਦੀ ਪਲਾਸ਼ ਦੇ ਪੱਤੇ ਅਤੇ  ਆਪਣੇ ਜੋਗੀ ਛਾਂ ਉਪਰੰਤ ਤੀਜੀ ਕਾਵਿ ਪੁਸਤਕ ਸਰਦਲਾਂ  ਬੀਤੀ ਸ਼ਾਮ ਯੂਨੀਵਰਸਿਟੀ ਵਿੱਚ ਲੋਕ ਅਰਪਨ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਸਿੰਘ ਬੁੱਟਰ ਨੇ ਕਿਹਾ ਹੈ ਕਿ ਡਾਃ ਬਿਕਰਮ ਸੋਹੀ ਨੇ ਇਸ ਕਾਵਿ ਸੰਗ੍ਰਹਿ ਰਾਹੀਂ ਵਿਗਿਆਨਕ ਸੋਚ ਧਾਰਾ ਦੇ ਨਾਲ ਨਾਲ ਸਿਰਜਣਾਤਮਕ ਅਮਲ ਨੂੰ ਵੀ ਨਵੇਂ ਮੁਹਾਵਰੇ ਸੰਗ ਪੇਸ਼ ਕੀਤਾ ਹੈ। ਉਸ ਕੋਲ ਵਿਸ਼ਵ ਦ੍ਰਿਸ਼ਟੀ ਨੇ ਨਾਲ ਨਾਲ ਧਰਤੀ ਦੇ ਦੁਖ ਸੁਖ ਨਾਲ ਸਾਂਝ ਪੁਗਾਉਣ ਦਾ ਸ਼ਬਦ ਭੰਡਾਰ ਵੀ ਹੈ। ਉਨ੍ਹਾਂ ਕਿਹਾ ਕਿ ਡਾਃ ਬਿਕਰਮ ਸੋਹੀ ਦੀ ਗਿਆਨ ਗ੍ਰਹਿਣ ਭੂਮੀ ਵਿੱਚ ਉਸ ਦੀ ਗੈਰ ਹਾਜ਼ਰੀ ਵਿੱਚ ਉਸ ਦੀ ਕਾਵਿ ਪੁਸਤਕ ਲੋਕ ਅਰਪਨ ਹੋਣਾ ਸਨਮਾਨ ਜਨਕ ਕਾਰਜ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੇਵਾਮੁਕਤ ਅਧਿਆਪਕ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ  ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿੱਚ ਸਾਨਫਰਾਂਸਿਸਕੋ ਨੇੜੇ ਵੈਟਰਨਰੀ ਡਾਕਟਰ ਵਜੋਂ ਸੇਵਾ ਨਿਭਾ ਰਿਹਾ ਡਾਃ ਬਿਕਰਮ ਸੋਹੀ ਮੇਰਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੋਹੀਆਂ(ਸ਼੍ਰੀ ਹਰਗੋਬਿਦਪੁਰ) ਦਾ ਜੰਮਪਲ ਸਨੇਹੀ ਹੈ ਪਰ ਉਸ ਦੀ ਕਾਵਿ ਸਿਰਜਣਾ ਦਾ ਆਰੰਭ ਬਿੰਦੂ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਹੈ। ਬਿਕਰਮ ਦੀ ਕਵਿਤਾ ਪੜ੍ਹਦਿਆਂ ਮੈਨੂੰ ਇੰਜ ਲੱਗਿਆ ਜਿਵੇਂ ਉਹ  ਮਨੁੱਖੀ ਮਨ ਦੇ ਅੰਦਰੂਨੀ ਤੇ ਬਾਹਰਲੇ ਬੰਧਨ ਤੋੜਨ ਲਈ ਯਤਨਸ਼ੀਲ ਹੈ। ਉਸ ਕੋਲ ਦ੍ਰਿਸ਼ਟੀ ਵੀ ਹੈ ਤੇ ਦ੍ਰਿਸ਼ਟੀਕੋਨ ਵੀ। ਮੈਨੂੰ ਅਹਿਸਾਸ ਹੈ ਕਿ ਵੈਟਰਨਰੀ ਕਾਲਿਜ ਨੇ ਸਾਹਿੱਤ, ਸੰਗੀਤ ਤੇ ਕੋਮਲ ਕਲਾਵਾਂ ਦੇ ਖੇਤਰ ਵਿੱਚ ਬਹੁਤ ਵਧੀਆ ਪੁੱਤਰ ਧੀਆਂ ਦਿੱਤੇ ਹਨ।

ਸਮਰੱਥ ਕਵੀ ਅਤੇ ਪੀ ਏ ਯੂ  ਅਧਿਆਪਕ ਡਾਃ ਜਗਵਿੰਦਰ ਜੋਧਾ  ਨੇ ਬਾਹਰੋਂ ਆਏ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਕਣ ਕਣ  ਵਿੱਚ ਡਾਃ ਮ ਸ ਰੰਧਾਵਾ, ਪ੍ਰੋਃ ਮੋਹਨ ਸਿੰਘ,ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜਾਇਬ ਚਿਤਰਕਾਰ, ਸੁਰਜੀਤ ਪਾਤਰ ਤੇ ਹੋਰ ਅਨੇਕਾਂ ਅਧਿਆਪਕ ਲੇਖਕਾਂ ਦੀਆਂ ਪੈੜਾਂ ਦੇ ਨਿਸ਼ਾਨ ਹਨ। ਮੈਂ ਤੇ ਮੇਰੇ ਸਾਥੀ ਉਸ ਵਿਰਾਸਤ ਦੀ ਰੌਸ਼ਨੀ ਵਿੱਚ ਵਰਤਮਾਨ ਦੇ ਨਕਸ਼ ਸੰਵਾਰਨ ਵਿੱਚ ਲੱਗੇ ਹੋਏ ਹਾਂ। ਸਾਡੇ ਸਮੂਹ ਸਿਰਜਕ ਪਰਿਵਾਰ ਵੱਲੋਂ ਡਾਃ ਬਿਕਰਮ ਸੋਹੀ ਦੀ ਕਾਵਿ ਪੁਸਤਕ ਸਰਦਲਾਂ ਦਾ ਭਰਪੂਰ ਸੁਆਗਤ ਹੈ।

ਪਟਿਆਲਾ ਤੋਂ ਆਏ ਪੰਜਾਬੀ ਕਵੀ ਬਲਵਿੰਦਰ ਸੰਧੂ, ਤ੍ਰੈਲੋਚਨ ਲੋਚੀ ਕੇ ਨਾਭਾ ਤੇਂ ਆਏ ਕਵੀ ਸੁਰਿੰਦਰਜੀਤ ਚੌਹਾਨ ਨੇ ਵੀ ਡਾਃ ਬਿਕਰਮ ਸੋਹੀ ਨੂੰ ਮੁਬਾਰਕ ਦਿੰਦਿਆਂ ਉਸ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। ਇਹ ਪੁਸਤਕ ਨਾਨਕ ਸਿੰਘ ਪੁਸਤਕ ਮਾਲਾ ਅੰਮ੍ਰਿਤਸਰ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸਾਂਝੇ ਤੌਰ ਤੇ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਦਾ ਵਿਤਰਣ ਸਿੰਘ ਬਰਦਰਜ਼ ਸਿਟੀ ਸੈਂਟਰ ਅੰਮ੍ਰਿਤਸਰ ਰਾਹੀਂ ਕੀਤਾ ਜੇ ਰਿਹਾ ਹੈ। ਇਹ ਕਾਵਿ ਪੁਸਤਕ ਐਮਾਜ਼ੋਨ ਰਾਹੀਂ ਵੀ ਮੰਗਵਾਈ ਜਾ ਸਕਦੀ ਹੈ।

Leave a Comment