The Global Talk
Diaspora Literary Archives Literary Desk News & Views Open Space Punjabi-Hindi

Gurbhajan Gill’s song anthology ‘Pipple Pattiyan’ is a long story of global concerns-Dr. S S Johal

ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ਪਿੱਪਲ ਪੱਤੀਆਂ ਧਰਤੀ ਦੇ ਫ਼ਿਕਰਾਂ ਦੀ ਲੰਮੀ ਦਾਸਤਾਨ ਹੈ- ਡਾਃ ਸ ਸ ਜੌਹਲ ।ਗੀਤ ਸੰਗ੍ਰਹਿ ਲੋਕ ਅਰਪਨ ।

ਲੁਧਿਆਣਾਃ2ਮਈ

ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ਪਿੱਪਲ ਪੱਤੀਆਂ ਧਰਤੀ ਦੇ ਫ਼ਿਕਰਾਂ ਦੀ ਲੰਮੀ ਦਾਸਤਾਨ ਹੈ। ਅੱਜ ਲੁਧਿਆਣਾ ਸਥਿਤ ਪਿੰਕੀ ਜੌਹਲ ਹਰਬਲ ਪਾਰਕ ਠੱਕਰਵਾਲ ਵਿਖੇ ਇਸ ਗੀਤ ਸੰਗ੍ਰਹਿ ਨੂੰ ਲੋਕ ਅਰਪਨ ਕਰਦਿਆਂ ਪਦਮ ਭੂਸ਼ਨ ਡਾਃ ਸ ਸ ਜੌਹਲ ਸਾਬਕਾ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਨੇ ਕਿਹਾ ਕਿ ਮੈਂ ਗੁਰਭਜਨ ਗਿੱਲ ਦੀਆਂ ਲਗਪਗ ਸਭ ਲਿਖਤਾਂ ਪੜ੍ਹੀਆਂ ਹਨ ਅਤੇ ਉਸ ਦੀ ਲੋਕ ਜ਼ਬਾਨ ਵਿੱਚ ਕੀਤੀ ਸਿਰਜਣਾ ਕਾਰਨ ਉਸ ਦੀ ਲਿਖਤ ਦਾ ਮੇਰੇ ਮਨ ਵਿੱਚ ਸਤਿਕਾਰ ਹੈ।

ਡਾਃ ਜੌਹਲ ਨੇ ਕਿਹਾ ਕਿ ਛੰਦਬੱਧ ਲਿਖਤ ਪਿੱਪਲ ਪੱਤੀਆਂ ਨੂੰ  ਧਰਤੀ ਦੀ ਵਿਸ਼ਾਲ ਆਰਟ ਗੈਲਰੀ ਵਾਲੇ ਖੇਤਾਂ ਵਿਚ ਲੋਕ ਹਵਾਲੇ ਕਰਨਾ ਵੀ ਨਿਵੇਕਲੀ ਪਹਿਲ ਕਦਮੀ ਹੈ, ਜਿਸ ਦੀ ਰੀਸ ਕਰਨੀ ਬਣਦੀ ਹੈ।

ਡਾਃ ਸ ਸ ਜੌਹਲ, ਡਾਃ ਸੁਰਜੀਤ ਪਾਤਰ, ਗੁਰਚਰਨ ਕੌਰ ਕੋਚਰ, ਤੇਜ ਪਰਤਾਪ ਸਿੰਘ ਸੰਧੂ, ਰਣਜੋਧ ਸਿੰਘ ਤੇ ਗੁਰਭਜਨ ਗਿੱਲ ਦੀ ਪੋਤਰੀ ਅਸੀਸ ਕੌਰ ਗਿੱਲ ਨੇ ਇਸ ਗੀਤ ਸੰਗ੍ਰਹਿ ਨੂੰ ਲੋਕ ਅਰਪਨ ਕੀਤਾ।

ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਸ਼੍ਰੇਸ਼ਟ ਕਵੀ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ  ਗੁਰਭਜਨ ਗਿੱਲ ਦੀ ਹਰ ਲਿਖਤ ਵਿੱਚ ਇਸ ਧਰਤੀ ਦੇ ਹੌਕੇ ਹਾਵੇ, ਉਦਰੇਵੇਂ ਤਾਂ ਬੋਲਦੇ ਹੀ ਹਨ ਨਾਲ ਹੀ ਉਸ ਦੇ ਗੀਤ ਕਿਸੇ ਵੱਡੀ ਲੜਾਈ ਨੂੰ ਲੜਨ ਦੀ ਲੋੜ ਦਾ ਅਹਿਸਾਸ ਵੀ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਕੁਦਰਤ ਦੀ ਬੁੱਕਲ ਵਿੱਚ ਇਸ ਗੀਤ ਸੰਗ੍ਰਹਿ ਦਾ ਲੋਕ ਸਮਰਪਨ ਹੋਣਾ ਨਵੀਂ ਪਹਿਲ ਕਦਮੀ ਹੈ ਜੋ ਸਵਾਗਤਯੋਗ ਹੈ।

ਪੁਸਤਕ ਬਾਰੇ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਰਣਜੋਧ ਸਿੰਘ, ਤੇਜ ਪਰਤਾਪ ਸਿੰਘ ਸੰਧੂ ਤੇ ਜਨਮੇਜਾ ਸਿੰਘ ਜੌਹਲ ਨੇ ਵੀ ਆਪਣੇ ਵਿਚਾਰ ਰੱਖੇ।

ਇਸ ਮੌਕੇ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਮੇਰਾ ਪਹਿਲਾ ਗੀਤ ਸੰਗ੍ਰਹਿ ਫੁੱਲਾਂ ਦੀ ਝਾਂਜਰ 2005 ਵਿੱਚ ਛਪਿਆ ਸੀ ਅਤੇ ਡਾਃ ਆਤਮਜੀਤ ਨੇ ਉਸ ਵੇਲੇ ਮੈਨੂੰ ਹਲਾਸ਼ੇਰੀ ਦੇ ਕੇ ਇਸ ਮਾਰਗ ਤੇ ਲਗਾਤਾਰ ਤੁਰੇ ਰਹਿਣ ਦੀ ਪ੍ਰੇਰਨਾ ਦਿੱਤੀ ਸੀ। ਪਿੱਪਲ ਪੱਤੀਆਂ ਗੀਤ ਸੰਗ੍ਰਹਿ ਰਾਹੀਂ ਮੈਂ ਉਹੀ ਇਕਰਾਰ ਪੂਰਾ ਕਰ ਰਿਹਾਂ, ਜੋ ਮੈਂ ਆਪਣੇ ਆਪ ਨਾਲ ਕੀਤਾ ਸੀ ਕਿ ਗੀਤ ਨੂੰ ਹਰ ਪਲ ਅੰਗ ਸੰਗ ਰੱਖਣਾ ਹੈ। ਇਸ ਗੀਤ ਸੰਗ੍ਰਹਿ ਰਾਹੀਂ ਮੈਂ ਧਰਤੀ ਦੇ ਅੱਥਰੂ ਸ਼ਬਦਾਂ ਹਵਾਲੇ ਕੀਤੇ ਹਨ। ਮੇਰੇ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਇਸ ਵਿੱਚ ਮੇਰੀ ਸਾਢੇ ਤਿੰਨ ਸਾਲ ਦੀ ਪੋਤਰੀ ਦਾ ਬਣਾਇਆ ਰੇਖਾਂਕਣ ਵੀ ਪ੍ਰਕਾਸ਼ਿਤ ਹੋਇਆ ਹੈ। ਮੈਂ ਆਪਣੇ ਵਡਪੁਰਖਿਆਂ ਉਸਤਾਦ ਜਸਵੰਤ ਭੰਵਰਾ, ਸ਼ੌਕਤ ਅਲੀ , ਅਮਰਜੀਤ ਗੁਰਦਾਸਪੁਰੀ ਅਤੇ ਕੈਨੇਡਾ ਵੱਸਦੇ ਸੁਰੀਲੇ ਮਿੱਤਰ ਸੁਰਜੀਤ ਸਿੰਘ ਮਾਧੋਪੁਰੀ ਨੂੰ ਸਮਰਪਿਤ ਕੀਤਾ ਹੈ।  ਇਹ ਪੁਸਤਕ ਭਾਵੇਂ ਸਵੀਨਾ ਪ੍ਰਕਾਸ਼ਨ ਅਮਰੀਕਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਨੇ ਪ੍ਰਕਾਸ਼ਿਤ ਕੀਤੀ ਹੈ ਪਰ ਇਸ ਦਾ ਵਿਤਰਨ ਸਿੰਘ ਬਰਦਰਜ਼ ਅੰਮ੍ਰਿਤਸਰ ਰਾਹੀਂ ਕੀਤਾ ਜਾ ਰਿਹਾ ਹੈ।

ਇਸ ਮੌਕੇ ਉੱਘੇ ਲੋਕ ਗਾਇਕ ਪਾਲੀ ਦੇਤਵਾਲੀਆ ਅਤੇ ਤ੍ਰੈਲੋਚਨ ਲੋਚੀ ਨੇ ਗੁਰਭਜਨ ਗਿੱਲ ਦੀਆਂ ਰਚਨਾਵਾਂ ਗਾ ਕੇ ਸੁਣਾਈਆਂ।

ਸਮਾਗਮ ਵਿੱਚ ਡਾਃ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਗੁਰਭਜਨ ਗਿੱਲ ਦੇ ਵੱਡੇ ਵੀਰ ਪ੍ਰੋਃ ਸੁਖਵੰਤ ਸਿੰਘ ਗਿੱਲ ਸਿਡਨੀ, ਪਰਵੇਜ਼ ਸੰਧੂ ਕਹਾਣੀਕਾਰ ਅਮਰੀਕਾ, ਸੁਖਜੀਤ ਮਾਛੀਵਾੜਾ, ਪ੍ਰੋਃ ਰਵਿੰਦਰ ਭੱਠਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ , ਪਿਰਥੀਪਾਲ ਸਿੰਘ ਹੇਅਰ ਪ੍ਰਧਾਨ ਸੁਰਜੀਤ ਸਪੋਰਟਸ ਬਟਾਲਾ,ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਤੇ ਅੰਮ੍ਰਿਤਪਾਲ ਸਿੰਘ ਗਰੇਵਾਲ, ਡਾਇਰੈਕਟਰ ਮਾਲਵਾ ਟੀ ਵੀ ਦੇ ਸੰਦੇਸ਼ ਵੀ ਪੁੱਜੇ।

ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਸਜੀਤ ਸਿੰਘ ਨੱਤ ਯੂ ਐੱਸ ਏ,ਗੁਰਭਜਨ ਗਿੱਲ ਦੀ ਜੀਵਨ ਸਾਥਣ ਜਸਵਿੰਦਰ ਕੌਰ, ਬੇਟੀ ਰਵਨੀਤ ਕੌਰ, ਪੁੱਤਰ ਪੁਨੀਤਪਾਲ ਸਿੰਘ ਗਿੱਲ, ਡਾਃ ਬਲਵਿੰਦਰ ਸਿੰਘ ਕਾਲੀਆ, ਕੰਵਲਜੀਤ ਸਿੰਘ ਸ਼ੰਕਰ,ਅਮਨਦੀਪ ਸਿੰਘ ਫੱਲ੍ਹੜ, ਸਰਬਜੀਤ ਵਿਰਦੀ, ਅਮਰਜੀਤ ਸਿੰਘ ਪੰਜਾਬ ਡਾਇਰੈਕਟਰੀ, ਮਿਸਜ਼ ਅਮਰਜੀਤ ਸਿੰਘ,ਗੁਰਮੀਤ ਸਿੰਘ ਫੋਟੋ ਆਰਟਿਸਟ, ਪ੍ਰਿਤਪਾਲ ਸਿੰਘ, ਪ੍ਰਭਜੋਤ ਸਿੰਘ ਖੰਨਾ ਤੋਂ ਇਲਾਵਾ ਕਈ ਹੋਰ ਮਹੱਤਵ ਪੂਰਨ ਵਿਅਕਤੀ ਹਾਜ਼ਰ ਸਨ।ਇਸ ਮੌਕੇ ਜਨਮੇਜਾ ਸਿੰਘ ਜੌਹਲ ਵੱਲੋਂ ਤਿਆਰ ਗੁਰਮੁਖੀ ਵਰਣਮਾਲਾ ਦੀ ਤਖ਼ਤੀ ਵੀ ਸਨਮਾਨ ਚਿੰਨ੍ਹ ਵਜੋਂ ਗੁਰਭਜਨ ਗਿੱਲ ਤੇ ਆਏ ਮਹਿਮਾਨਾਂ ਨੂੰ ਭੇਂਟ ਕੀਤੀ ਗਈ। ਡਾਃ ਸੁਰਜੀਤ ਪਾਤਰ ਨੇ ਜਨਮੇਜਾ ਸਿੰਘ ਜੌਹਲ ਦੀ ਇਸ ਸਿਰਜਣਾਤਮਕ ਪਹਿਲ ਕਦਮੀ ਦੀ ਸ਼ਲਾਘਾ ਕੀਤੀ।

Leave a Comment