The Global Talk
Bloggers Adda Diaspora Farms & Factories News & Views Open Space Punjabi-Hindi

Unforgettable days of PAU, Ludhiana –Prof Dr.Amarjit Singh Hayer

ਪੀ.ਏ.ਯੂ. ਲੁਧਿਆਣਾ ਦੀਆਂ ਮਿੱਠੀਆਂ ਯਾਦਾਂ

( ਇਹ ਲੇਖ ਪ੍ਰੋਫੈਸਰ ਡਾ. ਅਮਰਜੀਤ ਸਿੰਘ ਹੇਅਰ ਦੀ ਕਿਤਾਬ “ਬਾਤਾਂ ਬੀਤੇ ਵੇਲੇ ਦੀਆਂ” ਤੋਂ ਲਿਆ ਗਿਆ ਹੈ। ਪੀਏਯੂ, ਲੁਧਿਆਣਾ ਵਿੱਚ ਆਪਣੇ ਕਾਰਜਕਾਲ ਦੀਆਂ ਮਿੱਠੀਆਂ ਯਾਦਾਂ ਦੀ ਇਸ ਸੁੰਦਰ ਲਿਖਤ ਲਈ ਸਾਰਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ )

                                                                          (1)

ਮੈਂ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ 20 ਫਰਵਰੀ, 1966 ਨੂੰ ਅਸਿਸਟੈਂਟ ਪ੍ਰੋਫੈਸਰ ਅੰਗਰੇਜ਼ੀ ਵਜੋਂ ਇਸ ਯੂਨੀਵਰਸਿਟੀ ਵਿਚ ਨੌਕਰੀ ਸ਼ੁਰੂ ਕੀਤੀ। ਪਹਿਲਾਂ ਇਹ ਖੇਤੀਬਾੜੀ ਕਾਲਜ ਹੀ ਸੀ ਪਰ ਦਸੰਬਰ 1962 ਵਿਚ ਇਸ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ। ਯੂਨੀਵਰਸਿਟੀ ਦੇ ਤਿੰਨ ਕੈਂਪਸ ਲੁਧਿਆਣਾ, ਹਿਸਾਰ ਅਤੇ ਪਾਲਮਪੁਰ ਸਨ ਪਰ ਹੈਡਕੁਆਰਟਰ ਲੁਧਿਆਣਾ ਹੀ ਸੀ। 1965 ਵਿਚ ਖੇਤੀ ਇੰਜਨੀਅਰਿੰਗ ਕਾਲਜ ਸ਼ੁਰੂ ਹੋਇਆ ਅਤੇ ਅਗਲੇ ਸਾਲ ਹੋਮ ਸਾਇੰਸ ਕਾਲਜ ਅਤੇ ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨੇਟੀਜ਼ ਬਣੇ। ਸਾਡੇ ਵਿਭਾਗ ਦਾ ਨਾਂ ਸੀ ਲੈਂਗੂਏਜਿਜ਼ ਐਂਡ ਕਲਚਰ। ਇਹ ਵਿਭਾਗ ਬੇਸਿਕ ਸਾਇੰਸਜ ਕਾਲਜ ਅਧੀਨ ਸੀ। ਅੰਗਰੇਜ਼ੀ ਦੇ ਕੋਰਸ ਸਾਰੇ ਕਾਲਜਾਂ ਵਿਚ ਸਨ।

ਫਰਵਰੀ ਦੇ ਮਹੀਨੇ ਬਸੰਤ ਰੁੱਤੇ ਕੈਂਪਸ ‘ਤੇ ਫੁੱਲਾਂ ਦੀ ਬਹਾਰ ਸੀ। ਕੈਂਪਸ ਵੀ ਬੜਾ ਵਿਸ਼ਾਲ ਹੈ 1400 ਏਕੜ ਵਿਚ। ਉਸ ਵੇਲੇ ਖੇਤੀ ਕਾਲਜ ਅਤੇ ਦੋ ਹੋਸਟਲਾਂ ਦੀਆਂ ਇਮਾਰਤਾਂ ਹੀ ਸਨ। ਪਰ ਹਰ ਸਾਲ ਨਵੀਆਂ ਇਮਾਰਤਾਂ ਦੀ ਉਸਾਰੀ ਤੇਜ਼ੀ ਨਾਲ ਹੋਈ। ਦੂਜੇ ਕਾਲਜਾਂ ਦੀਆਂ ਨਵੀਆਂ ਇਮਾਰਤਾਂ ਅਤੇ ਨਵੇਂ ਹੋਸਟਲ ਬਣੇ। ਪ੍ਰਬੰਧਕੀ ਅਮਲੇ ਲਈ ਤਿੰਨ ਮੰਜ਼ਲੀ ਇਮਾਰਤ ਬਣੀ। ਏਸੇ ਤਰ੍ਹਾਂ ਪੰਜ ਮੰਜ਼ਲੀ ਆਲੀਸ਼ਾਨ ਲਾਇਬ੍ਰੇਰੀ ਬਣੀ। ਕੁਝ ਦੇਰ ਪਿਛੋਂ ਪੰਜਾਬ ਦੇ ਪੇਂਡੂ ਵਿਰਸੇ ਨੂੰ ਦਰਸਾਉਂਦਾ ਹਵੇਲੀ ਨੁਮਾ ਅਜਾਇਬ ਘਰ ਬਣਿਆ ਅਤੇ ਉੱਤਰੀ ਭਾਰਤ ਦੇ ਜਲ ਸੋਮਿਆਂ ਨੂੰ ਦਿਖਾਉਂਦਾ ਖੁੱਲ੍ਹੇ ਮੈਦਾਨ ਵਿਚ ਅਜਾਇਬ ਘਰ ਹੋਂਦ ਵਿਚ ਆਇਆ।

ਯੂਨੀਵਰਸਿਟੀ ਦਾ ਪਹਿਲਾ ਵਾਈਸ-ਚਾਂਸਲਰ ਸੀ ਪੀ.ਐਨ. ਥਾਪਰ ਪਰ ਉਸ ਦਾ ਦਫ਼ਤਰ ਚੰਡੀਗੜ੍ਹ ਸੀ ਅਤੇ ਉਹ ਕਿਤੇ ਹੀ ਲੁਧਿਆਣੇ ਗੇੜਾ ਮਾਰਦਾ ਸੀ ਪਰ ਸੀ ਬੜਾ ਸੂਝਵਾਨ। ਉਸ ਨੇ ਕਾਬਲ ਪ੍ਰੋਫੈਸਰ ਦੂਰੋਂ ਦੂਰੋਂ ਚੰਗੀਆਂ ਤਨਖਾਹਾਂ ਅਤੇ ਵਧੀਆ ਸਹੂਲਤਾਂ ਦੇ ਕੇ ਏਥੇ ਲਿਆਂਦੇ। ਇਨ੍ਹਾਂ ਦੇ ਰਹਿਣ ਲਈ ਕੈਂਪਸ ਤੇ ਹੀ ਅੱਛੇ ਮਕਾਨ ਬਣਵਾਏ। ਉਸ ਵੇਲੇ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਸਾਇੰਸਦਾਨ ਕੈਂਪਸ ਵਿਚ ਹੀ ਰਹਿਣ ਅਤੇ ਆਪਣਾ ਸਾਰਾ ਧਿਆਨ ਪੜ੍ਹਾਈ ਜਾਂ ਖੋਜ ‘ਤੇ ਲਾਉਣ। ਉਹ ਆਪਣੀ ਦੂਜੀ ਟਰਮਾ ਦੇ ਵਿਚ ਹੀ ਬੀਮਾਰ ਹੋ ਗਿਆ ਤਾਂ ਅਕਤੂਬਰ 1968 ਵਿਚ ਇਕ ਹੋਰ ਪ੍ਰਸਿੱਧ ਆਈ.ਸੀ.ਐਸ. ਅਫ਼ਸਰ ਮਹਿੰਦਰ ਸਿੰਘ ਰੰਧਾਵਾ ਵਾਈਸ-ਚਾਂਸਲਰ ਬਣ ਕੇ ਆਇਆ। ਉਹ ਸੀ ਤਾਂ ਬੌਟਨੀ ਵਿਚ ਡੀ.ਐਸ. ਸੀ ਪਰ ਉਸ ਦੇ ਸ਼ੌਂਕ ਬਹੁਤ ਸਨ। ਉਸ ਨੂੰ ਸਾਹਿੱਤ, ਆਰਟ, ਫੋਕ ਲੋਰ ਦਾ ਵੀ ਬਹੁਤ ਗਿਆਨ ਸੀ। ਉਸ ਦੀਆਂ ਜੜ੍ਹਾਂ ਪਿੰਡ ਵਿਚ ਹੋਣ ਕਰਕੇ ਉਸ ਨੂੰ ਪਿੰਡਾਂ ਦੇ ਵਿਕਾਸ ਦੀ ਵੀ ਲਗਨ ਸੀ। ਉਸ ਨੇ ਯੂਨੀਵਰਸਿਟੀ ਵਿਚ ਨਵੇਂ ਪ੍ਰੋਗਰਾਮ ਜਿਵੇਂ ਪੱਤਰਕਾਰੀ, ਬਿਜ਼ਨੈਸ ਐਡਮਿਨਿਸਟ੍ਰੇਸ਼ਨ ਆਦਿ ਸ਼ੁਰੂ ਕਰਵਾਏ। ਪਹਿਲੇ ਦੇ ਵਾਈਸ-ਚਾਂਸਲਰਾਂ ਨੇ ਯੂਨੀਵਰਸਿਟੀ ਨੂੰ ਪੱਕਿਆ ਪੈਰਾਂ ਉੱਤੇ ਖੜ੍ਹੀ ਕਰ ਦਿੱਤਾ ਅਤੇ ਉਸ ਦੌਰਾਨ ਪੰਜਾਬ ਖੇਤੀ ਵਿਚ ਹਰਾ ਇਨਕਲਾਬ ਆਇਆ ਜਿਸ ਨੇ ਭਾਰਤ ਦੀ ਅੰਨ ਸਮੱਸਿਆ ਹੱਲ ਕਰ ਦਿੱਤੀ ਅਤੇ ਪੰਜਾਬ ਨੂੰ ਆਲਮੀ ਸ਼ੋਹਰਤ ਦਿਵਾਈ।

ਮੈਨੂੰ ਜਲਦੀ ਹੀ ਕੈਂਪਸ ਤੇ ਮਕਾਨ ਮਿਲ ਗਿਆ। ਇਸ ਤਰ੍ਹਾਂ ਇਸ ਖੂਬਸੂਰਤ ਕੈਂਪਸ ਤੇ ਮੈਨੂੰ ਸਤਾਈ ਸਾਲ ਰਹਿਣ ਦਾ ਸੁਨਹਿਰੀ ਮੌਕਾ ਪ੍ਰਾਪਤ ਹੋਇਆ। ਡਾਕਟਰ ਰੰਧਾਵਾ ਲੈਂਡ ਸਕੇਪਿੰਗ ਦਾ ਮਾਹਿਰ ਸੀ। ਉਸ ਨੇ ਕੈਂਪਸ ਨੂੰ ਰੰਗ ਬਰੰਗੇ ਫੁੱਲਾਂ ਵਾਲੀਆਂ ਝਾੜੀਆਂ ਅਤੇ ਦਰੱਖਤਾਂ ਨਾਲ ਸ਼ਿੰਗਾਰਿਆ। ਸੜਕਾਂ ਦੇ ਨਾਂ ਦਰਖਤਾਂ ਦੇ ਨਾਵਾਂ ‘ਤੇ ਰੱਖੇ ਅਤੇ ਦਰੱਖਤਾਂ ‘ਤੇ ਉਨ੍ਹਾਂ ਦੇ ਨਾਵਾਂ ਵਾਲੀਆਂ ਫੱਟੀਆਂ ਲਗਵਾਈਆਂ। ਚੰਡੀਗੜ੍ਹ ਦੇ ਰੌਕ ਗਾਰਡਨ ਦੀ ਤਰਜ਼ ‘ਤੇ ਇਕ ਮਿੰਨੀ ਰੌਕ ਗਾਰਡਨ ਬਣਵਾਇਆ। ਗੱਲ ਕੀ ਜਿਸ ਤਰ੍ਹਾਂ ਉਸ ਨੇ ਚੰਡੀਗੜ੍ਹ ਦੇ ਕੰਕਰੀਟ ਜੰਗਲ ਨੂੰ ਸਿਟੀ ਬਿਊਟੀਫੁਲ ਵਿਚ ਤਬਦੀਲ ਕਰ ਦਿੱਤਾ ਓਸੇ ਤਰ੍ਹਾਂ ਉਸ ਨੇ ਯੂਨੀਵਰਸਿਟੀ ਨੂੰ ਸ਼ਿੰਗਾਰ ਰੁੱਖਾਂ ਦਾ ਜਾਮਾ ਪਹਿਨਾ ਕੇ ਸਾਲੂ ਲਪੇਟੀ ਵਿਆਹੁਤਾ ਵਾਂਗ ਸਜਾ ਦਿੱਤਾ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਤਿੰਨ ਦਹਾਕੇ ਇਸ ਮਨਮੋਹਣੀ ਥਾਂ ਅਨੰਦ ਮਾਣਿਆ। ਏਥੋਂ ਦੇ ਖੁੱਲ੍ਹੇ ਮੈਦਾਨਾਂ, ਖੁਸ਼ਬੂਦਾਰ ਬਾਗਾਂ ਅਤੇ ਫ਼ਸਲਾਂ ਲੱਦੇ ਫਾਰਮਾਂ ਦੀਆਂ ਖੂਬ ਸੈਰਾਂ ਕੀਤੀਆਂ। ਇਸ ਦਿਲਕਸ਼ ਵਾਤਾਵਰਨ ਵਿਚ ਅਨੇਕ ਪੰਛੀਆਂ ਨੂੰ ਉਡਾਰੀਆਂ ਲਾਉਂਦੇ, ਗੀਤ ਗਾਉਂਦੇ ਹਰ ਰੋਜ਼ ਤੱਕਿਆ।

ਜਦ ਮੈਂ ਇਸ ਸ਼ਹਿਰ ਵਿਚ ਪੜ੍ਹਦਾ ਸੀ ਤਾਂ ਸਿਵਲ ਲਾਈਨਜ਼ ਵਿਚ ਵੀ ਕਈ ਬਾਗ ਸਨ। ਕੋਠੀਆਂ ਦੇ ਖੁੱਲ੍ਹੇ ਲਾਅਨ ਸਨ। ਰੱਖ ਬਾਗ ਬੜਾ ਵਿਸ਼ਾਲ ਸੀ। ਵਿਚ ਵਿਚ ਖੇਤ ਵੀ ਸਨ। ਮੋਰ ਵੀ ਕਈ ਥਾਂ ਪੈਲਾਂ ਪਾਉਂਦੇ ਦਿਸ ਪੈਂਦੇ ਸਨ। ਕਾਲੇ ਤਿੱਤਰਾਂ ਦੀ ‘ਸੁਭਾਨ ਤੇਰੀ ਕੁਦਰਤ’ ਅਤੇ ਅੰਬਾਂ ‘ਤੇ ਬੂਰ ਪੈਣ ਵੇਲੇ ਕੋਇਲਾਂ ਦੀ ਕੁ ਕੂ ਵੀ ਕੰਨਾਂ ਵਿਚ ਪੈ ਜਾਂਦੀ ਸੀ। ਬਹੁਤੀਆਂ ਸੜਕਾਂ ਰੋੜਾਂ ਦੀਆਂ ਸਨ। ਲੋਕ ਪੈਦਲ ਜਾਂ ਸਾਈਕਲਾਂ ‘ਤੇ ਇਕ ਥਾਂ ਤੋਂ ਦੂਸਰੀ ਥਾਂ ਜਾਂਦੇ ਸਨ। ਰਿਕਸ਼ੇ ਵੀ ਪਿਛੋਂ ਆਏ। ਸੜਕਾਂ ‘ਤੇ ਕੋਈ ਸ਼ੋਰ ਸ਼ਰਾਬਾ ਨਹੀਂ ਸੀ । ਸ਼ਾਮ ਨੂੰ ਸੈਰ ਕਰਦਿਆਂ ਕੋਠੀਆਂ ਵਿਚੋਂ ਰਾਤ ਦੀ ਰਾਣੀ ਦੀ ਮਹਿਕ ਆਉਣੀ। ਸਾਰੀ ਸਿਵਲ ਲਾਈਨਜ਼ ਵਿਚ ਟਾਵੀਂ ਟਾਵੀਂ ਹੀ ਦੁਕਾਨ ਸੀ। ਗਿਆਰਾਂ ਸਾਲਾਂ ਪਿਛੋਂ ਜਦ ਮੈਂ ਏਥੇ ਮੁੜ ਕੇ ਆਇਆ ਤਾਂ ਸ਼ਹਿਰ ਕਾਫ਼ੀ ਬਦਲ ਗਿਆ ਸੀ। ਹਰ ਪਾਸੇ ਭੀੜ ਭੜੱਕਾ ਅਤੇ ਲੋਕਾਂ ਵਿਚ ਵੀ ਪੈਸੇ ਦੀ ਦੌੜ ਲੱਗੀ ਜਾਪਦੀ ਸੀ। ਓਦੋਂ ਗ਼ੈਰ ਪੰਜਾਬੀ ਕਿਤੇ ਨਜ਼ਰ ਨਹੀਂ ਸੀ ਆਉਂਦਾ। ਹੁਣ ਯੂ.ਪੀ, ਬਿਹਾਰ ਤੋਂ ਕਾਮੇ ਕਾਰਖਾਨਿਆਂ ਅਤੇ ਖੇਤਾਂ ਵਿਚ ਕੰਮ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਏਥੇ ਆਉਣ ਲੱਗ ਪਏ। ਕੈਂਪਸ ਉੱਤੇ ਵੀ ਮਾਲੀ, ਬੇਲਦਾਰ, ਸਫ਼ਾਈ ਕਰਮਚਾਰੀ ਹੋਰਾਂ ਸੂਬਿਆਂ ਵਿਚੋਂ ਹੀ ਆਏ ਹੋਏ ਸਨ। ਮੇਰੇ ਕੁਝ ਪੁਰਾਣੇ ਵਾਕਿਫ਼ਦਾਰ, ਜਮਾਤੀ ਅਜੇ ਵੀ ਏਥੇ ਰਹਿੰਦੇ ਹਨ। ਪਰ ਉਨ੍ਹਾਂ ਨਾਲ ਪੁਰਾਣੇ ਨਿੱਘੇ ਸੰਬੰਧ ਬਣਾਉਣਾ ਸੌਖਾ ਨਹੀਂ ਸੀ। ਹਰ ਕੋਈ ਰੋਜ਼ੀ ਰੋਟੀ ਦੀ ਜੱਦੋ ਜਹਿਦ ਵਿਚ ਜੁਟਿਆ ਹੋਇਆ ਸੀ।

ਪਰ ਕਿਉਂਕਿ ਮੈਂ ਆਪਣੀ ਜਵਾਨੀ ਦੇ ਪੰਜ ਵਰ੍ਹੇ ਏਥੇ ਕੱਟੇ ਸਨ, ਮੈਨੂੰ ਉਨ੍ਹਾਂ ਥਾਵਾਂ ‘ਤੇ ਜਿਨ੍ਹਾਂ ਨਾਲ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਸਨ, ਜਾ ਕੇ ਖੁਸ਼ੀ ਮਿਲਦੀ ਸੀ। ਮੈਂ ਕਈ ਵਾਰੀ ਇਕੱਲਾ ਗੌਰਮਿੰਟ ਕਾਲਜ ਦੇ ਗਰਾਊਂਡ ਵਿਚ ਸੈਰ ਨੂੰ ਨਿਕਲ ਜਾਂਦਾ ਜਾਂ ਓਥੇ ਇਕੱਲੇ ਬੈਠਾ ਬੀਤੇ ਵੇਲੇ ਦੀਆਂ ਘਟਨਾਵਾਂ ‘ਤੇ ਨਜ਼ਰਸਾਨੀ ਕਰਦਾ। ਸ਼ਹਿਰ ਜਾਂਦਾ ਤਾਂ ਲਿਲੀ ਵਾਈਟ ਸਟੂਡੀਓ ਜਾਂ ਸਨੋ ਵਾਈਟ ਸਟੂਡੀਓ ਤੇ ਚਮਨ ਲਾਲ (ਜਿਸ ਨੂੰ ਅਸੀਂ ਗੁਰੂ ਕਹਿੰਦੇ ਹੁੰਦੇ ਸਾਂ) ਅਤੇ ਚੰਨਣ, ਜਿਸਨੇ ਹੁਣ ਵੱਖ ਸਿਨੇਮਾ ਰੋਡ ਤੇ ਸਨੋਵਾਈਟ ਸਟੂਡੀਓ ਬਣਾ ਲਿਆ ਸੀ, ਪਾਸ ਪੁਰਾਣੇ ਦੋਸਤਾਂ ਮਿੱਤਰ, ਜੇ.ਡੀ. ਦੀਆਂ ਗੱਲਾਂ ਕਰਦਾ। ਪਰ ਉਹ ਗੱਲ ਨਾ ਬਣਦੀ। ਯਾਰਾਂ ਨਾਲ ਹੀ ਬਹਾਰਾਂ ਹੁੰਦੀਆਂ ਹਨ। ਯਾਰ ਦੂਰ ਦੂਰ ਤੱਕ ਚਲੇ ਗਏ। ਇਸ ਉਮਰ ਵਿਚ ਨਵੇਂ ਯਾਰ ਬਣਾਉਣੇ ਔਖਾ ਕੰਮ ਸੀ। ਵਿਦਿਆਰਥੀ ਜੀਵਨ ਦੀਆਂ ਦੋਸਤੀਆਂ ਦਾ ਮਜ਼ਾ ਕੁਝ ਹੋਰ ਹੀ ਸੀ। ਪੇਸ਼ਾਵਰੀ ਜ਼ਿੰਦਗੀ ਵਿਚ ਬੇਲਾਗ ਯਾਰੀਆਂ ਘੱਟ ਹੀ ਹੁੰਦੀਆਂ ਹਨ।

 (2)

ਯੂਨੀਵਰਸਿਟੀ ਨੇ ਅਮਰੀਕਨ ਵਿਦਿਅਕ ਢਾਂਚੇ ਨੂੰ ਅਪਣਾਇਆ। ਸਾਲਾਨਾ ਇਮਤਿਹਾਨ ਦੀ ਥਾਂ ਤਿਮਾਹੀ ਸਿਸਟਮ ਸ਼ੁਰੂ ਕੀਤਾ। ਸਾਰੇ ਸਿਲੇਬਸ ਨੂੰ ਛੋਟੀਆਂ ਛੋਟੀਆਂ ਇਕਾਈਆਂ ਵਿਚ ਵੰਡਿਆ। ਇਕ ਤਿਮਾਹੀ ਵਿਚ ਕਈ ਕੋਰਸ ਪੇਸ਼ ਕੀਤੇ ਜਾਂਦੇ ਵਿਦਿਆਰਥੀ ਆਪਣੀ ਲੋੜ ਅਨੁਸਾਰ ਇਹ ਕੋਰਸ ਲੈਂਦੇ। ਕਲਾਸ ਟੈਸਟਾਂ, ਅਸਾਈਨਮੈਂਟਾਂ ਅਤੇ ਨਿੱਕੇ ਨਿੱਕੇ ਬਿਨਾਂ ਚੇਤਾਵਨੀ ਦਿੱਤੇ ਸਵਾਲਾਂ ਦੇ ਆਧਾਰ ‘ਤੇ 50% ਵਿਚੋਂ ਨੰਬਰ ਦਿੱਤੇ ਜਾਂਦੇ। ਤਿਮਾਹੀ ਦੇ ਅੰਤ ਵਿਚ 50% ਨੰਬਰਾਂ ਦਾ ਫਾਈਨਲ ਇਮਤਿਹਾਨ ਹੁੰਦਾ। ਸਾਰਿਆਂ ਦਾ ਜੋੜ ਕੀਤਾ ਜਾਂਦਾ ਅਤੇ ਫੇਰ ਨੰਬਰਾਂ ਨੂੰ ਗਰੇਡਾਂ ਵਿਚ ਬਦਲਿਆ ਜਾਂਦਾ। 80% ਤੇ ਇਸ ਤੋਂ ਉੱਪਰ ਏ ਗਰੇਡ, 70% ਤੋਂ 79% ਬੀ ਗਰੇਡ ਅਤੇ 60% ਤੋਂ 69% ਸੀ ਗਰੇਡ ਅਤੇ 50 ਤੋਂ 59% ਡੀ ਗਰੇਡ। ਇਨ੍ਹਾਂ ਗਰੇਡਾਂ ਨੂੰ ਗਰੇਡ ਪੁਆਇੰਟ ਐਵਰਿਜ ਵਿਚ ਬਦਲਿਆ ਜਾਂਦਾ। 4.00 ਔਸਤ ਵਿਚੋਂ ਪਾਸ ਹੋਣ ਲਈ ਘੱਟੋ ਘੱਟ 2.00 ਜ਼ਰੂਰੀ ਸੀ। 50% ਤੋਂ ਥੱਲੇ ਐਫ ਗਰੇਡ ਭਾਵ ਫੇਲ੍ਹ । ਐਫ. ਗਰੇਡ ਵਾਲਿਆਂ ਨੂੰ ਕੋਰਸ ਦੁਬਾਰਾ ਲੈਣਾ ਪੈਂਦਾ। ਡੀ ਗਰੇਡ ਵਾਲੇ ਵੀ ਜੇ ਚਾਹੁਣ ਤਾਂ ਕੋਰਸ ਦੁਬਾਰਾ ਲੈ ਸਕਦੇ ਸਨ। ਪਹਿਲਾਂ ਪਹਿਲਾਂ ਵਿਦਿਆਰਥੀਆਂ ਨੇ ਇਸ ਸਿਸਟਮ ਦੀ ਵਿਰੋਧਤਾ ਕੀਤੀ। ਹੜਤਾਲ ਕੀਤੀ ਪਰ ਜਲਦੀ ਹੀ ਉਨ੍ਹਾਂ ਨੂੰ ਇਸ ਸਿਸਟਮ ਦੀ ਸਮਝ ਆ ਗਈ ਕਿ ਇਹ ਉਨ੍ਹਾਂ ਲਈ ਲਾਭਦਾਇਕ ਸੀ। ਸਿਲੇਬਸ ਛੋਟੇ ਛੋਟੇ ਹਿੱਸਿਆਂ ਵਿਚ ਵੰਡਿਆ ਹੋਣ ਕਰਕੇ ਉਨ੍ਹਾਂ ਦੇ ਦਿਮਾਗ਼ ‘ਤੇ ਘੱਟ ਬੋਝ ਪੈਂਦਾ ਸੀ। ਪਰ ਇਸ ਸਿਸਟਮ ਵਿਚ ਨਾ ਅਧਿਆਪਕ ਅਤੇ ਨਾ ਵਿਦਿਆਰਥੀ ਅਵੇਸਲੇ ਹੋ ਸਕਦੇ ਸਨ। ਦੋਨਾਂ ਨੂੰ ਹਰ ਵਲੋਂ ਪੱਬਾਂ ਭਾਰ ਰਹਿਣਾ ਪੈਂਦਾ ਸੀ ਅਤੇ ਵਿਉਂਤਬੰਦ ਤਰੀਕੇ ਨਾਲ ਕੰਮ ਕਰਨਾ ਪੈਂਦਾ ਸੀ।

ਅਧਿਆਪਕ ‘ਤੇ ਬਹੁਤ ਜ਼ੁੰਮੇਵਾਰੀ ਸੀ। ਉਹ ਟੀਚਰ ਵੀ ਸੀ ਅਤੇ ਪੇਪਰ ਸੈਂਟਰ ਅਤੇ ਐਗਜ਼ਾਮੀਨਰ ਵੀ ਸੀ। ਵਿਦਿਆਰਥੀ ਦਾ ਕੈਰੀਅਰ ਉਸ ਦੇ ਹੱਥ ਵਿਚ ਸੀ। ਇਹ ਆਸ ਰੱਖੀ ਜਾਂਦੀ ਸੀ ਕਿ ਉਹ ਪੂਰਾ ਈਮਾਨਦਾਰ ਹੋਵੇ ਅਤੇ ਬਿਨਾਂ ਕਿਸੇ ਭੇਦ ਭਾਵ ਦੇ ਨਿਰਪੱਖ ਹੋ ਕੇ ਵਿਦਿਆਰਥੀਆਂ ਦੀ ਕਾਬਲੀਅਤ ਪਰਖੇ| ਅੱਛੇ ਅਧਿਆਪਕ ਦੀ ਵਿਦਿਆਰਥੀ ਕਦਰ ਕਰਦੇ, ਪਰਸੰਸਾ ਕਰਦੇ। ਬੇਈਮਾਨ ਦੀ ਨਿੰਦਿਆ ਕਰਦੇ। ਅਧਿਆਪਕ ਦੀ ਅਸਲੀਅਤ ਵਿਦਿਆਰਥੀਆਂ ਤੋਂ ਲੁਕੀ ਨਹੀਂ ਰਹਿ ਸਕਦੀ। ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਮੇਰੀ ਸਾਢੇ ਅਠਾਈ ਸਾਲ ਦੀ ਨੌਕਰੀ ਵਿਚ ਕਦੇ ਕਿਸੇ ਵਿਦਿਆਰਥੀ ਨੇ ਮੇਰੀ ਈਮਾਨਦਾਰੀ ‘ਤੇ ਉਂਗਲੀ ਨਹੀਂ ਉਠਾਈ। ਉਨ੍ਹਾਂ ਨੂੰ ਯਕੀਨ ਸੀ ਕਿ ਜਿੰਨਾ ਕੋਈ ਡੀਜ਼ਰਵ ਕਰਦਾ ਹੈ ਉਸ ਨੂੰ ਉਹ ਮਿਲੇਗਾ। ਹਾਂ ਕਮਜ਼ੋਰ ਵਿਦਿਆਰਥੀਆਂ ਨੂੰ ਲੋੜ ਪੈਣ ‘ਤੇ ਜ਼ਰੂਰ ਥੋੜ੍ਹੀ ਰਿਆਇਤ ਕੀਤੀ ਜਾਂਦੀ ਸੀ।

ਮੈਂ ਹਮੇਸ਼ਾ ਇਹ ਗੱਲ ਧਿਆਨ ਵਿਚ ਰੱਖਦਾ ਕਿ ਬਹੁਤੇ ਮੁੰਡੇ ਕੁੜੀਆਂ ਪਿੰਡ ਵਿਚੋਂ ਆਉਂਦੇ ਹਨ ਅਤੇ ਪਿੰਡਾਂ ਦੇ ਸਕੂਲਾਂ ਵਿਚ ਅੰਗਰੇਜ਼ੀ ਦਾ ਪੱਧਰ ਤਸੱਲੀਬਖਸ਼ ਨਹੀਂ ਹੈ। ਇਸ ਕਰਕੇ ਉਨ੍ਹਾਂ ਨੂੰ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਈ ਵਿਚ ਕਠਿਨਾਈ ਆਉਂਦੀ ਹੈ। ਆਏ ਤਾਂ ਉਹ ਖੇਤੀ, ਖੇਤੀ ਇੰਜਨੀਅਰਿੰਗ ਜਾਂ ਹੋਮ ਸਾਇੰਸ ਜਾਂ ਬੇਸਿਕ ਸਾਇੰਸਜ਼ ਪੜ੍ਹਨ ਵਾਸਤੇ ਹਨ। ਇਸ ਕਰੇ ਉਨ੍ਹਾਂ ਨੂੰ ਅੰਗਰੇਜ਼ੀ ਵਿਚ ਫੇਲ੍ਹ ਕਰਕੇ ਮੁੜ ਘਰ ਭੇਜਣ ਵਿਚ ਕੋਈ ਅਕਲਮੰਦੀ ਨਹੀਂ। ਜ਼ਰੂਰਤ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਹਰ ਤਰੀਕੇ ਨਾਲ ਮਦਦ ਕਰਕੇ ਉਨ੍ਹਾਂ ਨੂੰ ਅੰਗਰੇਜ਼ੀ ਰਾਹੀਂ ਇਨ੍ਹਾਂ ਮਜ਼ਮੂਨਾਂ ਦੀ ਪੜ੍ਹਾਈ ਦੇ ਯੋਗ ਬਣਾਇਆ ਜਾਵੇ। ਇਸ ਹਮਦਰਦੀ ਭਰੇ ਰਵੱਈਏ ਕਰਕੇ ਮੈਂ ਕਈ ਵਿਦਿਆਰਥੀਆਂ ਨੂੰ ਫੇਲ੍ਹ ਹੋ ਕੇ ਘਰ ਬੈਠਣ ਤੋਂ ਬਚਾਇਆ।

ਇਸ ਸਿਸਟਮ ਵਿਚ ਅਧਿਆਪਕ ਨੂੰ ਹੁਸ਼ਿਆਰ ਅਤੇ ਕਮਜ਼ੋਰ ਵਿਦਿਆਰਥੀਆਂ ਨੂੰ ਨਿਖੇੜਨ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਲੋੜ ਇਸ ਗੱਲ ਦੀ ਹੈ ਕਿ ਕਮਜ਼ੋਰ ਵਿਦਿਆਰਥੀ ਨੂੰ ਘੱਟੋ ਘੱਟ ਪਾਸਿੰਗ ਗਰੇਡ ਦੇ ਪੱਧਰ ‘ਤੇ ਲਿਆਂਦਾ ਜਾਵੇ। ਇਸ ਸਿਸਟਮ ਵਿਚ ਅਧਿਆਪਕ ਨੂੰ ਹਰ ਵਿਦਿਆਰਥੀ ਦੀਆਂ ਵਿਅਕਤੀਗਤ ਗ਼ਲਤੀਆਂ ਦਾ ਪਤਾ ਲਾਉਣਾ ਔਖਾ ਨਹੀਂ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਦੂਰ ਕਰਨ ਲਈ ਹਰ ਉਪਰਾਲਾ ਕੀਤਾ ਜਾਵੇ। ਜਿਹੜੀਆਂ ਗਲਤੀਆਂ ਸਾਰੀ ਜਮਾਤ ਜਾਂ ਕੋਈ ਗਰੁੱਪ ਕਰਦਾ ਹੈ ਉਸ ਨੂੰ ਉਸ ਪੱਧਰ ‘ਤੇ ਨਜਿੱਠਣ ਲਈ ਵਿਉਂਤਬੰਦੀ ਬਣਾਈ ਜਾਵੇ। ਮੈਂ ਕਹਿ ਸਕਦਾ ਹਾਂ ਕਿ ਮੈਂ ਇਸ ਯਤਨ ਵਿਚ ਕਾਫੀ ਸਫਲ ਰਿਹਾ ਹਾਂ।

ਇਸ ਪ੍ਰਣਾਲੀ ਵਿਚ ਨਕਲ ਮਾਰਨ ਵਾਲਿਆਂ ਨੂੰ ਪਕੜਨਾ ਬੜਾ ਆਸਾਨ ਹੈ। ਇਸ ਤਰ੍ਹਾਂ ਦੇ ਵਿਦਿਆਰਥੀ ਬੜੇ ਘੱਟ ਹੁੰਦੇ ਹਨ। ਪਰ ਕਈ ਦਫਾ ਸਕੂਲਾਂ ਵਿਚੋਂ ਇਹ ਭੈੜੀ ਆਦਤ ਉਹ ਸਿੱਖ ਆਉਂਦੇ ਹਨ। ਮੈਂ ਇਸ ਤਰ੍ਹਾਂ ਦੇ ਕਈ ਕੇਸ ਫੜ੍ਹੇ ਪਰ ਉਨ੍ਹਾਂ ਨੂੰ ਸਜ਼ਾ ਦੇਣ ਦੀ ਥਾਂ ਪਿਆਰ ਨਾਲ ਸਮਝਾਇਆ। ਮੈਂ 38 ਸਾਲਾਂ ਦੀ ਨੌਕਰੀ ਵਿਚ ਕਦੇ ਕਿਸੇ ਵਿਦਿਆਰਥੀ ਨੂੰ ਪੜ੍ਹਾਈ ਵਿਚੋਂ ਕਮਜ਼ੋਰ ਹੋਣ ਕਰਕੇ ਜਾਂ ਕੋਈ ਸ਼ਰਾਰਤ ਕਰਨ ਕਰਕੇ ਕਦੇ ਸਜ਼ਾ ਨਹੀਂ ਦਿੱਤੀ। ਮੈਂ ਸਮਝਦਾ ਹਾਂ ਨਿੰਦਿਆ ਨਾਲੋਂ ਪਰਸੰਸਾ, ਸਜ਼ਾ ਨਾਲੋਂ ਸ਼ਾਬਾਸ਼ ਜ਼ਿਆਦਾ ਕਾਰਗਰ ਤਰੀਕਾ ਹੈ।

(3)

ਪੰਜਾਬ ਯੂਨੀਵਰਸਿਟੀ ਨਾਲ ਜੁੜੇ ‘ਜਿਸ ਕਾਲਜ ਵਿਚ ਮੈਂ ਪੜ੍ਹਾਉਂਦਾ ਆਇਆ ਸੀ, ਓਥੇ ਸਿਲੇਬਸ ਅਤੇ ਪਾਠ ਪੁਸਤਕਾਂ ਯੂਨੀਵਰਸਿਟੀ ਵਲੋਂ ਹੀ ਲਾਈਆਂ ਜਾਂਦੀਆਂ ਸਨ। ਅਧਿਆਪਕ ਦਾ ਇਸ ਵਿਚ ਕੋਈ ਹੱਥ ਨਹੀਂ ਸੀ। ਇਸ ਯੂਨੀਵਰਸਿਟੀ ਵਿਚ ਇਸ ਸਭ ਅਧਿਆਪਕ ਦੇ ਅਖ਼ਤਿਆਰ ਸੀ। ਵਿਦਿਆਰਥੀਆਂ ਦੀ ਲੋੜ ਅਨੁਸਾਰ ਉਹ ਸਿਲੇਬਸ ਬਣਾਉਂਦਾ ਅਤੇ ਪਾਠ ਪੁਸਤਕਾਂ ਲਾਉਂਦਾ। ਬੇਸ਼ੱਕ ਇਸ ਦੀ ਪਰਵਾਨਕੀ ਸੰਬੰਧਤ ਕਾਲਜ ਦਾ ਬੋਰਡ ਆਫ਼ ਸਟੱਡੀਜ਼ ਦਿੰਦਾ ਪਰ ਅੰਗਰੇਜ਼ੀ ਦੇ ਮਾਮਲੇ ਵਿਚ ਇਹ ਇਕ ਰਸਮੀ ਕਾਰਵਾਈ ਸੀ ਕਿਉਂਕਿ ਇਸ ਬੋਰਡ ਦੇ ਬਾਕੀ ਦੇ ਮੈਂਬਰ ਸਾਇੰਸਦਾਨ ਸਨ। ਮੈਨੂੰ ਇਹ ਸਿਸਟਮ ਬੜਾ ਰਾਸ ਆਇਆ। ਮੈਂ ਅਧਿਆਪਕ ਨੂੰ ਮਿਲੀ ਇਸ ਖੁੱਲ੍ਹ ਦਾ ਪੂਰਾ ਫਾਇਦਾ ਉਠਾਇਆ। ਮੇਰੇ ਸਾਹਮਣੇ ਮੁੱਖ ਉਦੇਸ਼ ਵਿਦਿਆਰਥੀਆਂ ਦੀ ਲੋੜ ਦਾ ਸੀ ਕਿ ਉਨ੍ਹਾਂ ਨੂੰ ਅੰਗਰੇਜ਼ੀ ਦੀ ਕੀ ਲੋੜ ਹੈ। ਕਿਉਂਕਿ ਮੈਂ ਖੁਦ ਬੀ ਐਸ.ਸੀ. ਕੀਤੀ ਹੋਈ ਸੀ ਇਸ ਕਰਕੇ ਮੈਂ ਇਸ ਸਿਲਸਿਲੇ ਵਿਚ ਸਾਇੰਸ ਦੇ ਵਿਦਿਆਰਥੀਆਂ ਦੀ ਲੋੜ ਤੋਂ ਭਲੀ-ਭਾਂਤ ਜਾਣੂ ਸੀ। ਜੋ ਕੁਝ ਐਮ.ਏ. ਵਿਚ ਪੜ੍ਹਿਆ ਸੀ ਜਾਂ ਪਿਛਲੇ ਕਾਲਜ ਵਿਚ ਪੜ੍ਹਾਇਆ ਸੀ, ਉਹ ਏਥੇ ਬੇਲੋੜਾ ਸੀ। ਏਥੇ ਇਹੋ ਜਿਹੀਆਂ ਕਿਤਾਬਾਂ ਦੀ ਲੋੜ ਸੀ ਜੋ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਚ ਲਿਖੀਆਂ ਸਾਇੰਸ ਦੀਆਂ ਕਿਤਾਬਾਂ ਨੂੰ ਸਮਝਣ ਵਿਚ ਸਹਾਈ ਹੋ ਸਕਣ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਸਾਇੰਸ ਲੇਖ, ਰਿਪੋਰਟਾਂ ਅਤੇ ਖੋਜ ਪੱਤਰ ਲਿਖਣ ਵਿਚ ਸਮਰੱਥ ਬਣਾਉਨ। ਏਸੇ ਤਰ੍ਹਾਂ ਉਨ੍ਹਾਂ ਨੂੰ ਸ਼ੁੱਧ ਅੰਗਰੇਜ਼ੀ ਵਿਚਆਪਣੇ ਤਜਰਬਿਆਂ ਨੂੰ ਜ਼ਬਾਨੀ ਪੇਸ਼ ਕਰਨ ਵਿਚ ਸਹਾਈ ਹੋਣਾ। ਇਨ੍ਹਾਂ ਉਦੇਸ਼ਾਂ ਨੂੰ ਮੁੱਖ ਰੱਖ ਕੇ ਅਸੀਂ ‘ਸਪੀਚ ਕੋਰਸ’ ਅਤੇ ਟੈਕਨੀਕਲ ਰਾਈਟਿੰਗ ਦੇ ਕੋਰਸ ਤਿਆਰ ਕੀਤੇ।

ਮੇਰਾ ਏਥੇ ਆਉਂਦੇ ਹੀ ਵਿਦਿਆਰਥੀਆਂ ਨਾਲ ਅੱਛਾ ਰਾਬਤਾ ਹੋ ਗਿਆ। ਅੰਗਰੇਜ਼ੀ ਦੇ ਕੋਰਸ ਪਹਿਲੇ ਦੋ ਸਾਲ ਹੀ ਹੁੰਦੇ ਸਨ। ਜਦ ਇਹ ਖ਼ਤਮ ਹੋਏ ਤਾਂ ਮੈਨੂੰ ਕੁਝ ਵਿਦਿਆਰਥੀ ਕਹਿਣ ਲੱਗੇ ਉਨ੍ਹਾਂ ਦਾ ਹੋਰ ਅੰਗਰੇਜ਼ੀ ਪੜ੍ਹਨ ਨੂੰ ਜੀਅ ਕਰਦਾ ਹੈ ਭਾਵੇਂ ਡਿਗਰੀ ਲੈਣ ਲਈ ਜਿੰਨੇ ਅੰਗਰੇਜ਼ੀ ਦੇ ਕੋਰਸ ਚਾਹੀਦੇ ਸਨ, ਉਹ ਉਨ੍ਹਾਂ ਨੇ ਪਾਸ ਕਰ ਲਏ ਸਨ। ਮੈਂ ਉਨ੍ਹਾਂ ਦੀ ਇਹ ਇੱਛਾ ਬੇਸਿਕ ਸਾਇੰਸਜ਼ ਦੇ ਉਸ ਵੇਲੇ ਦੇ ਡੀਨ ਡਾ. ਅਵਤਾਰ ਸਿੰਘ ਕਾਹਲੋਂ ਅਤੇ ਐਗਰੀਕਲਚਰ ਕਾਲਜ ਦੇ ਡੀਨ ਡਾ. ਅਵਤਾਰ ਸਿੰਘ ਅਟਵਾਲ ਕੋਲ ਲੈ ਕੇ ਗਿਆ। ਉਨ੍ਹਾਂ ਨੇ ਮੇਰੀ ਤਜਵੀਜ਼ ਨੂੰ ਪਸੰਦ ਕੀਤਾ ਅਤੇ ਆਖਿਆ ਕਿ ਮੈਂ ਇਨਾਂ ਵਿਦਿਆਰਥੀਆਂ ਲਈ ਨਾਨ ਕਰੇਡਿਟ ਉਚੇਰੇ ਕੋਰਸ ਤਿਆਰ ਕਰਾਂ ਜੋ ਉਨ੍ਹਾਂ ਦੀ ਡਿਗਰੀ ਲਈ ਤਾਂ ਨਹੀਂ ਲੋੜੀਂਦੇ ਪਰ ਇਹ ਉਨ੍ਹਾਂ ਦੇ ਸਰਟੀਫੀਕੇਟਾਂ ‘ਤੇ ਲਿਖੇ ਜਾਣਗੇ। ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਇਸ ਸਿਸਟਮ ਵਿਚ ਵਿਦਿਆਰਥੀਆਂ ਦੀ ਇੱਛਾ ਜਾਂ ਲੋੜ ਅਨੁਸਾਰ ਅਧਿਆਪਕ ਨੂੰ ਨਵੇਂ ਕੋਰਸ ਬਣਾਉਣ ਦੀ ਪੂਰੀ ਆਜ਼ਾਦੀ ਹੈ।

ਜਿਹੜੇ ਵਿਦਿਆਰਥੀਆਂ ਨੇ ਇਹ ਕੋਰਸ ਲਏ, ਪਿਛੋਂ ਜਾ ਕੇ ਜਦ 1970 ਵਿਚ ਵਾਈਸ-ਚਾਂਸਲਰ ਮਹਿੰਦਰ ਸਿੰਘ ਰੰਧਾਵਾ ਨੇ ਪੱਤਰਕਾਰੀ ਵਿਚ ਮਾਸਟਰਜ਼ ਪ੍ਰੋਗਰਾਮ ਸ਼ੁਰੂ ਕਰਵਾਇਆ ਤਾਂ ਕਈਆਂ ਨੇ ਇਸ ਵਿਚ ਦਾਖਲਾ ਲਿਆ। ਪੀ.ਏ.ਯੂ. ਮੁਲਕ ਵਿਚ ਪੱਤਰਕਾਰੀ ਵਿਚ ਮਾਸਟਰਜ਼ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਸੀ। ਇਨ੍ਹਾਂ ਵਿਦਿਆਰਥੀਆਂ ਵਿਚੋਂ ਕਈਆਂ ਨੇ ਡਿਗਰੀ ਪਿਛੋਂ ਇਸ ਖੇਤਰ ਵਿਚ ਬੜਾ ਨਾਮਣਾ ਖੱਟਿਆ। ਮੇਰੇ ਨਾਲ ਉਨ੍ਹਾਂ ਦਾ ਅੱਜ ਤੱਕ ਵੀ ਸੰਪਰਕ ਬਣਿਆ ਹੋਇਆ ਹੈ।

ਮੈਨੂੰ ਇਸ ਸਿਸਟਮ ਵਿਚ ਪੜ੍ਹਾ ਕੇ ਬੜੀ ਤਸੱਲੀ ਹੋਈ। ਇਹ ਸਿਸਟਮ ਅਧਿਆਪਕ ਨੂੰ ਖੁਲ੍ਹ ਵੀ ਦਿੰਦਾ ਹੈ ਪਰ ਉਸ ‘ਤੇ ਪੂਰੀ ਜ਼ਿੰਮੇਵਾਰੀ ਵੀ ਪਾਉਂਦਾ ਹੈ। ਈਮਾਨਦਾਰ ਅਤੇ ਲਾਇਕ ਅਧਿਆਪਕ ਲਈ ਇਹ ਬਹੁਤ ਅੱਛਾ ਹੈ ਪਰ ਕੰਮ ਚੋਰ ਅਤੇ ਆਲਸੀ ਅਧਿਆਪਕਾਂ ਨੂੰ ਇਹ ਪਸੰਦ ਨਹੀਂ। ਜੋ ਅਧਿਆਪਕ ਪੜ੍ਹਾਉਣ ਦੀ ਬਜਾਏ ਰਿਆਇਤੀ ਗਰੇਡ ਦੇ ਕੇ ਵਿਦਿਆਰਥੀਆਂ ਵਿਚ ਹਰਮਨ ਪਿਆਰਾ ਹੋਣ ਦਾ ਯਤਨ ਕਰਦੇ ਹਨ, ਉਹ ਵਿਦਿਆਰਥੀਆਂ ਦਾ ਨੁਕਸਾਨ ਤਾਂ ਕਰਦੇ ਹੀ ਹਨ ਪਰ ਆਪ ਵੀ ਬਦਨਾਮ ਹੁੰਦੇ ਹਨ।

                                                                     (4)

ਪੜ੍ਹਾਈ ਤੋਂ ਇਲਾਵਾ ਮੈਂ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀਆਂ ਹੋਰ ਐਕਟੀਵਿਟੀਜ਼ ਨਾਲ ਵੀ ਜੁੜਿਆ ਰਿਹਾ। ਯੂਨੀਵਰਸਿਟੀ ਨੇ ਜਦੋਂ ਵਿਦਿਆਰਥੀਆਂ ਦਾ ਮੈਗਜ਼ੀਨ ਸ਼ੁਰੂ ਕੀਤਾ ਤਾਂ ਮੈਂ ਉਸ ਅੰਗਰੇਜ਼ੀ ਸੈਕਸ਼ਨ ਦਾ ਕਈ ਸਾਲ ਇੰਚਾਰਜ ਰਿਹਾ। ਇਸ ਰਾਹੀਂ ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਰਚਨਾਤਮਕ ਲਿਖਤਾਂ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵਿਚ ਲੁਕੇ ਲੇਖਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਵਿਚ ਮੈਨੂੰ ਕਾਮਯਾਬੀ ਵੀ ਮਿਲੀ।

ਇਸ ਤਰ੍ਹਾਂ ਡਾ. ਅਟਵਾਲ ਨੇ ਜਦ ਖੇਤੀ ਕਾਲਜ ਦੀ ਅਲੈਮਨਾਈ ਐਸੋਸੀਏਸ਼ਨ ਬਣਾਈ ਅਤੇ ਇਸ ਦਾ ਇਕ ਮੈਗਜ਼ੀਨ ਕੱਢਣਾ ਚਾਹਿਆ ਤਾਂ ਮੈਂ ਇਸ ਦਾ ਨਾਂ ‘ਐਗਅਲੈਮਨਸ’ ਤਜਵੀਜ਼ ਕੀਤਾ ਅਤੇ ਮੈਂ ਇਸ ਦਾ ਬਾਨੀ ਸੰਪਾਦਕ ਬਣਿਆ।

ਮੈਂ ਸਪੀਕਰਜ਼ ਯੂਨੀਅਨ ਦਾ ਵੀ ਪ੍ਰੋਫੈਸਰ ਇੰਚਾਰਜ ਰਿਹਾ। ਇਸ ਫੋਰਮ ਰਾਹੀਂ ਵਿਦਿਆਰਥੀਆਂ ਨੂੰ ਅੱਛੇ ਬੁਲਾਰੇ ਬਣਨ ਲਈ ਪ੍ਰੇਰਿਆ। ਮੈਨੂੰ ਖੁਸ਼ੀ ਹੈ ਕਿ ਇਕ ਵਿਦਿਆਰਥੀ ਹੰਸ ਰਾਜ ਜੈਨ ਨੂੰ ਅੱਛਾ ਬੁਲਾਰਾ ਹੋਣ ਕਰਕੇ ਯੂਨੀਵਰਸਿਟੀ ਕਲਰ ਵੀ ਮਿਲਿਆ ਅਤੇ ਉਸ ਨੇ ਇਕ ਵਾਰੀ ਮੈਨੂੰ ਦੱਸਿਆ ਕਿ ਉਸ ਨੂੰ ਉਸ ਦਾ ਇਹ ਗੁਣ ਨੌਕਰੀ ਲੈਣ ਲਈ ਵੀ ਬਹੁਤ ਸਹਾਈ ਹੋਇਆ।

ਮੈਂ ਯੂਨੀਵਰਸਿਟੀ ਟੈਨਿਸ ਕਲੱਬ ਨਾਲ ਵੀ ਜੁੜਿਆ ਰਿਹਾ। ਮੇਰੀ ਕੋਸ਼ਿਸ਼ ਕਰਕੇ ਯੂਨੀਵਰਸਿਟੀ ਨੇ ਇਕ ਟੈਨਿਸ ਕੋਚ ਦੀ ਨਿਯੁਕਤੀ ਕੀਤੀ ਜਿਸ ਨੇ ਇਸ ਖੇਡ ਨੂੰ ਯੂਨੀਵਰਸਿਟੀ ਵਿਚ ਪ੍ਰਫੁੱਲਤ ਕੀਤਾ। ਕਈ ਸਾਲ ਖੇਤੀ ਯੂਨੀਵਰਸਿਟੀਆਂ ਵਿਚੋਂ ਸਾਡੀ ਇਕੱਲੀ ਯੂਨੀਵਰਸਿਟੀ ਸੀ ਜੋ ਆਲ ਇੰਡੀਆ ਨਾਰਥ ਜ਼ੋਨ ਦੇ ਟੈਨਿਸ ਟੂਰਨਾਮੈਂਟ ਵਿਚ ਪਹਿਲੇ ਜਾਂ ਦੂਜੇ ਨੰਬਰ ‘ਤੇ ਆਉਂਦੀ ਰਹੀ। ਇਕ ਵਾਰੀ ਦੱਖਣੀ ਜ਼ੋਨ ਨਾਲ ਆਲ ਇੰਡੀਆ ਫਾਈਨਲ ਵਿਚ ਵੀ ਭਿੜੀ।

ਇਨ੍ਹਾਂ ਐਕਟੀਵਿਟੀਜ਼ ਰਾਹੀਂ ਮੈਨੂੰ ਵਿਦਿਆਰਥੀਆਂ ਨੂੰ ਜਾਨਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਉਭਾਰਨ ਦਾ ਅਵਸਰ ਮਿਲਿਆ। ਵਿਦਿਆ ਦਾ ਭਾਵ ਕਿਤਾਬੀ ਪੜ੍ਹਾਈ ਨਹੀਂ ਸਗੋਂ ਵਿਅਕਤੀ ਦਾ ਹਰ ਪੱਖੋਂ ਵਿਕਾਸ ਹੈ।

                                                                                 (5)

ਮੈਂ ਬੇਸਿਕ ਸਾਇੰਸਿਜ਼ ਕਾਲਜ ਦੇ ਬੋਰਡ ਔਫ ਸਟੱਡੀਜ਼ ਦਾ ਕਈ ਸਾਲ ਮੈਂਬਰ ਰਿਹਾ ਅਤੇ ਤਿੰਨ ਸਾਲ ਯੂਨੀਵਰਸਿਟੀ ਦੀ ਅਕਾਦਮਿਕ ਕਾਊਂਸਲ ਦਾ ਵੀ ਮੈਂਬਰ ਰਿਹਾ। ਇਹ ਯੂਨੀਵਰਸਿਟੀ ਦੀ ਪੜ੍ਹਾਈ ਦੇ ਸਿਲਸਿਲੇ ਵਿਚ ਹਰ ਮਾਮਲੇ ਵਿਚ ਫ਼ੈਸਲਾ ਲੈਣ ਦੀ ਸਭ ਤੋਂ ਉਚੇਰੀ ਸੰਸਥਾ ਹੈ। ਇਸ ਦਾ ਪ੍ਰਧਾਨ ਵਾਈਸ-ਚਾਂਸਲਰ ਹੁੰਦਾ ਹੈ। ਇਸ ਦੀਆਂ ਮੀਟਿੰਗਾਂ ਵਿਚ ਮੈਂ ਕਈ ਮਹੱਤਵਪੂਰਨ ਵਿਸ਼ਿਆਂ ਉੱਤੇ ਬਿਨਾਂ ਝਿਜਕ ਆਪਣੀ ਰਾਏ ਦਿੰਦਾ।

ਚਾਰ ਸਾਲ ਲਈ ਮੈਂ ਆਪਣੇ ਵਿਭਾਗ ਦਾ ਵੀ ਮੁਖੀ ਰਿਹਾ। ਮੈਂ ਆਪਣੇ ਆਪ ਨੂੰ ਟੀਮ ਦਾ ਲੀਡਰ ਸਮਝਦਾ ਸੀ। ਹਰ ਅੱਛੇ ਕੰਮ ਲਈ ਟੀਮ ਨੂੰ ਕਰੈਡਿਟ ਦਿੰਦਾ ਸੀ ਪਰ ਜੇ ਕੋਈ ਮਹਿਕਮੇ ਦੇ ਕੰਮ ਵਿਚ ਕਮੀ ਰਹਿੰਦੀ ਤਾਂ ਉਸ ਦੀ ਜੁੰਮੇਵਾਰੀ ਆਪਣੇ ਸਿਰ ਲੈਂਦਾ ਸੀ। ਮੇਰੀ ਕੋਸ਼ਿਸ਼ ਹੁੰਦੀ ਕਿ ਸਭ ਤੋਂ ਮਿੱਠਤ ਨਾਲ ਕੰਮ ਲਿਆ ਜਾਵੇ। ਪਰ ਕਈ ਕਰਮਚਾਰੀ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ‘ਤੇ ਭਲੇਮਾਣਸੀ ਬੇਅਸਰ ਰਹਿੰਦੀ ਹੈ।

ਸਾਡੇ ਮਹਿਕਮੇ ਵਿਚ ਇਕ ਕਲਰਕ ਐਸਾ ਸੀ ਜੋ ਪਿੰਡੋਂ ਆਉਂਦਾ ਸੀ ਅਤੇ ਕਦੇ ਵਕਤ ਸਿਰ ਨਹੀਂ ਸੀ ਆਉਂਦਾ। ਇਸ ‘ਤੇ ਮਹਿਕਮੇ ਦੇ ਅਨੁਸ਼ਾਸਨ ‘ਤੇ ਅਸਰ ਪੈਂਦਾ ਸੀ। ਮੈਂ ਕਈ ਵਾਰੀ ਉਸ ਨੂੰ ਵਕਤ ਦੀ ਪਾਬੰਦੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ। ਕਰਮਚਾਰੀਆਂ ਦੀ ਯੂਨੀਅਨ ਵਿਚ ਵੀ ਉਹ ਸਰਗਰਮ ਸੀ, ਸ਼ਾਇਦ ਇਸ ਦਾ ਕੋਈ ਅਹੁਦੇਦਾਰ ਸੀ। ਉਸਨੇ ਮੇਰੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਮੈਂ ਸਾਲਾਨਾ ਰਿਪੋਰਟ ਵਿਚ ਵਕਤ ਦੀ ਪਾਬੰਦੀ ਵਾਲੇ ਕਾਲਮ ਵਿਚ ਲਿਖ ਦਿੱਤਾ ‘ਸੁਧਾਰ ਦੀ ਲੋੜ ਹੈ’। ਕੁਝ ਸਮੇਂ ਪਿਛੋਂ ਉਸ ਦੀ ਤਰੱਕੀ ਹੋਣੀ ਸੀ ਤਾਂ ਇਹ ਟਿੱਪਣੀ ਉਸ ਦੀ ਤਰੱਕੀ ਵਿਚ ਅੜਿੱਕਾ ਬਣ ਗਈ। ਉਹ ਬੜਾ ਤਿਲਮਲਾਇਆ। ਮੇਰੀ ਮਨਸ਼ਾ ਉਸ ਨੂੰ ਸੁਧਾਰਨ ਦੀ ਸੀ ਨਾ ਕਿ ਉਸਦਾ ਨੁਕਸਾਨ ਕਰਨ ਦੀ। ਮੈਨੂੰ ਇਸ ਸਿਲਸਿਲੇ ਵਿਚ ਵਾਈਸ-ਚਾਂਸਲਰ ਨੂੰ ਮਿਲਣਾ ਪਿਆ ਅਤੇ ਇਹ ਕਹਿਣਾ ਪਿਆ ਕਿ ਇਹ ਟਿੱਪਣੀ ਨੂੰ ਨਾ ਪੱਖੀ ਨਾ ਸਮਝਿਆ ਜਾਵੇ। ਮੇਰੀ ਜਾਚ ਉਸ ਦਾ ਕੰਮ ਤਸੱਲੀਬਖ਼ਸ਼ ਹੈ ਪਰ ਉਹ ਇਸ ਤੋਂ ਬੇਹਤਰ ਕਰ ਸਕਦਾ ਹੈ। ਮੈਂ ਉਦਾਹਰਣ ਦਿੱਤੀ ਕਿ ਜੇ ਕੋਈ ਵਿਦਿਆਰਥੀ ਬੀ ਗਰੇਡ ਲੈਂਦਾ ਹੈ ਪਰ ਉਸ ਵਿਚ ਏ ਗਰੇਡ ਲੈਣ ਦੀ ਯੋਗਤਾ ਹੈ ਤਾਂ ਮੈਂ ਇਹੋ ਟਿੱਪਣੀ ਕਰਾਂਗਾ। ਵੀ.ਸੀ. ਨੂੰ ਮੇਰੀ ਦਲੀਲ ਠੀਕ ਲੱਗੀ ਅਤੇ ਉਸ ਕਰਮਚਾਰੀ ਨੂੰ ਪਰਮੋਟ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਦਾ ਇਕ ਵਾਰੀ ਇਕ ਹੋਰ ਮੌਕਾ ਆਇਆ। ਸਾਡੇ ਮਹਿਕਮੇ ਦੇ ਇਕ ਐਸੋਸੀਏਟ ਪ੍ਰੋਫੈਸਰ ਨੂੰ ਪਰਸਨਲ ਪ੍ਰਮੋਸ਼ਨ ਸਕੀਮ ਤਹਿਤ ਪ੍ਰੋਫੈਸਰ ਬਣਨਾ ਸੀ। ਪਰ ਉਸ ਦੀ ਫਾਈਲ ਵਿਚ ਐਸਾ ਕੋਈ ਕਾਗਜ਼ ਹੀ ਨਾ ਮਿਲੇ ਜਿਸ ਰਾਹੀਂ ਉਸ ਨੇ ਇਸ ਸਕੀਮ ਲਈ ਆਪਣੀ ਔਪਸ਼ਨ ਦਿੱਤੀ ਸੀ। ਇਸ ਕਾਰਨ ਉਸ ਦੀ ਤਰੱਕੀ ਰੁਕ ਗਈ। ਕੁਦਰਤੀ ਗੱਲ ਸੀ ਕਿ ਇਸ ਨਾਲ ਉਸ ਨੂੰ ਬੜੀ ਨਿਰਾਸ਼ਾ ਹੋਈ। ਮੈਂ ਦਫ਼ਤਰ ਵਾਲਿਆਂ ਨੂੰ ਪੜਤਾਲ ਕਰਨ ਲਈ ਕਿਹਾ ਤਾਂ ਇਹ ਤੱਥ ਸਾਹਮਣੇ ਆਇਆ ਕਿ ਉਸ ਨੇ ਔਪਸ਼ਨ ਦਿੱਤੀ ਸੀ ਅਤੇ ਇਹ ਰਸੀਟ ਰਜਿਸਟਰ ਵਿਚ ਦਰਜ ਕੀਤੀ ਗਈ ਸੀ। ਪਿਛੋਂ ਜਾ ਕੇ ਇਹ ਉਸ ਦੀ ਜਾਤੀ ਫਾਈਲ ਵਿਚੋਂ ਗਾਇਬ ਹੋ ਗਈ। ਸ਼ਾਇਦ ਕਿਸੇ ਨੇ ਜਾਣ ਬੁਝ ਕੇ ਉਸ ਦੀ ਤਰੱਕੀ ਰੋਕਣ ਵਾਸਤੇ ਇਹ ਕਰਵਾਇਆ ਹੋਵੇ। ਮੈਂ ਆਪਣਾ ਇਖ਼ਲਾਕੀ ਫਰਜ਼ ਸਮਝਦੇ ਹੋਏ ਵੀ.ਸੀ. ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਹ ਗੱਲ ਦੱਸੀ ਅਤੇ ਰਾਏ ਦਿੱਤੀ ਕਿ ਉਸ ਅਧਿਆਪਕ ਦਾ ਨੁਕਸਾਨ ਨਾ ਕੀਤਾ ਜਾਵੇ ਅਤੇ ਉਸ ਤੋਂ ਦੁਬਾਰਾ ਔਪਸ਼ਨ ਲੈਣ ਦੀ ਇਜ਼ਾਜਤ ਦਿੱਤੀ ਜਾਵੇ। ਜੇ ਲੋੜ ਹੋਵੇ ਤਾਂ ਪਹਿਲੀ ਔਪਸ਼ਨ ਦੇ ਗੁੰਮ ਹੋਣ ਦੀ ਜਾਂਚ ਕਰਵਾਈ ਜਾਵੇ। ਵੀ.ਸੀ. ਸਾਹਿਬ ਨੇ ਮੇਰੀ ਦਲੀਲ ਨੂੰ ਮੇਨ ਲਿਆ। ਇਸ ਤਰ੍ਹਾਂ ਉਹ ਵਿਅਕਤੀ ਪ੍ਰੋਫੈਸਰ ਬਣ ਗਿਆ।

ਮੇਰਾ ਅਕੀਦਾ ਹੈ ਜੇ ਇਨਸਾਨ ਨੂੰ ਕੋਈ ਜੁੰਮੇਵਾਰੀ ਦਾ ਅਹੁਦਾ ਮਿਲ ਜਾਵੇ ਤਾਂ ਉਸ ਨੂੰ ਹਾਂ ਪੱਖੀ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਆਪਣੇ ਮਾਤਹਿਤਾਂ ਦੀ ਹਰ ਸੰਭਵ ਢੰਗ ਨਾਲ ਮਦਦ ਕਰਨੀ ਚਾਹੀਦੀ ਹੈ।

                                                                                    (6)

ਯੂਨੀਵਰਸਿਟੀ ਵਿਚ ਅਧਿਆਪਕਾਂ ਦੀ ਗਿਣਤੀ ਬਾਰਾਂ ਤੇਰ੍ਹਾਂ ਸੋ ਸੀ ਜਿਸ ਕਰਕੇ ਸਭ ਨੂੰ ਜਾਨਣਾ ਨਾਮੁਮਕਿਨ ਸੀ। ਪਰ ਕਿਉਂਕਿ ਅੰਗਰੇਜ਼ੀ ਦੇ ਕੋਰਸ ਲਗਭਗ ਸਾਰੇ ਵਿਦਿਆਰਥੀਆਂ ਨੂੰ ਲੈਣੇ ਪੈਂਦੇ ਸਨ ਜਿਸ ਕਰਕੇ ਸਾਡਾ ਬਹੁਤਿਆਂ ਨਾਲ ਵਾਹ ਪੈਂਦਾ ਸੀ। ਬਹੁਤ ਵਿਦਿਆਰਥੀ ਹੁਣ ਵੀ ਜਦ ਮੈਨੂੰ ਮਿਲਦੇ ਹਨ ਤਾਂ ਦਸਦੇ ਹਨ ‘ਸਰ ਮੈਂ ਤੁਹਾਡੇ ਕੋਲੋਂ ਪੜ੍ਹਿਆ ਸੀ।’ ਇਹ ਵਿਦਿਆਰਥੀ ਯੂਨੀਵਰਸਿਟੀ ਵਿਚ ਉਚ ਪਦਵੀਆਂ ਤੱਕ ਪੁੱਜੇ। ਡੀਨ, ਡਾਇਰੈਕਟਰ ਅਤੇ ਦੋ ਤਾਂ ਵਾਈਸ-ਚਾਂਸਲਰ ਵੀ ਲੱਗੇ। ਇਹ ਜਾਣ ਕੇ ਖੁਸ਼ੀ ਮਿਲਦੀ ਹੈ ਕਿ ਉਨ੍ਹਾਂ ਤੁਹਾਨੂੰ ਯਾਦ ਰੱਖਿਆ ਅਤੇ ਅੱਜ ਵੀ ਸਤਿਕਾਰ ਕਰਦੇ ਹਨ।

ਮੈਂ ਦੋ ਚਾਰ ਵਿਅਕਤੀਆਂ ਦਾ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਦੀ ਸ਼ਖਸੀਅਤ ਅਤੇ ਅੱਛੇ ਕੰਮ ਕਰਕੇ ਮੇਰੇ ਮਨ ਵਿਚ ਬੜੀ ਇੱਜ਼ਤ ਹੈ।

ਡਾ. ਮਹਿੰਦਰ ਸਿੰਘ ਰੰਧਾਵਾ ਦੀ ਤਾਂ ਜਿੰਨੀ ਤਾਰੀਫ਼ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਹਰ ਚੀਜ਼ ਨੂੰ ਸੁੰਦਰ ਬਣਾਇਆ ਜਾਵੇ ਅਤੇ ਆਪਣੇ ਵਿਰਸੇ ਨੂੰ ਸਾਂਭਿਆ ਜਾਵੇ । ਉਹ ਕਈ ਵਾਰੀ ਆਥਣ ਦੀ ਸੈਰ ਵੇਲੇ ਮੈਨੂੰ ਮਿਲ ਜਾਂਦੇ ਅਤੇ ਇਹੋ ਜਿਹੀਆਂ ਗੱਲਾਂ ਕਰਦੇ। ਉਨ੍ਹਾਂ ਨੂੰ ਬਿਰਖਾਂ, ਫੁੱਲਾਂ, ਫਸਲਾਂ ਨਾਲ ਇਸ਼ਕ ਸੀ। ਇਕ ਵਾਰੀ ਉਨ੍ਹਾਂ ਆਡੀਟੋਰੀਅਮ ਵਿਚ ‘ਭਾਰਤ ਦੇ ਪਵਿੱਤਰ ਬਿਰਖ’ ਤਕਰੀਰ ਕੀਤੀ। ਪਿੱਪਲ ਬਾਰੇ ਦੱਸਿਆ। ਮੈਂ ਉਨ੍ਹਾਂ ਨਾਲ ਸੈਰ ਕਰਦੇ ਕਿਹਾ, ‘ਕੈਂਪਸ ਤੇ ਤੁਸੀਂ ਅਨੇਕ ਪ੍ਰਕਾਰ ਦੇ ਨਵੀਂ ਕਿਸਮ ਦੇ ਦਰਖਤ ਲਗਵਾਏ ਹਨ ਪਰ ਪਿੱਪਲ ਕਿਤੇ ਇਕ ਵੀ ਨਹੀਂ। ਉਨ੍ਹਾਂ ਨੂੰ ਇਹ ਸੁਣ ਕੇ ਹੈਰਾਨੀ ਹੋਈ। ਉਸ ਵੇਲੇ ਪਿੱਪਲ ਦੇ ਦਰਖਤ ਲਈ ਢੁਕਵੀਂ ਥਾਂ ਲੱਭਣ ਲੱਗੇ। ਯੂਨੀਵਰਸਿਟੀ ਦੀ ਮਾਰਕੀਟ ਦੇ ਸਾਹਮਣੇ ਜਗ੍ਹਾ ਦੀ ਚੋਣ ਹੋਈ ਜਿਥੇ ਪਿੱਪਲ ਲਗਵਾ ਦਿੱਤਾ। ਅੱਜ ਵੀ ਜਦ ਮੈਂ ਉਥੋਂ ਦੀ ਲੰਘਦਾ ਹਾਂ ਤਾਂ ਮੈਨੂੰ ਉਨ੍ਹਾਂ ਦੀ ਯਾਦ ਆਉਂਦੀ ਹੈ।

ਖੇਤੀ ਕਾਲਜ ਦੇ ਡੀਨ ਅਵਤਾਰ ਸਿੰਘ ਅਟਵਾਲ ਵੀ ਬੜੇ ਵਧੀਆ ਇਨਸਾਨ ਸਨ। ਹਮੇਸ਼ਾ ਹਾਂ ਪੱਖੀ ਸੋਚ ਰਖਦੇ। ਵਿਦਿਆਰਥੀਆਂ ਦਾ ਭਲਾ ਸੋਚਦੇ। ਮੈਂ ਜਦ ਕਦੀ ਵੀ ਉਨ੍ਹਾਂ ਨੂੰ ਕੋਈ ਸੁਝਾ ਦਿੰਦਾ ਤਾਂ ਉਨ੍ਹਾਂ ਖਿੜੇ ਮੱਥੇ ਮੰਨ ਲੈਣਾ। ਉਨ੍ਹਾਂ ਨੂੰ ਸਾਹਿੱਤ, ਸੰਗੀਤ ਅਤੇ ਸ਼ਾਇਰੀ ਦਾ ਵੀ ਸ਼ੌਂਕ ਸੀ। ਯੂਨੀਵਰਸਿਟੀ ਵਿਚ ਕਈ ਮੁਸ਼ਾਇਰੇ ਕਰਵਾਏ ਗਏ। ਇਕ ਵਾਰੀ ਜਦ ਸਾਹਿਰ ਲੁਧਿਆਣਵੀ ਆਇਆ ਤਾਂ ਮਹਿਫ਼ਲ ਉਨ੍ਹਾਂ ਦੇ ਘਰ ਲੱਗੀ। ਹਰਵਲਭ ਸੰਗੀਤ ਸੰਮੇਲਨ ਲਈ ਰਾਤ ਨੂੰ ਜਲੰਧਰ ਜਾਂਦੇ। ਉਨ੍ਹਾਂ ਦਾ ਇਕ ਵਿਦਿਆਰਥੀ ਸੀ ਗੁਰਮੇਲ ਧਾਲੀਵਾਲ। ਡਾ. ਧਾਲੀਵਾਲ ਦੇ ਪੀ.ਐਚ.ਡੀ. ਦੇ ਮੇਜਰ ਐਗਜਾਮੀਨਰ ਡਾ. ਅਟਵਾਲ ਸਨ। ਗੁਰਮੇਲ ਸਿੰਘ ਆਪ ਤਾਂ ਸੁਨਾਮ ਨੇੜੇ ਦਾ ਹੈ ਪਰ ਉਸ ਦੀ ਬਾਰਾਤ ਮੱਲ੍ਹੇ ਆਉਣੀ ਸੀ। ਡਾ. ਅਟਵਾਲ ਇਸ ਬਾਰਾਤ ਵਿਚ ਸ਼ਾਮਲ ਹੋਣ ਲਈ ਮੈਨੂੰ ਆਪਣੇ ਨਾਲ ਲੈ ਕੇ ਗਏ।

ਡਾ. ਇਕਬਾਲ ਸਿੰਘ ਭਾਟੀਆ, ਜੋ ਬਾਇਓਕੈਮਿਸਟਰੀ ਦੇ ਪ੍ਰੋਫੈਸਰ ਸਨ, ਫੇਰ ਡੀਨ ਵੀ ਬਣੇ, ਵੀ ਕਈ ਸ਼ੌਕ ਰੱਖਦੇ ਸਨ। ਸਾਇੰਸ ਤੋਂ ਇਲਾਵਾ ਸਾਹਿੱਤ ਵਿਚ ਬਹੁਤ ਰੁਚੀ ਰੱਖਦੇ ਸਨ। ਮੇਰੇ ਨਾਲ ਕਿਤਾਬਾਂ ਬਾਰੇ ਵਿਚਾਰ ਵਟਾਂਦਰਾ ਕਰਨਾ। ਉਨ੍ਹਾਂ ਦੀ ਨਿਜੀ ਲਾਇਬ੍ਰੇਰੀ ਵਿਚ ਹਰ ਵਿਸ਼ੇ ‘ਤੇ ਬਹੁਤ ਕਿਤਾਬਾਂ ਸਨ। ਉਨ੍ਹਾਂ ਦੀ ਸੇਵ ਮੁਕਤੀ ਪਿਛੋਂ ਉਨ੍ਹਾਂ ਜਾਂ ਮੇਰੇ ਦਫਤਰ ਆ ਜਾਣਾ ਜਾਂ ਮੈਂ ਉਨ੍ਹਾਂ ਦੇ ਘਰ ਚਲੇ ਜਾਣਾ। ਉਨ੍ਹਾਂ ਨਾਲ ਗੱਲਾਂ ਕਰਕੇ ਇਹ ਮਹਿਸੂਸ ਹੋਣਾ ਕਿ ਬੰਦਾ ਕਿਸੇ ਸੱਭਿਆ ਵਿਅਕਤੀ ਦੀ ਸੰਗਤ ਦਾ ਅਨੰਦ ਮਾਣ ਰਿਹਾ।

ਡਾ. ਕੁਲਬੀਰ ਸਿੰਘ ਗਿੱਲ ਵੀ ਪਿਛੋਂ ਡੀਨ ਬਣੇ। ਉਨ੍ਹਾਂ ਨਾਲ ਮੈਂ ਟੈਨਿਸ ਖੇਡਦਾ ਹੁੰਦਾ ਸੀ। ਉਹ ਵੀ ਬੜੇ ਨੇਕ ਇਨਸਾਨ ਹਨ। ਸਾਦਾ ਅਤੇ ਸਪੱਸ਼ਟ ਗੱਲ ਕਰਨ ਵਾਲੇ। ਮੇਰੇ ਨਾਲ ਪਹਿਲਾਂ ਤੋਂ ਹੀ ਉਨ੍ਹਾਂ ਦਾ ਮਿੱਤਰਾਂ ਵਾਲਾ ਰਿਸ਼ਤਾ ਰਿਹਾ। ਅਸੀਂ ਇਕੱਠੇ ਸੈਰ ਵੀ ਕਰਦੇ ਰਹੇ। ਅੱਜਕਲ੍ਹ ਆਪਣੇ ਪੁੱਤਰਾਂ ਕੋਲ ਅਮਰੀਕਾ ਚਲੇ ਗਏ ਹਨ ਪਰ ਕਦੀ ਕਦਾਈਂ ਸੁਖ ਸਾਂਦ ਦਾ ਸੁਨੇਹਾ ਆ ਜਾਂਦਾ ਹੈ।

                                                                       (7)

ਸਪੀਕਰਜ਼ ਯੂਨੀਅਨ ਦੇ ਇੰਚਾਰਜ ਵਜੋਂ ਮੈਂ ਕਈ ਪ੍ਰੋਗਰਾਮ ਕਰਵਾਏ।  ਇਕ ਵਾਰੀ ਮੈਂ ਕਿਹਾ ‘ਹੀਰ ਡੇ’ ਮਨਾਈਏ। ਆਡੀਟੋਰੀਅਮ ਵਿਚ ਪ੍ਰੋਗਰਾਮ ਹੋਇਆ। ਪਹਿਲੀ ਵਾਰੀ ਅਸੀਂ ਪੰਜਾਹ ਪੈਸੇ ਦੀ ਟਿਕਟ ਰੱਖੀ। ਸਰੋਤੇ ਹੁਮ ਹੁਮਾ ਕੇ ਆਏ। ਹਾਲ ਪੂਰਾ ਭਰਿਆ ਹੋਇਆ। ਅਸੀਂ ਹੀਰ ਦੀ ਕਹਾਣੀ ਦੱਸੀ ਅਤੇ ਫੇਰ ਵੱਖ ਵੱਖ ਢੰਗਾਂ ਨਾਲ ਹੀਰ ਗਵਾਈ। ਪ੍ਰੋਗਰਾਮ ਬੇਹੱਦ ਪਸੰਦ ਕੀਤਾ ਗਿਆ। ਪ੍ਰੋਗਰਾਮ ਦੇ ਖ਼ਤਮ ਹੋਣ ਪਿਛੋਂ ਇਕ ਮੁੰਡਾ ਮੈਨੂੰ ਆ ਕੇ ਪੁੱਛਦਾ ‘ਸਰ, ਹੀਰ ਕੌਰ ਕਿਥੋਂ ਦੀ ਸੀ’। ਉਸ ਦੀ ਮਾਸੂਮੀਅਤ ਤੇ ਮੈਨੂੰ ਹਾਸਾ ਆਇਆ। ਨਾਲੇ ਇਹ ਮਹਿਸੂਸ ਹੋਇਆ ਕਿ ਹੀਰ, ਸੱਸੀ, ਸੋਹਣੀ ਨੂੰ ਮਜ਼ਹਬ ਦੇ ਨਾਂ ‘ਤੇ ਵੰਡਿਆ ਨਹੀਂ ਜਾ ਸਕਦਾ। ਉਹ ਪੰਜਾਬੀਆਂ ਦੀਆਂ ਨਾਇਕਾਵਾਂ ਹਨ।

ਸੁਭਾਸ਼ ਚੰਦਰ ਬੋਸ ਵਲੋਂ ਮਲਾਇਆ ਵਿਚ ਆਜ਼ਾਦੀ ਤੋਂ ਪਹਿਲਾਂ ਆਜਾਦ ਭਾਰਤ ਸਰਕਾਰ ਸਥਾਪਤ ਕਰਨ ਦੀ ਸਿਲਵਰ ਜੁਬਲੀ ਅਸੀਂ ਯੂਨੀਵਰਸਿਟੀ ਵਿਚ ਮਨਾਈ। ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਲੈਫਟੀਨੈਂਟ ਜਨਰਲ ਸੰਤ ਸਿੰਘ ਸੇਖੋਂ ਨੂੰ ਸੱਦਿਆ ਅਤੇ ਵਿਸ਼ੇਸ਼ ਮਹਿਮਨ ਵਜੋਂ ਆਜ਼ਾਦ ਹਿੰਦ ਫੌਜ ਦੇ ਜਨਰਲ ਮੋਹਨ ਸਿੰਘ ਨੂੰ ਬੁਲਾਇਆ। ਮੋਹਨ ਸਿੰਘ ਅੰਗਰੇਜ਼ੀ ਫੌਜ ਵਿਚ ਕਪਤਾਨ ਸਨ ਅਤੇ ਉਸੇ ਪਲਟਨ ਦਾ ਕਮਾਂਡਿੰਗ ਅਫ਼ਸਰ ਉਸ ਵੇਲੇ ਦਾ ਲੈਫਟੀਨੈਂਟ ਕਰਨਲ ਸੰਤ ਸਿੰਘ ਸੇਖੋਂ ਸੀ। ਮੋਹਨ ਸਿੰਘ ਜਾਪਾਨੀਆਂ ਦੀ ਕੈਦ ਵਿਚ ਆ ਗਿਆ ਸੀ ਅਤੇ ਉਸ ਨੇ ਭਾਰਤੀ ਕੈਦੀਆਂ ਨੂੰ ਇਕੱਠੇ ਕਰਕੇ ਆਜ਼ਾਦ ਹਿੰਦ ਫੌਜ ਬਣਾਈ ਜੋ ਅੰਗਰੇਜ਼ਾਂ ਦੇ ਵਿਰੁੱਧ ਲੜੀ। ਇਸ ਫੰਕਸ਼ਨ ਵਿਚ ਉਸ ਨੇ ਸਿਆਸੀ ਭਾਸ਼ਨ ਦਿੱਤਾ ਅਤੇ ਆਪਣੇ ਗੁਣ ਗਾਏ। ਜਨਰਲ ਸੰਤ ਸਿੰਘ ਸੇਖੋਂ ਨੇ ਆਪਣੀ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਮੋਹਨ ਸਿੰਘ ਆਪਣੇ ਪੱਖ ਵਿਚ ਜੋ ਮਰਜ਼ੀ ਕਹੇ ਪਰ ਉਹ ਸਮਝਦੇ ਹਨ ਕਿ ਉਸ ਨੇ ਬਗਾਵਤ ਕਰਕੇ ਆਪਣੀ ਫੌਜ ਵਿਚ ਕਮਿਸ਼ਨ ਲੈਣ ਵੇਲੇ ਖਾਧੀ ਕਸਮ ਦਾ ਨਿਰਾਦਰ ਕੀਤਾ ਅਤੇ ਉਹ ਇਸ ਨੂੰ ਸਹੀ ਨਹੀਂ ਸਮਝਦੇ। ਦੋਵੇਂ ਪ੍ਰਸਿੱਧ ਮਹਿਮਾਨਾਂ ਦੇ ਮਤਭੇਦ ਨੂੰ ਸਰੋਤਿਆਂ ਨੇ ਪਸੰਦ ਕੀਤਾ।

23 ਨਵੰਬਰ 1970 ਨੂੰ ਗੋਰਮਿੰਟ ਕਾਲਜ ਦੀ ਗੋਲਡਨ ਜੁਬਲੀ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਤੇ ਡਾਕਟਰ ਮੁਹੰਮਦ ਜਹਾਂਗੀਰ ਖਾਨ ਆਏ ਸਨ। ਉਹ 1947 ਦੀ ਵੰਡ ਵੇਲੇ ਇਸ ਕਾਲਜ ਦੇ ਪ੍ਰਿੰਸੀਪਲ ਸਨ। ਉਨ੍ਹਾਂ ਨਾਲ ਜਾਣ ਪਹਿਚਾਣ ਪ੍ਰੋ. ਮਹਿੰਦਰ ਸਿੰਘ ਚੀਮਾ ਨੇ ਕਰਵਾਈ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਸਾਡੀ ਯੂਨੀਵਰਸਿਟੀ ਵਿਚ ਭਾਸ਼ਨ ਦੇਣ। ਉਹ ਮੰਨ ਗਏ। ਮੈਂ ਇਸ ਸਮਾਗਮ ਦਾ ਇੰਤਜ਼ਾਮ ਕੀਤਾ। ਹਾਲ ਵਿਚ ਤਿਲ ਧਰਨ ਨੂੰ ਥਾਂ ਨਹੀਂ ਸੀ। ਲੋਕ ਹਾਲ ਵਿਚ ਅਤੇ ਬਾਹਰ ਵੀ ਖੜ੍ਹੇ ਸਨ। ਉਸ ਤੋਂ ਪਹਿਲਾਂ ਕਿਸੇ ਪਾਕਿਸਤਾਨੀ ਨੂੰ ਸੁਣਨ ਦਾ ਸਾਨੂੰ ਘੱਟ ਹੀ ਮੌਕਾ ਮਿਲਿਆ ਸੀ । ਜਹਾਂਗੀਰ ਖਾਨ ਤਾਂ ਵੈਸੇ ਵੀ ਮਸ਼ਹੂਰ ਸਨ। ਉਹ ਅਣਵੰਡੇ ਭਾਰਤ ਦੀ ਕ੍ਰਿਕਟ ਟੀਮ ਵਿਚ ਤੇਜ਼ ਗੇਂਦਬਾਜ਼ ਸਨ। ਉਨ੍ਹਾਂ ਦੱਸਿਆ ਕਿ ਇਕ ਮੈਚ ਦੌਰਾਨ ਉਨ੍ਹਾਂ ਦੀ ਤੇਜ਼ ਗੇਂਦ ਵੱਜਣ ਕਰਕੇ ਇਕ ਚਿੜੀ ਮਰ ਗਈ ਸੀ ਜਿਸ ਨੂੰ ਲੰਡਨ ਵਿਚ ਐਮ.ਸੀ.ਸੀ. ਦੇ ਹੈਡਕੁਆਰਟਰ ਵਿਚ ‘ਸਟਫ’ ਕਰਕੇ ਅੱਜ ਤੱਕ ਰੱਖਿਆ ਹੋਇਆ ਹੈ। ਜਦ ਵਾਪਸ ਆਏ ਤਾਂ ਉਨ੍ਹਾਂ ਦੇ ਪਠਾਣ ਭਰਾ ਉਨ੍ਹਾਂ ਨੂੰ ਇਹ ਕਹਿ ਕੇ ਚੜਾਉਣ ‘ਦੁਨੀਆਂ ਵਿਚ ਪਠਾਣ ਤਾਂ ਸ਼ੇਰ ਮਾਰ ਖਾਂ ਵਜੋਂ ਜਾਣੇ ਜਾਤੇ ਹੈਂ ਮੀਆਂ ਤੁਮ ਨੇ ਤੋ ਚਿੜੀ ਮਾਰ ਖਾਂ ਬਨ ਕੇ ਹਮਾਰੀ ਮੂੰਛ ਨੀਚੀ ਕਰ ਦੀ’। ਉਸ ਵੇਲੇ ਪਾਕਿਸਤਾਨ ਵਿਚ ਫੌਜੀ ਰਾਜ ਸੀ ਅਤੇ ਯਹੀਆ ਖਾਨ ਦੀ ਤਾਨਾਸ਼ਾਹੀ ਹਕੂਮਤ ਸੀ। ਇਸ ਕਰਕੇ ਉਨ੍ਹਾਂ ਨੇ ਕੋਈ ਸਿਆਸੀ ਟਿੱਪਣੀ ਤਾਂ ਨਾ ਕੀਤੀ ਪਰ ਕਿਹਾ ਕਿ 1947 ਦੀ ਕਤਲੋਗਾਰਤ ਲਈ ਹਿੰਦੁਸਤਾਨ ਅਤੇ ਪਾਕਿਸਤਾਨ ਦੋਵੇਂ ਧਿਰਾਂ ਜ਼ਿੰਮੇਵਾਰ ਸਨ ਅਤੇ ਦੋਨਾਂ ਮੁਲਕਾਂ ਨੂੰ ਤਾਰੀਖ਼ ਤੋਂ ਸਬਕ ਲੈ ਕੇ ਅੱਛੇ ਹਮਸਾਇਆਂ ਵਾਂਗ ਰਹਿਣਾ ਚਾਹੀਦਾ ਹੈ। ਅਫ਼ਸੋਸ ਹੈ ਕਿ ਅਗਲੇ ਸਾਲ ਹੀ ਯਹੀਆ ਖਾਂ ਦੀ ਹੈਂਕੜਬਾਜ਼ੀ ਕਰਕੇ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਹੋਈ ਅਤੇ ਪਾਕਿਸਤਾਨ ਦੋ ਫਾੜ ਹੋ ਗਿਆ ਅਤੇ ਇਸ ਦਾ ਪੂਰਬੀ ਹਿੱਸਾ ਬੰਗਲਾ ਦੇਸ਼ ਬਣ ਗਿਆ।

ਸਮੁੱਚੇ ਤੌਰ ‘ਤੇ ਮੈਨੂੰ ਪੀ.ਏ.ਯੂ. ਦੀਆਂ ਮਿੱਠੀਆਂ ਯਾਦਾਂ ਹਨ। ਇਕ ਵੀ ਫਿੱਕੀ ਜਾਂ ਕੌੜੀ ਯਾਦ ਨਹੀਂ। ਪੁਰਾਣੇ ਵਿਦਿਆਰਥੀਆਂ ਅਤੇ ਸਹਿਕਰਮੀਆਂ ਨੂੰ ਮਿਲ ਕੇ ਹੁਣ ਵੀ ਦਿਲ ਖੁਸ਼ ਹੁੰਦਾ ਹੈ। 31 ਅਗਸਤ 1994 ਨੂੰ ਮੈਂ ਸੇਵਾ-ਮੁਕਤ ਹੋਇਆ ਤਾਂ ਮੇਰੀ ਵਿਦਾਇਗੀ ਪਾਰਟੀ ਵਿਚ ਵਾਈਸ-ਚਾਂਸਲਰ ਡਾ. ਅਮਰਜੀਤ ਸਿੰਘ ਖਹਿਰਾ ਵੀ ਸ਼ਾਮਲ ਹੋਏ।

______________________________________________________________________________________________

Compilation By : Brij Bhushan Goyal for this portal .

1 comment

Raju William May 6, 2025 at 12:29 pm

ਪ੍ਰੋ. ਡਾ਼ ਅਮਰਜੀਤ ਸਿੰਘ ਦੀਆਂ ਪੀਏਯੂ ਨਾਲ ਸਬੰਧਤ ਯਾਦਾਂ ਦੇ ਝਰੋਖੇ ਚੋਂ ਬਤੌਰ ਅਧਿਆਪਕ ਉਨ੍ਹਾਂ ਦੇ ਬੇਸ਼ਕੀਮਤੀ ਅਨੁਭਵ ਨੂੰ ਸਾਡੇ ਤੱਕ ਪੁੱਜਦਾ ਕਰਨ ਲਈ ਗਲੋਬਲ ਟਾਕ ਵੈਬ ਪੋਰਟਲ ਧੰਨਵਾਦ ਦਾ ਹੱਕਦਾਰ ਹੈ।

Reply

Leave a Comment